ਗੁਰਦਾਸਪੁਰ : ਪੰਜਾਬ ਵਿੱਚ ਸਪੈਸ਼ਲ ਬੱਚਿਆਂ ਲਈ ਸਰਕਾਰਾਂ ਵੱਲੋਂ ਬਹੁਤ ਕੁਝ ਕਰਨ ਦੇ ਦਾਅਵੇ ਤਾਂ ਕੀਤੇ ਜਾਂਦੇ ਹਨ ਪਰ ਇਹ ਦਾਅਵੇ ਜ਼ਮੀਨੀ ਹਕੀਕਤ ਤੋਂ ਬਹੁਤ ਦੂਰ ਹਨ। ਇਸ ਦੀ ਇੱਕ ਉਦਾਹਰਨ ਹੈ 20 ਵਰਿਆਂ ਦਾ ਜਮਾਂਦਰੂ ਨੇਤਰਹੀਣ ਗੁਰਸਿੱਖ ਨੌਜਵਾਨ ਗੁਰਸ਼ਰਨ ਸਿੰਘ, ਜਿਸ ਨੇ ਬਚਪਨ ਤੋਂ ਹੀ ਆਪਣੀ ਸਰੀਰਕ ਕਮੀ ਨਾਲ ਲੜਨ ਦਾ ਜਜ਼ਬਾ ਦਿਲ ਵਿੱਚ ਪਾਲਿਆ ਸੀ ਤੇ ਸੱਤ ਵਰਿਆਂ ਦੀ ਉਮਰ ਵਿੱਚ ਯਤੀਮਖਾਨੇ ਤੋਂ ਪੜ੍ਹਾਈ ਦੇ ਨਾਲ-ਨਾਲ ਰੂਹਾਨੀ ਸੰਗੀਤ ਦੀ ਸਿੱਖਿਆ ਲੈਣੀ ਸ਼ੁਰੂ ਕਰ ਦਿੱਤੀ। ਆਪਣੀ ਮਿਹਨਤ ਦੀ ਬਦੌਲਤ ਆਪਣੇ ਅੰਦਰ ਦੇ ਰੱਬੀ ਹੁਨਰ ਨੂੰ ਨਿਖਾਰਿਆ ਅਤੇ ਸ਼ਬਦ ਗਾਉਣ ਅਤੇ ਤਬਲਾ ਵਜਾਉਣ ਦੀ ਕਾਬਲੀਅਤ ਹਾਸਿਲ ਕੀਤੀ ਹੈ।
ਪਿਤਾ ਦੀ ਬਿਮਾਰੀ ਕਾਰਨ ਹੋ ਗਈ ਸੀ ਮੌਤ
ਦਸਵੀਂ ਤੱਕ ਬਰੇਨ ਲਿਪੀ ਰਾਹੀ ਪੜ੍ਹਾਈ ਕੀਤੀ ਅਤੇ ਬਾਰਵੀਂ ਅੰਮ੍ਰਿਤਸਰ ਦੇ ਆਮ ਸਰਕਾਰੀ ਸਕੂਲ ਵਿੱਚ ਉੱਥੋਂ ਦੇ ਹੋਰ ਵਿਦਿਆਰਥੀਆਂ ਦੇ ਸਹਿਯੋਗ ਨਾਲ ਪੂਰੀ ਕਰ ਲਈ। ਅੱਗੋਂ ਪੜ੍ਹਨਾ ਚਾਹੁੰਦਾ ਸੀ ਪਰ ਬੀਏ ਪਹਿਲੇ ਸਾਲ ਦਾ ਪ੍ਰਾਈਵੇਟ ਤੌਰ 'ਤੇ ਇੱਕ ਪੇਪਰ ਹੀ ਦੇ ਪਾਇਆ, ਦੂਜੇ ਪੇਪਰ ਵਿੱਚ 'ਰਾਈਟਰ' ਨਹੀਂ ਮਿਲਿਆ। ਫਿਰ ਵੀ ਬੀਏ ਕਰਨ ਦੀ ਆਸ ਲੈ ਕੇ ਪਿਛਲੇ ਸਾਲ ਸਰਕਾਰੀ ਕਾਲਜ ਵਿਖੇ ਗਿਆ ਪਰ ਐਡਮਿਸ਼ਨ ਨਹੀਂ ਮਿਲੀ। 14 ਸਾਲ ਦੀ ਉਮਰ ਸੀ ਜਦੋਂ ਪਿਤਾ ਦੀ ਬਿਮਾਰੀ ਕਾਰਨ ਮੌਤ ਹੋ ਗਈ ਸੀ। ਮਾਂ ਲੋਕਾਂ ਦੇ ਘਰਾਂ ਵਿੱਚ ਕੰਮ ਕਰਕੇ ਜਾਂ ਫਿਰ ਐਤਵਾਰ ਨੂੰ ਗੁਰਦੁਆਰਾ ਸਾਹਿਬ ਦੇ ਅੱਗੇ ਖਿਡੌਣੇ ਵੇਚ ਕੇ ਕਿਸੇ ਤਰ੍ਹਾਂ ਬੱਚਿਆਂ ਨੂੰ ਪਾਲਦੀ ਰਹੀ ਤੇ ਗੁਰਸ਼ਰਨ ਸਿੰਘ ਨੇ ਵੀ ਸ਼ਬਦ ਗਾਇਨ ਅਤੇ ਕੀਰਤਨ ਕਰਨਾ ਸ਼ੁਰੂ ਕਰ ਦਿੱਤਾ।
ਨਾ ਤਾਂ ਸਰਕਾਰੀ ਤੌਰ 'ਤੇ ਅਤੇ ਨਾ ਹੀ ਕਿਸੇ ਜਥੇਬੰਦੀ ਵੱਲੋਂ ਸਹਿਯੋਗ ਮਿਲਿਆ
ਇੱਕ ਕਮਰੇ ਵਾਲਾ ਬਿਨਾਂ ਛੱਤ ਤੋਂ ਕੱਚਾ ਘਰ ਤਾਂ ਸਰਕਾਰੀ ਗਰਾਂਟ ਨਾਲ ਪੱਕਾ ਬਣ ਗਿਆ ਹੈ ਪਰ ਗੁਲਸ਼ਨ ਸਿੰਘ ਨੂੰ ਸੰਗੀਤ ਅਤੇ ਉਚੇਰੀ ਸਿੱਖਿਆ ਹਾਸਿਲ ਕਰਨ ਲਈ ਨਾ ਤਾਂ ਸਰਕਾਰੀ ਤੌਰ 'ਤੇ ਅਤੇ ਨਾ ਹੀ ਕਿਸੇ ਜਥੇਬੰਦੀ ਵੱਲੋਂ ਸਹਿਯੋਗ ਮਿਲਿਆ। ਸਾਧਨਾਂ ਦੀ ਕਮੀ ਕਾਰਨ ਗੁਰਸ਼ਰਨ ਸਿੰਘ ਦਾ ਹੁਨਰ ਵੀ ਦੱਬ ਕੇ ਰਹਿ ਗਿਆ ਹੈ। ਉੱਥੇ ਹੀ ਪੇਂਟਿੰਗ ਦੀ ਦੁਨੀਆਂ ਵਿੱਚ ਅੰਤਰਰਾਸ਼ਟਰੀ ਪੱਧਰ 'ਤੇ ਨਾਮ ਖੱਟ ਚੁੱਕੇ ਚਿੱਤਰਕਾਰ ਜਸਬੀਰ ਸਿੰਘ ਵਿਰਕ ਨੇ ਕਿਹਾ ਕਿ ਸਰਕਾਰ ਅਤੇ ਧਾਰਮਿਕ ਸੰਗਠਨਾਂ ਨੂੰ ਅਜਿਹੇ ਵਿਸ਼ੇਸ਼ ਜ਼ਰੂਰਤਾਂ ਵਾਲੇ ਹੁਨਰਮੰਦ ਵਿਦਿਆਰਥੀਆਂ ਨੂੰ ਅੱਗੇ ਵਧਣ ਦਾ ਮੌਕਾ ਦੇਣਾ ਚਾਹੀਦਾ ਹੈ।