ਲੁਧਿਆਣਾ: ਸਿਵਲ ਹਸਪਤਾਲ ਵਿੱਚੋਂ ਇੱਕ ਡਾਕਟਰ ਵੱਲੋਂ ਗਰਭਵਤੀ ਮਹਿਲਾਵਾਂ ਦੇ ਅਲਟਰਾਸਾਊਂਡ ਕਰਵਾਉਣ ਲਈ ਉਹਨਾਂ ਨੂੰ ਆਪਣੀ ਨਿੱਜੀ ਲੈਬ ਦੇ ਵਿੱਚ ਭੇਜਿਆ ਜਾ ਰਿਹਾ ਸੀ ਅਤੇ ਦੋ ਮਹੀਨੇ ਦੇ ਵਿੱਚ ਉਸ ਨੇ ਕਈ ਮਹਿਲਾਵਾਂ ਨੂੰ ਆਪਣੀ ਨਿੱਜੀ ਲੈਬ ਦੇ ਵਿੱਚ ਭੇਜ ਦਿੱਤਾ। ਜਦੋਂ ਕਿ ਲੁਧਿਆਣਾ ਦੇ ਸਿਵਲ ਹਸਪਤਾਲ ਦੇ ਵਿੱਚ ਅਲਟਰਾਸਾਊਂਡ ਪੂਰੀ ਤਰ੍ਹਾਂ ਮੁਫਤ ਕਰਵਾਇਆ ਜਾਂਦਾ ਹੈ।
ਇਸ ਸਬੰਧੀ ਲੁਧਿਆਣਾ ਦੇ ਸਿਵਲ ਸਰਜਨ ਵੱਲੋਂ ਜਦੋਂ ਜਾਂਚ ਕੀਤੀ ਗਈ ਤਾਂ ਪਾਇਆ ਗਿਆ ਕਿ ਡਾਕਟਰ ਦੇ ਖਿਲਾਫ ਜੋ ਸ਼ਿਕਾਇਤ ਮਿਲ ਰਹੀ ਹੈ ਉਹ ਬਿਲਕੁਲ ਸਹੀ ਹੈ ਕਿਉਂਕਿ ਉਹਨਾਂ ਕੋਲ ਗਰਭਵਤੀ ਮਹਿਲਾਵਾਂ ਦਾ ਸਾਰਾ ਰਿਕਾਰਡ ਆਉਂਦਾ ਹੈ ਕਿ ਉਹਨਾਂ ਨੇ ਪਿਛਲੇ ਸਮੇਂ ਦੇ ਦੌਰਾਨ ਕਿੱਥੋਂ-ਕਿੱਥੋਂ ਅਲਟਰਾਸਾਊਂਡ ਕਰਵਾਏ ਹਨ ਤਾਂ ਉਹਨਾਂ ਵੱਲੋਂ ਜਦੋਂ ਇਸ ਪੂਰੇ ਮਾਮਲੇ ਦਾ ਡਾਟਾ ਕੱਢਿਆ ਗਿਆ ਤਾਂ ਵਾਕਿਆ ਹੀ ਡਾਕਟਰ ਵੱਲੋਂ ਨਿੱਜੀ ਅਲਟਰਾਸਾਉਂਡ ਕੇਂਦਰ ਵਿੱਚ ਮਹਿਲਾਵਾਂ ਨੂੰ ਭੇਜਿਆ ਜਾ ਰਿਹਾ ਸੀ।
ਇਸ ਪੂਰੇ ਮਾਮਲੇ ਤੋਂ ਬਾਅਦ ਲੁਧਿਆਣਾ ਦੇ ਸਿਵਿਲ ਸਰਜਨ ਨੇ ਸਬੰਧਿਤ ਡਾਕਟਰ ਦੇ ਖਿਲਾਫ ਸਾਰੀ ਰਿਪੋਰਟ ਭੇਜ ਕੇ ਵਿਭਾਗੀ ਕਰਵਾਈ ਕਰਨ ਸਬੰਧੀ ਸਿਹਤ ਮਹਿਕਮੇ ਦੇ ਡਾਇਰੈਕਟਰ ਨੂੰ ਭੇਜ ਦਿੱਤੀ ਹੈ। ਜਿਸ ਉੱਤੇ ਵਿਭਾਗੀ ਕਰਵਾਈ ਹੋਵੇਗੀ। ਉਨ੍ਹਾਂ ਕਿਹਾ ਕਿ ਲੁਧਿਆਣਾ ਦੇ ਸਿਵਲ ਹਸਪਤਾਲ ਦੇ ਵਿੱਚ ਸਾਰੇ ਹੀ ਗਰਭਵਤੀ ਮਹਿਲਾਵਾਂ ਦੇ ਅਲਟਰਾਸਾਊਂਡ ਪੂਰੀ ਤਰ੍ਹਾਂ ਮੁਫਤ ਕੀਤੇ ਜਾਂਦੇ ਹਨ।
ਇਸ ਸਬੰਧੀ ਵੱਖ-ਵੱਖ ਦੋ ਡਾਕਟਰ ਲਗਾਏ ਗਏ ਹਨ। ਇੱਕ ਡਾਕਟਰ ਸਵੇਰੇ 9 ਵਜੇ ਤੋਂ 3 ਵਜੇ ਤੱਕ ਮਰੀਜ਼ਾਂ ਨੂੰ ਦੇਖਦਾ ਹੈ ਜਦੋਂ ਕਿ ਦੂਜਾ ਡਾਕਟਰ ਤਿੰਨ ਵਜੇ ਤੋਂ ਬਾਅਦ ਅਲਟਰਾ ਸਾਊਂਡ ਵੇਖਦਾ ਹੈ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਸਿਵਲ ਹਸਪਤਾਲ ਦੇ ਵਿੱਚ ਦਵਾਈਆਂ ਵੀ ਮੁਫਤ ਮੁਹੱਈਆ ਕਰਵਾਈ ਜਾਂਦੀਆਂ ਹਨ। ਉਹਨਾਂ ਕਿਹਾ ਕਿ ਸਿਹਤ ਮਹਿਕਮੇ ਵੱਲੋਂ ਸਖਤ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਕਿਸੇ ਨੂੰ ਵੀ ਦਵਾਈਆਂ ਲੈਣ ਲਈ ਬਾਹਰ ਨਾ ਭੇਜਿਆ ਜਾਵੇ। ਜਿੰਨੀਆਂ ਦਵਾਈਆਂ ਹੋ ਸਕਦੀਆਂ ਹਨ ਹਸਪਤਾਲ ਦੇ ਵਿੱਚੋਂ ਹੀ ਮੁਹੱਈਆ ਕਰਵਾਈਆਂ ਜਾਣ। ਸਿਵਲ ਹਸਪਤਾਲ ਦੇ ਡਾਕਟਰ ਵੱਲੋਂ ਇਸ ਤਰ੍ਹਾਂ ਦੀ ਕਾਰਵਾਈ ਨੂੰ ਵੇਖਦਿਆਂ ਹੋਇਆ ਲੁਧਿਆਣਾ ਦੇ ਸਿਵਲ ਸਰਜਨ ਨੇ ਸਖਤ ਹਦਾਇਤਾਂ ਜਾਰੀ ਕੀਤੀਆਂ ਹਨ। ਉਹਨਾਂ ਨੇ ਕਿਹਾ ਕਿ ਜੇਕਰ ਕੋਈ ਵੀ ਡਾਕਟਰ ਅਜਿਹਾ ਕੁਝ ਕਰੇਗਾ ਤਾਂ ਉਸਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ।