ਲੁਧਿਆਣਾ: ਜ਼ਿਲ੍ਹੇ ਵਿੱਚ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਇਸ ਦੇ ਨਾਲ ਹੀ ਹੁਣ ਡੇਂਗੂ ਲੋਕਾਂ ਲਈ ਜਾਨਲੇਵਾ ਸਾਬਿਤ ਹੋ ਰਿਹਾ ਹੈ। ਬੀਤੇ ਦਿਨ ਲੁਧਿਆਣਾ ਵਿੱਚ ਇੱਕ ਮਹਿਲਾ ਮੌਤ ਹੋਈ ਹੈ। ਦੱਸਿਆ ਜਾ ਰਿਹਾ ਕਿ ਉਸ ਨੂੰ ਡੇਂਗੂ ਸੀ। ਸਿਵਿਲ ਸਰਜਨ ਲੁਧਿਆਣਾ ਡਾਕਟਰ ਪ੍ਰਦੀਪ ਕੁਮਾਰ ਨੇ ਜਾਣਕਾਰੀ ਦਿੱਤੀ ਹੈ ਕਿ ਹੁਣ ਤੱਕ ਲੁਧਿਆਣਾ ਵਿੱਚ ਹੀ 64 ਨਵੇਂ ਕੇਸ ਡੇਂਗੂ ਦੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚੋਂ 33 ਕੇਸ ਅਰਬਨ ਏਰੀਆ ਅਤੇ 31 ਕੇਸ ਰੂਰਲ ਏਰੀਆ ਦੇ ਹਨ।
ਡੇਂਗੂ ਤੋਂ ਬਚੋ, ਰਹੋ ਸਾਵਧਾਨ
ਸਿਵਿਲ ਸਰਜਨ ਲੁਧਿਆਣਾ ਨੇ ਕਿਹਾ ਕਿ ਡੇਂਗੂ ਦੇ ਟੈਸਟਿੰਗ ਦੀ ਪ੍ਰਕਿਰਿਆ ਵੀ ਤੇਜ ਕੀਤੀ ਗਈ ਹੈ। ਜਗਰਾਓ, ਖੰਨਾ ਅਤੇ ਲੁਧਿਆਣਾ ਵਿੱਚ ਇਸ ਦੇ ਟੈਸਟ ਕੀਤੇ ਜਾ ਰਹੇ ਹਨ। ਜੇਕਰ ਕਿਸੇ ਵੀ ਮਰੀਜ਼ ਦੇ ਵਿੱਚ ਡੇਂਗੂ ਦੇ ਲੱਛਣ ਪਾਏ ਜਾਂਦੇ ਹਨ, ਤਾਂ ਉਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਜਾਂਦਾ ਹੈ। ਸਿਵਿਲ ਸਰਜਨ ਦੇ ਮੁਤਾਬਕ ਬੀਤੇ ਦਿਨੀ ਇੱਕ ਸ਼ੱਕੀ ਹਾਲਾਤਾਂ ਵਿੱਚ ਇੱਕ ਮਹਿਲਾ ਦੀ ਮੌਤ ਹੋਈ ਹੈ, ਤਾਂ ਉਸ ਨੂੰ ਲੈ ਕੇ ਵੀ ਡਾਕਟਰਾਂ ਦਾ ਪੈਨਲ ਜਾਂਚ ਕਰ ਰਿਹਾ ਹੈ।
ਲੋਕਾਂ ਨੂੰ ਅਪੀਲ ਕਰਦੇ ਹੋਏ ਸਿਵਲ ਸਰਜਨ ਨੇ ਕਿਹਾ ਕਿ ਆਪਣੇ ਘਰਾਂ ਦੇ ਆਲੇ ਦੁਆਲੇ ਅਤੇ ਖਾਸ ਕਰਕੇ ਜਿਸ ਵਿੱਚ ਪਾਣੀ ਇਕੱਠਾ ਹੋ ਸਕਦਾ ਹੈ, ਉਸ ਦੀ ਸਾਫ ਸਫਾਈ ਜਰੂਰ ਰੱਖੋ।

ਡੇਂਗੂ ਨਿਪਟਾਰੇ ਲਈ ਸਿਵਲ ਹਸਪਤਾਲਾਂ ਦੀ ਕੀ ਤਿਆਰੀ
ਡੇਂਗੂ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਸਿਵਲ ਹਸਪਤਾਲਾਂ ਵਿੱਚ ਸਪੈਸ਼ਲ ਵਾਰਡ ਵੀ ਬਣਾਏ ਗਏ ਹਨ। ਇਸ ਤੋਂ ਇਲਾਵਾ ਸਿਵਲ ਹਸਪਤਾਲ ਦੇ ਵਿੱਚ ਵੀ ਡੇਂਗੂ ਦੀ ਟੈਸਟਿੰਗ ਕਰਵਾਈ ਜਾ ਰਹੀ ਹੈ। ਨਗਰ ਨਿਗਮ ਦੀ ਟੀਮਾਂ ਵੀ ਇਸ ਮਾਮਲੇ ਵਿੱਚ ਫੋਗਿੰਗ ਕਰ ਰਹੀਆਂ ਹਨ ਅਤੇ ਇਸ ਤੋਂ ਇਲਾਵਾ ਸਿਹਤ ਮਹਿਕਮੇ ਦੀ ਟੀਮਾਂ ਲਗਾਤਾਰ ਪ੍ਰਭਾਵਿਤ ਇਲਾਕਿਆਂ ਦਾ ਦੁਆਰਾ ਕਰ ਰਹੀ ਹੈ।
ਡਾਕਟਰ ਪ੍ਰਦੀਪ ਕੁਮਾਰ ਨੇ ਕਿਹਾ ਕਿ ਜੇਕਰ ਕਿਸੇ ਨੂੰ ਵੀ ਸਰੀਰ ਦੇ ਵਿੱਚ ਤੇਜ਼ ਦਰਦ, ਲਗਾਤਾਰ ਬੁਖਾਰ ਚੜਨਾ, ਕਮਜ਼ੋਰੀ ਅਤੇ ਸਿਰ ਦਰਦ ਆਦ ਵਰਗੇ ਲੱਛਣ ਲਗਾਤਾਰ ਵਿਖਾਈ ਦੇ ਰਹੇ ਹਨ, ਤਾਂ ਤੁਰੰਤ ਆਪਣੇ ਨੇੜਲੇ ਡਾਕਟਰ ਦੇ ਕੋਲ ਸੰਪਰਕ ਕਰਨ। ਡੇਂਗੂ ਪਾਜ਼ੀਟਿਵ ਆਉਂਦਾ ਹੈ, ਤਾਂ ਇਸ ਸੂਰਤ ਵਿੱਚ ਸਿਵਲ ਹਸਪਤਾਲ ਵਿੱਚ ਆ ਕੇ ਆਪਣਾ ਇਲਾਜ ਕਰਵਾਉਣ।