ਲੁਧਿਆਣਾ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੋ ਦਿਨੀ ਪੰਜਾਬ ਦੌਰੇ ਉੱਤੇ ਹਨ। ਇਸ ਦੌਰਾਨ ਉਹ ਅੰਮ੍ਰਿਤਸਰ, ਜਲੰਧਰ ਅਤੇ ਲੁਧਿਆਣਾ ਦੇ ਜਾਣਗੇ। ਜਿੱਥੇ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ 150 ਮੁਹੱਲਾ ਕਲੀਨਿਕਾਂ ਦੀ ਸ਼ੁਰੂਆਤ ਕਰਨ ਜਾ ਰਹੇ ਹਨ। ਉੱਥੇ ਹੀ, ਦੂਜੇ ਪਾਸੇ ਲੁਧਿਆਣਾ ਦੇ ਵਿੱਚ ਵਪਾਰੀਆਂ ਨਾਲ ਵੀ ਉਨ੍ਹਾਂ ਦੀ ਅਹਿਮ ਮੀਟਿੰਗ ਹੈ। ਹਾਲਾਂਕਿ, ਮੀਟਿੰਗ ਕਿੱਥੇ ਕੀਤੀ ਜਾਵੇਗੀ ਇਸ ਬਾਰੇ ਅਜੇ ਤੈਅ ਨਹੀਂ ਹੋਇਆ ਹੈ ਅਤੇ 3 ਮਾਰਚ ਨੂੰ ਮੀਟਿੰਗ ਕਰਨ ਦੀ ਗੱਲ ਕਹੀ ਜਾ ਰਹੀ ਹੈ। ਕਾਰੋਬਾਰੀਆਂ ਦੇ ਨਾਲ ਇਹ ਗੁਪਤ ਮੀਟਿੰਗ ਮੁੱਖ ਮੰਤਰੀ ਪੰਜਾਬ ਵੱਲੋਂ ਕੀਤੀ ਜਾਵੇਗੀ।
ਸਕੂਲ ਆਫ ਐਮੀਨੈਂਸ ਦਾ ਉਦਘਾਟਨ: ਇਸ ਦੇ ਨਾਲ ਹੀ, ਲੁਧਿਆਣਾ ਦੇ ਵਿੱਚ ਤਿੰਨ ਸਕੂਲ ਆਫ ਐਮੀਨੈਂਸ ਵੀ ਬਣ ਕੇ ਪੂਰੀ ਤਰ੍ਹਾਂ ਤਿਆਰ ਹੋ ਗਏ ਹਨ। ਉਨ੍ਹਾਂ ਸਕੂਲਾਂ ਦਾ ਉਦਘਾਟਨ ਵੀ ਪੰਜਾਬ ਦੇ ਮੁੱਖ ਮੰਤਰੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕਰ ਸਕਦੇ ਹਨ। ਇੰਦਰਾਪੁਰੀ ਦੇ ਸਕੂਲ ਆਫ ਐਮੀਨੈਂਸ ਵਿੱਚ ਮੁੱਖ ਮੰਤਰੀ ਉਦਘਾਟਨ ਕਰਨਗੇ ਜੋ ਕਿ ਪੰਜਾਬ ਦਾ ਅਜਿਹਾ ਪਹਿਲਾ ਸਕੂਲ ਹੈ, ਜਿੱਥੇ ਸਵੀਮਿੰਗ ਪੂਲ ਵੀ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਹੋਰ ਵੀ ਸੁਵਿਧਾਵਾਂ ਦੇ ਨਾਲ ਉਹ ਲੈਸ ਹੈ। ਇਸ ਤੋਂ ਇਲਾਵਾ ਵੱਖ-ਵੱਖ ਜ਼ਿਲ੍ਹਿਆਂ ਵਿੱਚ ਉਹ ਕਾਰੋਬਾਰੀਆਂ ਦੇ ਨਾਲ ਵੀ ਮੁਲਾਕਾਤ ਕਰਨਗੇ।
ਇੰਦਰਾਪੁਰੀ ਸਕੂਲ ਆਫ ਐਮੀਨੈਂਸ ਵਿੱਚ ਸੁਵਿਧਾਵਾਂ: ਲਗਭਗ ਤਿੰਨ ਏਕੜ ਵਿੱਚ ਇਸ ਸਕੂਲ ਦਾ ਨਿਰਮਾਣ ਕੀਤਾ ਗਿਆ ਹੈ ਅਤੇ ਇਸ ਸਕੂਲ ਵਿੱਚ ਵੱਡੇ ਵੱਡੇ 22 ਕਲਾਸ ਰੂਮ ਬਣਾਏ ਗਏ ਹਨ, ਇਹ ਸਾਰੇ ਹੀ ਕਲਾਸ ਰੂਮ ਅਤਿ ਆਧੁਨਿਕ ਹਨ, ਜੋ ਕਿ ਪ੍ਰੋਜੈਕਟਰ ਅਤੇ ਸਮਾਰਟ ਬੋਰਡ ਦੇ ਨਾਲ ਲੈਸ ਹਨ। ਸਕੂਲ ਵਿੱਚ ਸੁਰੱਖਿਆ ਦੇ ਮੱਦੇਨਜ਼ਰ ਵਿਸ਼ੇਸ਼ ਤੌਰ 'ਤੇ ਸੀਸੀਟੀਵੀ ਕੈਮਰੇ ਵੀ ਲਗਾਏ ਗਏ। ਸਕੂਲ ਵਿੱਚ ਵਿਗਿਆਨ ਦੀਆਂ ਚਾਰ ਲੈਬਾਂ (Sciene Labs) ਹਨ, ਇਸ ਤੋਂ ਇਲਾਵਾ ਇੱਕ ਕੰਪਿਊਟਰ ਲੈਬ ਵੀ ਬਣਾਈ ਗਈ ਹੈ।
2024 ਦੀਆਂ ਚੋਣਾਂ ਤੋਂ ਪਹਿਲਾਂ ਦੌਰਾ: ਪੰਜਾਬ ਸਰਕਾਰ ਵੱਲੋਂ ਲਗਾਤਾਰ ਲੋਕਾਂ ਨੂੰ ਸਿਹਤ ਸਹੂਲਤਾਂ ਮੁਹਈਆ ਕਰਵਾਉਣ ਦੇ ਲਈ ਮੁਹੱਲਾ ਕਲੀਨਿਕ ਵੀ ਖੋਲ੍ਹੇ ਜਾ ਰਹੇ ਹਨ ਅਤੇ 150 ਮੁਹੱਲਾ ਕਲੀਨਿਕ ਹੋਰ ਬਣਾ ਕੇ ਤਿਆਰ ਹੋ ਚੁੱਕੇ ਹਨ, ਜੋ ਕਿ ਇਸ ਦੌਰੇ ਦੇ ਦੌਰਾਨ ਲੋਕਾਂ ਨੂੰ ਸਮਰਪਿਤ ਕੀਤੇ ਜਾਣਗੇ। ਦੋ ਦਿਨ ਤੱਕ ਅਰਵਿੰਦ ਕੇਜਰੀਵਾਲ ਪੰਜਾਬ ਵਿੱਚ ਹੀ ਰਹਿਣਗੇ। ਇਸ ਦੌਰਾਨ ਉਹ ਵੱਖ-ਵੱਖ ਕਾਰੋਬਾਰੀ ਦੇ ਨਾਲ ਮੀਟਿੰਗ ਵੀ ਕਰ ਸਕਦੇ ਹਨ। 2024 ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਅਰਵਿੰਦ ਕੇਜਰੀਵਾਲ ਦਾ ਇਹ ਦੌਰਾ ਸਿਆਸੀ ਮਾਇਨੇ ਤੋਂ ਵੀ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ।