ਲੁਧਿਆਣਾ: ਇਥੋਂ ਦੇ ਸ਼ੇਰਪੁਰ ਰੇਲਵੇ ਪੁਲ ਹੇਠ ਮਿਲੀ ਕਈ ਟੁੱਕੜਿਆਂ ਵਿੱਚ ਲਾਸ਼ ਦੀ ਹਲੇ ਤੱਕ ਸ਼ਨਾਖਤ ਨਹੀਂ ਹੋ ਪਾਈ ਹੈ। ਪੁਲਿਸ ਵੱਲੋਂ ਇਸ ਲਾਸ਼ ਦੀ ਸ਼ਨਾਖਤ ਲਈ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸਾਂਝੀ ਕੀਤੀ ਗਈ ਹੈ, ਜਿਸ ਵਿੱਚ ਲਾਸ਼ ਦੇ ਚਿਹਰੇ ਨੂੰ ਪਹਿਚਾਨਣ ਦਾ ਇਸ਼ਤਿਹਾਰ ਜਾਰੀ ਕਰਕੇ ਕਿਸੇ ਵੀ ਤਰ੍ਹਾਂ ਦੀ ਕੋਈ ਜਾਣਕਾਰੀ ਮਿਲਣ 'ਤੇ 78370 18606 ਤੇ 7837018906 'ਤੇ ਸੰਪਰਕ ਕਰਨ ਲਈ ਅਪੀਲ ਕੀਤੀ ਗਈ ਹੈ। ਮ੍ਰਿਤਕ ਦੀ ਲਾਸ਼ ਨੂੰ ਲੁਧਿਆਣਾ ਸਿਵਲ ਹਸਪਤਾਲ ਮੋਰਚਰੀ ਦੇ ਵਿੱਚ ਸ਼ਨਾਖਤ ਲਈ ਰਖਵਾਇਆ ਗਿਆ ਹੈ ਪਰ ਫਿਲਹਾਲ ਉਸ ਦੀ ਸ਼ਨਾਖਤ ਨਹੀਂ ਹੋ ਸਕੀ ਹੈ।
ਸੀਸੀਟੀਵੀ ਕੈਮਰੇ ਖੰਗਾਲ ਰਹੀ ਪੁਲਿਸ: ਇਸ ਸਬੰਧੀ ਲੁਧਿਆਣਾ ਦੇ ਸੀਨੀਅਰ ਪੁਲਿਸ ਅਫਸਰ ਦੇਵ ਸਿੰਘ ਵੱਲੋਂ ਇਸ ਸਬੰਧੀ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇਕਰ ਕਿਸੇ ਨੂੰ ਵੀ ਇਸ ਸਬੰਧੀ ਕੋਈ ਵੀ ਜਾਣਕਾਰੀ ਹੈ ਜਾਂ ਕਿਸੇ ਨੂੰ ਕੋਈ ਪਹਿਚਾਣ ਹੈ ਤਾਂ ਉਹ ਜ਼ਰੂਰ ਪੁਲਿਸ ਨਾਲ ਸੰਪਰਕ ਕਰੇ। ਇਸ ਦੇ ਨਾਲ ਹੀ ਪੁਲਿਸ ਨੇੜੇ ਤੇੜੇ ਦੇ ਸੀਸੀਟੀਵੀ ਕੈਮਰੇ ਵੀ ਖੰਗਾਲ ਰਹੀ ਹੈ। ਪਰ ਹਾਲੇ ਤੱਕ ਫਿਲਹਾਲ ਪੁਲਿਸ ਨੂੰ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ।
ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ: ਕਾਬਿਲੇਗੌਰ ਹੈ ਕਿ ਬੀਤੇ ਦਿਨ ਇਹ ਲਾਸ਼ ਪੁੱਲ ਦੇ ਹੇਠ ਛੇ ਟੁੱਕੜਿਆਂ ਦੇ ਵਿੱਚ ਮਿਲੀ ਸੀ, ਜਿਸ ਵਿੱਚ ਮ੍ਰਿਤਕ ਦਾ ਧੜ ਅਟੈਚੀ ਦੇ ਵਿੱਚ ਸੀ ਅਤੇ ਬਾਕੀ ਹਿੱਸਾ ਲਾਈਨਾਂ 'ਤੇ ਮਿਲਿਆ ਸੀ। ਇਹ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਹੈ, ਜਿਸ ਨੂੰ ਫਿਲਹਾਲ ਪੁਲਿਸ ਸੁਲਝਾ ਨਹੀਂ ਸਕੀ ਹੈ। ਪੁਲਿਸ ਵੱਲੋਂ ਫੈਕਟਰੀਆਂ ਦੇ ਵਿੱਚ ਵੀ ਮ੍ਰਿਤਕ ਦੀ ਤਸਵੀਰ ਤਸਦੀਕ ਦੇ ਲਈ ਭੇਜੀ ਗਈ ਹੈ। ਫੋਰੇਂਸਿਕ ਟੀਮਾਂ ਵੱਲੋਂ ਵੀ ਮੌਕੇ 'ਤੇ ਜਾ ਕੇ ਸੈਂਪਲ ਲੈ ਗਏ ਹਨ ਅਤੇ ਡੁੰਘਾਈ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ।
ਪੁਲਿਸ ਦੇ ਨਾਲ ਆਰਪੀਐਫ-ਜੀਆਰਪੀ ਵੀ ਜਾਂਚ 'ਚ ਜੁਟੀ: ਉਧਰ ਲੁਧਿਆਣਾ ਪੁਲਿਸ ਦੇ ਨਾਲ ਆਰਪੀਐਫ-ਜੀਆਰਪੀ ਵੀ ਇਸ ਮਾਮਲੇ ਦੀ ਜਾਂਚ ਦੇ ਵਿੱਚ ਲਗਾਤਾਰ ਜੁਟੀ ਹੋਈ ਹੈ। ਪੁਲ ਦੇ ਨੇੜਿਓ ਲੰਘ ਰਹੇ ਹਾਈਵੇ 'ਤੇ ਇਹ ਸੂਟਕੇਸ ਮਿਲਿਆ ਸੀ। ਵੀਰਵਾਰ ਨੂੰ ਸਵੇਰੇ ਲਗਭਗ 11:30 ਵਜੇ ਦੇ ਕਰੀਬ ਪੁਲਿਸ ਨੂੰ ਇਸ ਸਬੰਧੀ ਇਤਲਾਹ ਮਿਲੀ ਸੀ।