ਲੁਧਿਆਣਾ: ਪੂਰੇ ਦੇਸ਼ ਵਿੱਚ ਸਾਈਬਰ ਠੱਗੀ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਆਰਟੀਫਿਸ਼ੀਅਲ ਇੰਟੈਲੀਜੈਂਸ (AI) ਦੇ ਆਉਣ ਤੋਂ ਬਾਅਦ ਠੱਗੀ ਹੋਰ ਵੀ ਜਿਆਦਾ ਆਸਾਨ ਹੁੰਦੀ ਜਾ ਰਹੀ ਹੈ। ਲਗਾਤਾਰ ਸਾਈਬਰ ਠੱਗੀ ਦੇ ਨਵੇਂ-ਨਵੇਂ ਤਰੀਕੇ ਅਪਣਾ ਕੇ ਠੱਗ ਲੋਕਾਂ ਦੀ ਸਾਰੀ ਉਮਰ ਦੀ ਮਿਹਨਤ ਦੀ ਕਮਾਈ ਉੱਤੇ ਮਿੰਟਾਂ-ਸੈਕਿੰਡਾ ਵਿੱਚ ਹੱਥ ਸਾਫ ਕਰ ਰਹੇ ਹਨ। ਹੁਣ ਸਾਈਬਰ ਠੱਗੀ ਦਾ ਨਵਾਂ ਤਰੀਕਾ ਨਿਵੇਸ਼ ਨੂੰ ਲੈ ਕੇ ਆਇਆ ਹੈ ਜਿਸ ਵਿੱਚ ਕੰਪਨੀਆਂ ਦੇ ਨਿਵੇਸ਼ ਕਰਨ ਦੇ ਨਾਂ ਉੱਤੇ ਵੱਡੇ ਵੱਡੇ ਸਟਾਰ ਦੀ ਜਾਲੀ ਵੀਡੀਓ ਅਤੇ ਪ੍ਰਮੋਸ਼ਨਲ ਵਿਗਿਆਪਨ ਬਣਾ ਕੇ ਸੋਸ਼ਲ ਮੀਡੀਆ ਉੱਤੇ ਲੋਕਾਂ ਨੂੰ ਗੁੰਮਰਾਹ ਕਰਕੇ ਉਨ੍ਹਾਂ ਦੀ ਮਿਹਨਤ ਦੀ ਕਮਾਈ ਲੁੱਟੀ ਜਾ ਰਹੀ ਹੈ।
ਸਾਈਬਰ ਠੱਗੀ ਦੇ ਮਾਮਲਿਆਂ ਵਿੱਚ ਲਗਾਤਾਰ ਇਜ਼ਾਫਾ ਹੋ ਰਿਹਾ ਹੈ, ਜਿਨ੍ਹਾਂ ਤੋਂ ਸਾਨੂੰ ਜਾਗਰੂਕ ਰਹਿਣ ਦੀ ਬੇਹਦ ਲੋੜ ਹੈ। ਇਸ ਸਬੰਧੀ ਲੁਧਿਆਣਾ ਦੇ ਸਾਈਬਰ ਕ੍ਰਾਈਮ ਸੈੱਲ ਦੇ ਇੰਚਾਰਜ ਇੰਸਪੈਕਟਰ ਜਤਿੰਦਰ ਸਿੰਘ ਨੇ ਵਿਸਥਾਰ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦੱਸਿਆ ਹੈ ਕਿ ਕਿਸ ਤਰ੍ਹਾਂ ਠੱਗ ਨਵੇਂ ਨਵੇਂ ਤਾਂ ਕਿ ਅਪਣਾ ਕੇ ਤੁਹਾਡੀ ਮਿਹਨਤ ਉੱਤੇ ਡਾਕਾ ਮਾਰਦੇ ਹਨ। ਉਨ੍ਹਾਂ ਕਿਹਾ ਠੱਗੀ ਦੀ 1903 ਨੰਬਰ ਉੱਤੇ ਤੁਸੀਂ ਕਾਲ ਕਰਕੇ ਤੁਰੰਤ ਇਸ ਦੀ ਸ਼ਿਕਾਇਤ ਦੇ ਸਕਦੇ ਹੋ, ਪਰ ਸ਼ਿਕਾਇਤ ਦੇਣ ਤੋਂ ਪਹਿਲਾਂ ਇਹ ਜ਼ਰੂਰੀ ਹੈ ਕਿ ਤੁਸੀਂ ਜਾਗਰੂਕ ਰਹੋ, ਤਾਂ ਜੋ ਤੁਹਾਡੇ ਨਾਲ ਅਜਿਹੀ ਠੱਗੀ ਹੀ ਨਾ ਵੱਜ ਸਕੇ।
ਸਾਈਬਰ ਠੱਗੀ: ਲੁਧਿਆਣਾ ਸਾਈਬਰ ਸੈਲ ਦੇ ਇੰਚਾਰਜ ਇੰਸਪੈਕਟਰ ਜਤਿੰਦਰ ਸਿੰਘ ਨੇ ਈਟੀਵੀ ਭਾਰਤ ਦੀ ਟੀਮ ਨਾਲ ਗੱਲਬਾਤ ਕਰਦਿਆ ਦੱਸਿਆ ਕਿ ਆਨਲਾਈਨ ਠੱਗ ਨਿਵੇਸ਼ ਕਰਵਾਉਣ ਦੇ ਨਵੇਂ ਨਵੇਂ ਤਰੀਕੇ ਅਪਣਾ ਕੇ ਲੋਕਾਂ ਨੂੰ ਆਪਣੇ ਚੰਗੁਲ ਵਿੱਚ ਫਸਾ ਰਹੇ ਹਨ। ਪੜ੍ਹੇ ਲਿਖੇ ਲੋਕ ਜੋ ਨਿਵੇਸ਼ ਕਰਨਾ ਚਾਹੁੰਦੇ ਹਨ ਜਾਂ ਫਿਰ ਇਨ੍ਹਾਂ ਦੀਆਂ ਗੱਲਾਂ ਵਿੱਚ ਆ ਕੇ ਅੱਗੇ ਦੀ ਡਿਟੇਲ ਜਾਣਣਾ ਚਾਹੁੰਦੇ ਹਨ, ਉਹ ਅਕਸਰ ਹੀ ਇਸ ਵਿੱਚ ਫਸ ਜਾਂਦੇ ਹਨ ਅਤੇ ਆਪਣੀ ਮਿਹਨਤ ਦੀ ਕਮਾਈ ਗੁਆ ਬੈਠਦੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਮਾਮਲੇ ਬਹੁਤ ਜ਼ਿਆਦਾ ਆ ਰਹੇ ਹਨ।
ਲਗਭਗ ਲੁਧਿਆਣਾ ਵਿੱਚ ਰੋਜ਼ਾਨਾ ਹੀ ਇੱਕ ਕੇਸ ਅਜਿਹਾ ਆ ਰਿਹਾ ਹੈ, ਜੋ ਕਿ ਨਿਵੇਸ਼ ਦੇ ਨਾਮ ਉੱਤੇ ਠੱਗੀ ਦਾ ਮਾਮਲਾ ਸਾਹਮਣੇ ਆਉਂਦਾ ਹੈ। ਜਦੋਂ ਬੈਂਕ ਦੇ ਖਾਤੇ ਵਿੱਚੋਂ ਪੈਸੇ ਨਿਕਲ ਜਾਂਦੇ ਹਨ, ਉਸ ਤੋਂ ਬਾਅਦ ਪੀੜਤ ਨੂੰ ਪਤਾ ਲੱਗਦਾ ਹੈ ਕਿ ਉਸ ਨਾਲ ਸਾਈਬਰ ਠੱਗੀ ਹੋ ਗਈ ਹੈ। ਹਾਲਾਂਕਿ, ਲੋਕ ਇਸ ਮਾਮਲੇ ਵਿੱਚ ਸਾਹਮਣੇ ਆਉਣ ਤੋਂ ਕਤਰਾਉਂਦੇ ਹਨ, ਕਿਉਂਕਿ ਸਮਾਜ ਵਿੱਚ ਉਨ੍ਹਾਂ ਨੂੰ ਆਪਣੇ ਅਕਸ ਨੂੰ ਲੈ ਕੇ ਚਿੰਤਾ ਰਹਿੰਦੀ ਹੈ, ਪਰ ਅਜਿਹੇ ਮਾਮਲਿਆਂ ਵਿੱਚ ਲਗਾਤਾਰ ਇਜਾਫਾ ਹੋ ਰਿਹਾ ਹੈ, ਇਹ ਰਿਪੋਰਟ ਦੱਸ ਰਹੀ ਹੈ।
AI ਦੀ ਦੁਰਵਰਤੋਂ: ਆਰਟੀਫਿਸ਼ੀਅਲ ਇੰਟੈਲੀਜੈਂਸ ਇੱਕ ਅਜਿਹਾ ਮਾਧਿਅਮ ਹੈ ਜਿਸ ਨਾਲ ਸਾਈਬਰ ਠੱਗੀ ਦੇ ਵਿੱਚ ਹੋਰ ਵੀ ਸੋਖ ਹੋ ਗਈ ਹੈ। ਇਸ ਨਾਲ ਕਿਸੇ ਦਾ ਵੀ ਚਿਹਰਾ ਕਿਸੇ ਦੀ ਵੀ ਵੀਡੀਓ ਜਾਂ ਕਿਸੇ ਦੀ ਵੀ ਆਡੀਓ ਇਸਤੇਮਾਲ ਕਰਕੇ ਆਰਟੀਫਿਸ਼ੀਅਲ ਢੰਗ ਨਾਲ ਇੱਕ ਕਲਿੱਪ ਤਿਆਰ ਕਰ ਲਈ ਜਾਂਦੀ ਹੈ ਜਿਸ ਉੱਤੇ ਖਾਸ ਕਰਕੇ ਕਿਸੇ ਸੈਲੀਬ੍ਰਿਟੀ ਕਿਸੇ ਵੱਡੇ ਖਿਡਾਰੀ ਜਾਂ ਫਿਰ ਸਮਾਜ ਸੇਵੀ ਦਾ ਚਿਹਰਾ ਲਗਾਇਆ ਜਾਂਦਾ ਹੈ ਜਿਸ ਨਾਲ ਲੋਕਾਂ ਨੂੰ ਲੱਗਦਾ ਹੈ ਕਿ ਉਹ ਖੁਦ ਉਸ ਨਿਵੇਸ਼ ਕੰਪਨੀ ਦੀ ਪ੍ਰਮੋਸ਼ਨ ਕਰ ਰਹੇ ਹਨ। ਆਮ ਜਨਤਾ ਜਾਅਲੀ ਵੀਡੀਓ ਦੇ ਵਿਗਿਆਪਨ ਦੇ ਚੰਗੁਲ ਵਿੱਚ ਫਸ ਕੇ ਉਹ ਆਪਣੇ ਉਮਰ ਭਰ ਦੀ ਕਮਾਈ ਨਿਵੇਸ਼ ਕਰਨ ਦੇ ਨਾਮ ਉੱਤੇ ਲਾ ਬੈਠਦੇ ਹਨ ਜਿਸ ਨਾਲ ਉਨ੍ਹਾਂ ਨਾਲ ਲੱਖਾ ਰੁਪਏ ਅਤੇ ਕਈ ਵਾਰ ਤਾਂ ਕਰੋੜਾਂ ਰੁਪਏ ਦੀ ਠੱਗੀ ਵੀ ਹੋ ਜਾਂਦੀ ਹੈ। ਜਿਵੇਂ ਜਿਵੇਂ ਤਕਨੀਕ ਵੱਧ ਰਹੀ ਹੈ, ਉਸੇ ਤਰ੍ਹਾਂ ਸਾਈਬਰ ਠੱਗ ਵੀ ਤਕਨੀਕ ਦੀ ਦੁਰਵਰਤੋਂ ਕਰਕੇ ਠੱਗੀ ਦੇ ਨਵੇਂ ਨਵੇਂ ਮਾਮਲੇ ਲੱਭ ਰਹੇ ਹਨ।
ਜਾਗਰੂਕਤਾ ਹੀ ਬਚਾਅ: ਸਾਈਬਰ ਸੈਲ ਲੁਧਿਆਣਾ ਦੇ ਇੰਚਾਰਜ ਇੰਸਪੈਕਟਰ ਜਤਿੰਦਰ ਸਿੰਘ ਦੱਸਦੇ ਹਨ ਕਿ ਸਭ ਤੋਂ ਪਹਿਲਾਂ ਜਾਗਰੂਕਤਾ ਹੀ ਬੇਹਦ ਜਰੂਰੀ ਹੈ। ਉਨ੍ਹਾਂ ਕਿਹਾ ਕਿ ਪੜ੍ਹੇ ਲਿਖੇ ਲੋਕ ਜਿਆਦਾ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਹੁਣ ਤਾਂ ਬਿਨਾਂ ਓਟੀਪੀ ਦੇ ਵੀ ਉਹ ਸਕ੍ਰੀਨ ਰੀਡ ਕਰਕੇ ਤੁਹਾਡੇ ਨਾਲ ਠੱਗੀ ਮਾਰ ਜਾਂਦੇ ਹਨ, ਤੁਹਾਨੂੰ ਪਤਾ ਤੱਕ ਨਹੀਂ ਲੱਗਦਾ। ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਹੋਣ ਉੱਤੇ 24 ਘੰਟਿਆਂ ਦੇ ਅੰਦਰ ਜਾਣਕਾਰੀ ਸਾਂਝੀ ਕਰ ਲਈ ਜਾਂਦੀ ਹੈ, ਤਾਂ ਪੈਸੇ ਵਾਪਸ ਆਉਣ ਦੇ ਚਾਂਸ ਜ਼ਰੂਰ ਵੱਧ ਜਾਂਦੇ ਹਨ। ਪਰ, ਲੋਕ ਇਸ ਗੱਲ ਤੋਂ ਜਾਗਰੂਕ ਰਹਿਣ ਇਹ ਬੇਹਦ ਜ਼ਰੂਰੀ ਹੈ। ਜਤਿੰਦਰ ਸਿੰਘ ਨੇ ਕਿਹਾ ਜੇਕਰ ਸੋਸ਼ਲ ਮੀਡੀਆ ਉੱਤੇ ਇਸ ਤਰ੍ਹਾਂ ਦੀ ਕੋਈ ਵੀਡੀਓ ਸਾਹਮਣੇ ਆਉਂਦੀ ਹੈ, ਤਾਂ ਲੋਕਾਂ ਨੂੰ ਉੱਥੇ ਹੀ ਉਨ੍ਹਾਂ ਦੇ ਕਮੈਂਟ ਬਾਕਸ ਵਿੱਚ ਜਾ ਕੇ ਇੱਕ ਵਾਰ ਵੇਖ ਲੈਣਾ ਚਾਹੀਦਾ ਹੈ ਕਿ ਕਿਸ ਤਰ੍ਹਾਂ ਲੋਕ ਉਨ੍ਹਾਂ ਬਾਰੇ ਭਾਂਡਾ ਫੋੜ ਰਹੇ ਹਨ। ਇਸ ਕਰਕੇ ਲੋਕ ਜਾਗਰੂਕ ਰਹਿਣ ਤਾਂ ਜੋ ਉਹ ਸਾਈਬਰ ਠੱਗੀ ਤੋਂ ਬਚ ਸਕਣ।