ਚੰਡੀਗੜ੍ਹ: ਆਪਣੇ ਵਿਵਾਦਿਤ ਬਿਆਨਾਂ ਕਰਕੇ ਮੀਡੀਆ ਦੀਆਂ ਸੁਰਖੀਆਂ ਵਿੱਚ ਅਕਸਰ ਰਹਿਣ ਵਾਲੇ ਕਾਂਗਰਸ ਆਗੂ ਨਵਜੋਤ ਸਿੱਧੂ ਨੇ ਹੁਣ ਭਾਜਪਾ ਅਤੇ ਪੀਐੱਮ ਮੋਦੀ ਨੂੰ ਲੈਕੇ ਵਿਵਾਦਿਤ ਬਿਆਨ ਦਿੱਤਾ ਹੈ। ਨਵਜੋਤ ਸਿੱਧੂ ਨੇ ਚੰਡੀਗੜ੍ਹ ਵਿੱਚ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨਾਲ ਮੁਲਾਕਾਤ ਕਰਨ ਮਗਰੋਂ ਪੱਤਰਕਾਰਾਂ ਦੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਉਹ ਲੋਕ ਸਭਾ ਚੋਣ ਨਹੀਂ ਲੜਨਗੇ।
ਮੋਦੀ ਲਹਿਰ ਵਿੱਚ ਗਧੇ ਵੀ ਜਿੱਤੇ : ਕਾਂਗਰਸ ਆਗੂ ਨਵਜੋਤ ਸਿੱਧੂ ਨੇ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਉਨ੍ਹਾਂ ਨੇ ਪੰਜਾਬ ਦੇ ਹਿੱਤ ਲਈ ਰਾਜ ਸਭਾ ਦੀ ਸੀਟ ਉਦੋਂ ਛੱਡੀ ਜਦੋਂ ਮੋਦੀ ਲਹਿਰ ਵਿੱਚ ਗਧੇ ਲੋਕ ਵੀ ਜਿੱਤ ਗਏ ਅਤੇ ਸੰਸਦ ਮੈਂਬਰ ਬਣੇ। ਸਿੱਧੂ ਮੁਤਾਬਿਕ ਉਨ੍ਹਾਂ ਨੇ ਸਾਬਕਾ ਪੀਐੱਮ ਮਨਮੋਹਨ ਸਿੰਘ ਦੇ ਕਾਰਜਕਾਲ ਵਿੱਚ ਲਗਾਤਾਰ ਕਈ ਵਾਰ ਲੋਕ ਸਭਾ ਸੀਟ ਜਿੱਤੀ ਪਰ ਭਾਜਪਾ ਉਦੋਂ ਛੱਡ ਦਿੱਤੀ ਜਦੋਂ ਮੋਦੀ ਲਹਿਰ ਆਪਣੇ ਸਿਖ਼ਰ ਉੱਤੇ ਸੀ।
ਪੰਜਾਬ ਸਰਕਾਰ ਉੱਤੇ ਤੰਜ: ਨਵਜੋਤ ਸਿੱਧੂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉੱਤੇ ਸੂਬਾ ਵਾਸੀਆਂ ਨੂੰ ਗੁੰਮਰਾਹ ਕਰਨ ਦਾ ਇਲਜ਼ਾਮ ਲਾਇਆ। ਸਿੱਧੂ ਨੇ ਕਿਹਾ ਕਿ ਵਿਧਾਨ ਸਭਾ ਦੀ ਕਾਰਵਾਈ ਮੱਛੀ ਮਾਰਕੀਟ ਵਾਂਗ ਲੱਗਦੀ ਹੈ, ਉੱਥੇ ਸੂਬੇ ਦੇ ਮੁੱਦੇ ਵਿਚਾਰਨ ਦੀ ਬਜਾਏ ਇੱਕ-ਦੂਜੇ ਉੱਤੇ ਇਲਜ਼ਾਮ ਤਰਾਸ਼ੀਆਂ ਹੁੰਦੀਆਂ ਹਨ। ਸਿੱਧੂ ਨੇ ਕੁੱਝ ਅੰਕੜੇ ਪੇਸ਼ ਕਰਦਿਆਂ ਕਿਹਾ ਕਿ ਸੀਐੱਮ ਮਾਨ ਦੀ ਸਰਕਾਰ ਪੰਜਾਬੀਆਂ ਨੂੰ ਲਗਾਤਾਰ ਹਜ਼ਾਰਾਂ ਕਰੋੜ ਰੁਪਏ ਦੇ ਕਰਜ਼ੇ ਹੇਠ ਦਬਾ ਰਹੀ ਹੈ। ਸਬਸਿਡੀਆਂ ਵੀ ਬਗੈਰ ਕੁੱਝ ਸੋਚੇ ਹੀ ਦਿੱਤੀਆਂ ਜਾ ਰਹੀਆਂ ਹਨ।
- ਕਾਂਗਰਸੀ ਵਿਧਾਇਕ ਰਾਜ ਕੁਮਾਰ ਚੱਬੇਵਾਲ ਆਪ ਵਿੱਚ ਸ਼ਾਮਲ; ਮੁੱਖ ਮੰਤਰੀ ਮਾਨ ਨੇ ਕੀਤਾ ਸਵਾਗਤ, ਕਿਹਾ- ਸਰਕਾਰ ਦੇ ਕੰਮਾਂ ਤੋਂ ਹੋਇਆ ਪ੍ਰਭਾਵਿਤ
- ‘ਸੁਨੀਲ ਜਾਖੜ ਤੇ ਸੁਖਬੀਰ ਸਿੰਘ ਬਾਦਲ ਨੇ ਆਪਣੀ ਪਾਰਟੀ ਦਾ ਖੁਦ ਹੀ ਕੀਤਾ ਹੈ ਨੁਕਸਾਨ’
- ਨਵਜੋਤ ਸਿੱਧੂ ਨੇ ਰਾਜਪਾਲ ਨਾਲ ਕੀਤੀ ਮੁਲਾਕਾਤ, ਸਰਕਾਰ ਖਿਲਾਫ਼ ਇੰਨ੍ਹਾਂ ਮੁੱਦਿਆਂ ਨੂੰ ਲੈਕੇ ਦਿੱਤਾ ਮੰਗ ਪੱਤਰ
ਸੀਬੀਆਈ ਜਾਂਚ ਦੀ ਮੰਗ: ਨਵਜੋਤ ਸਿੱਧੂ ਨੇ ਅੱਗੇ ਕਿਹਾ ਕਿ ਉਨ੍ਹਾਂ ਨੇ ਪੰਜਾਬ ਦੇ ਰਾਜਪਾਲ ਤੋਂ ਮੰਗ ਕੀਤੀ ਹੈ ਕਿ ਉਹ ਸੂਬਾ ਸਰਕਾਰ ਵੱਲੋਂ ਲਏ ਜਾ ਰਹੇ ਹਜ਼ਾਰਾਂ ਕਰੋੜ ਰੁਪਏ ਦੇ ਕਰਜ਼ੇ ਦੀ ਜਾਂਚ ਲਈ ਖੁੱਦ ਅੱਗੇ ਆਉਣ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਜੋ ਵੀ ਘੁਟਾਲੇ ਸੂਬਾ ਸਰਕਾਰ ਵੱਲੋਂ ਕੀਤੇ ਜਾ ਰਹੇ ਨੇ ਉਨ੍ਹਾਂ ਦੀ ਸੀਬੀਆਈ ਜਾਂਚ ਕੀਤੀ ਜਾਵੇ।