ਮਾਨਸਾ: ਡਾਕਟਰ ਭੀਮ ਰਾਓ ਅੰਬੇਡਕਰ ਦੇ ਖਿਲਾਫ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਕੀਤੀ ਟਿੱਪਣੀ ਦੇ ਵਿਰੋਧ 'ਚ ਮਾਨਸਾ ਵਿਖੇ ਕਾਂਗਰਸ ਪਾਰਟੀ ਵੱਲੋਂ ਰੋਸ ਮਾਰਚ ਕਰਦੇ ਹੋਏ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਵੀ ਗ੍ਰਹਿ ਮੰਤਰੀ ਦੇ ਬਿਆਨ ਦੀ ਨਿੰਦਿਆ ਕਰਦੇ ਹੋਏ ਕਿਹਾ ਕਿ ਸੰਵਿਧਾਨ ਦੇ ਖਿਲਾਫ਼ ਅਜਿਹੀਆਂ ਟਿੱਪਣੀਆਂ ਕਰਨ ਨਾਲ ਦੇਸ਼ ਦੇ ਲੋਕਾਂ ਨੂੰ ਠੇਸ ਪਹੁੰਚੀ ਹੈ।
ਡਾਕਟਰ ਅੰਬੇਡਕਰ ਖਿਲਾਫ਼ ਅਮਿਤ ਸ਼ਾਹ ਦੀ ਟਿੱਪਣੀ
ਦੱਸ ਦਈਏ ਕਿ ਸੰਵਿਧਾਨ ਨਿਰਮਾਤਾ ਡਾਕਟਰ ਭੀਮ ਰਾਓ ਅੰਬੇਡਕਰ ਲਈ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਪਾਰਲੀਮੈਂਟ ਵਿੱਚ ਕੀਤੀ ਗਈ ਟਿੱਪਣੀ ਦੇ ਵਿਰੋਧ ਚੋਂ ਦੇਸ਼ ਭਰ ਦੇ ਵਿੱਚ ਵਿਰੋਧ ਪ੍ਰਦਰਸ਼ਨ ਕਾਂਗਰਸ ਪਾਰਟੀ ਵੱਲੋਂ ਕੀਤੇ ਜਾ ਰਹੇ ਹਨ। ਮਾਨਸਾ ਵਿਖੇ ਅੱਜ ਸਿੱਧੂ ਮੂਸੇ ਵਲਾ ਦੇ ਪਿਤਾ ਬਲਕੌਰ ਸਿੰਘ, ਜ਼ਿਲ੍ਹਾ ਪ੍ਰਧਾਨ ਅਰਸ਼ਦੀਪ ਸਿੰਘ ਗਾਗੋਵਾਲ ਦੀ ਅਗਵਾਈ ਵਿੱਚ ਰੋਸ ਮਾਰਚ ਕੀਤਾ ਗਿਆ।
ਸੰਵਿਧਾਨ ਨਾਲ ਛੇੜਛਾੜ ਕਰਨਾ ਭਾਜਪਾ ਦੀ ਨੀਤੀ
ਇਸ ਦੌਰਾਨ ਬਲਕੌਰ ਸਿੰਘ ਨੇ ਕਿਹਾ ਅਮਿਤ ਸ਼ਾਹ ਵੱਲੋਂ ਸੰਵਿਧਾਨ ਦੇ ਨਿਰਮਾਤਾ ਡਾਕਟਰ ਭੀਮ ਰਾਓ ਅੰਬੇਡਕਰ 'ਤੇ ਕੀਤੀ ਗਈ ਟਿੱਪਣੀ ਨਿੰਦਣਯੋਗ ਹੈ ਕਿਉਂਕਿ ਸੰਵਿਧਾਨ ਦੇ ਨਾਲ ਛੇੜਛਾੜ ਕਰਨਾ ਭਾਜਪਾ ਦੀ ਨੀਤੀ ਹੈ। ਉਹਨਾਂ ਕਿਹਾ ਕਿ ਦੇਸ਼ ਦੇ ਵਿੱਚ ਗੈਂਗਸਟਰਵਾਦ ਦਾ ਬੋਲ ਬਾਲਾ ਹੈ ਅਤੇ ਸੰਵਿਧਾਨ ਨੂੰ ਇੱਕ ਪਾਸੇ ਤੋੜਨ ਦੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ। ਇਸ ਦੌਰਾਨ ਹੋਰ ਲੀਡਰਾਂ ਨੇ ਕਿਹਾ ਕਿ ਸੰਵਿਧਾਨ ਦੇ ਨਿਰਮਾਤਾ ਡਾਕਟਰ ਭੀਮ ਰਾਓ ਅੰਬੇਡਕਰ ਨੇ ਦੇਸ਼ ਦੇ ਸੰਵਿਧਾਨ ਵਿੱਚ ਹਰ ਇੱਕ ਨੂੰ ਸਨਮਾਨ ਦਿੱਤਾ ਹੈ ਅਤੇ ਅੱਜ ਉਸ ਸਨਮਾਨ ਦਾ ਹੀ ਦੇਸ਼ ਨਿੱਘ ਮਾਣ ਰਿਹਾ ਹੈ।
ਕਾਂਗਰਸ ਵਲੋਂ ਅਮਿਤ ਸ਼ਾਹ ਖਿਲਾਫ਼ ਪ੍ਰਦਰਸ਼ਨ
ਉਹਨਾਂ ਕਿਹਾ ਕਿ ਭਾਜਪਾ ਦੇ ਨੇਤਾਵਾਂ ਵੱਲੋਂ ਅਜਿਹੀਆਂ ਟਿੱਪਣੀਆਂ ਕਰਕੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ 'ਤੇ ਇੱਕ ਤਰ੍ਹਾਂ ਦਾ ਵਾਰ ਕੀਤਾ ਜਾ ਰਿਹਾ ਹੈ, ਜਿਸ ਨਾਲ ਦਲਿਤ ਭਾਈਚਾਰੇ ਅਤੇ ਸੰਵਿਧਾਨ ਨੂੰ ਬਚਾਉਣ ਵਾਲੇ ਲੋਕਾਂ ਨੂੰ ਗਹਿਰੀ ਸੱਟ ਲੱਗੀ ਹੈ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਸੰਵਿਧਾਨ ਦੇ ਖਿਲਾਫ ਛੇੜ ਛਾੜ ਕਰਨ ਵਾਲੇ ਅਜਿਹੇ ਲੋਕਾਂ ਦੇ ਖਿਲਾਫ ਲੜਦੀ ਰਹੇਗੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਡਾਕਟਰ ਭੀਮ ਰਾਓ ਅੰਬੇਡਕਰ ਦੀ ਇੱਜ਼ਤ ਨਾ ਕਰਨ ਵਾਲੇ ਗ੍ਰਹਿ ਮੰਤਰੀ ਦੀ ਸਾਨੂੰ ਕੋਈ ਲੋੜ ਨਹੀਂ ਹੈ।