ਲੁਧਿਆਣਾ: ਭਾਰਤ ਵਿੱਚ INDIA ਗਠਜੋੜ ਭਾਵੇਂ ਪੰਜ ਸੂਬਿਆਂ ਦੀ ਵਿਧਾਨ ਸਭਾ ਚੋਣਾਂ ਵਿੱਚ ਬਹੁਤਾ ਕਾਮਯਾਬ ਨਾ ਹੋ ਸਕਿਆ ਹੋਵੇ ਪਰ ਚੰਡੀਗੜ੍ਹ ਵਿੱਚ ਮੇਅਰ ਦੀ ਚੋਣ ਦੇ ਅੰਦਰ ਇੰਡੀਆ ਗਠਜੋੜ ਦਾ ਸਿਆਸੀ ਸੇਕ ਵਿਰੋਧੀ ਪਾਰਟੀਆਂ ਨੂੰ ਜ਼ਰੂਰ ਲੱਗਿਆ ਹੈ। ਉੱਥੇ ਹੀ ਦੂਜੇ ਪਾਸੇ ਦੋਵਾਂ ਪਾਰਟੀਆਂ ਵੱਲੋਂ ਚੰਡੀਗੜ੍ਹ ਵਿੱਚ ਮੇਅਰ ਚੁਣਨ ਲਈ ਇੱਕ ਦੂਜੇ ਦਾ ਸਾਥ ਦੇਣ ਦੇ ਬਾਵਜੂਦ ਪੰਜਾਬ ਦੇ ਵਿੱਚ ਗਠਜੋੜ ਉੱਤੇ ਲੀਡਰਸ਼ਿਪ ਵੱਖਰੇ-ਵੱਖਰੇ ਮੱਤ ਰੱਖਦੀ ਹੈ। ਕਾਂਗਰਸ ਦੇ ਕਈ ਲੀਡਰ ਜਿੱਥੇ ਚੰਡੀਗੜ੍ਹ ਦੀ ਜਿੱਤ ਨੂੰ ਭਾਜਪਾ ਲਈ ਖਤਰਾ ਦੱਸ ਰਹੇ ਹਨ ਉੱਥੇ ਹੀ ਪੰਜਾਬ ਦੇ ਵਿੱਚ ਵੱਖਰੇ ਸਿਆਸੀ ਸਮੀਕਰਨ ਹੋਣ ਦੇ ਦਾਅਵੇ ਵੀ ਕਰ ਰਹੇ ਹਨ। ਦੂਜੇ ਪਾਸੇ ਵਿਰੋਧੀ ਪਾਰਟੀਆਂ ਵੱਲੋਂ ਕਾਂਗਰਸ ਦੇ ਸਾਬਕਾ ਮੰਤਰੀਆਂ ਉੱਤੇ ਵਿਜੀਲੈਂਸ ਦੀਆਂ ਕਾਰਵਾਈਆਂ ਨੂੰ ਲੈ ਕੇ ਵੀ ਸਵਾਲ ਖੜੇ ਕੀਤੇ ਜਾ ਰਹੇ। ਭਾਜਪਾ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਪੰਜਾਬ ਅੰਦਰ ਗਠਜੋੜ ਦੀ ਸਭ ਤੋਂ ਵੱਡੀ ਉਦਾਹਰਣ ਚੰਡੀਗੜ੍ਹ ਨਹੀਂ ਸਗੋਂ ਸੁਖਪਾਲ ਖਹਿਰਾ ਦੀ ਆਜ਼ਾਦੀ ਹੈ। ਵਿਰੋਧੀ ਪਾਰਟੀਆਂ ਵੱਲੋਂ ਲਗਾਤਾਰ ਸਵਾਲ ਖੜੇ ਕੀਤੇ ਜਾ ਰਹੇ ਹਨ ਕਿ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਨੂੰ ਹਾਈ ਕਮਾਂਡ ਦੇ ਅੱਗੇ ਗੋਡੇ ਟੇਕਣੇ ਪਏ ਹਨ।
ਕਾਂਗਰਸ ਦਾ ਸਟੈਂਡ: ਇੱਕ ਪਾਸੇ ਜਿੱਥੇ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਚੰਡੀਗੜ੍ਹ ਦੇ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਗਠਜੋੜ ਵਾਲੇ ਮੇਅਰ ਦੀ ਚੋਣ ਨੂੰ ਹਾਲੇ ਟਰੇਲਰ ਦੱਸ ਰਹੇ ਨੇ ਉੱਥੇ ਹੀ ਦੂਜੇ ਪਾਸੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸਾਫ ਕਹਿ ਰਹੇ ਨੇ ਕਿ ਅਸੀਂ 13 ਦੀਆਂ 13 ਸੀਟਾਂ ਉੱਤੇ ਤਿਆਰੀ ਕੀਤੀ ਹੈ। ਇੱਥੋਂ ਤੱਕ ਕਿ ਚੰਡੀਗੜ੍ਹ ਦੀ ਸੀਟ ਉੱਤੇ ਵੀ ਸਾਡੀ ਤਿਆਰੀ ਹੈ। ਉਹਨਾਂ ਕਿਹਾ ਕਿ ਪੰਜਾਬ ਵਿੱਚ ਸਿਆਸੀ ਸਮੀਕਰਣ ਵੱਖਰੇ ਹਨ। ਹਰ ਗਲੀ ਮੁਹੱਲੇ ਦੇ ਵਿੱਚ ਸਿਆਸੀ ਸਮੀਕਰਣ ਵੱਖਰੇ ਹੁੰਦੇ ਹਨ ਹਾਲਾਤ ਵੱਖਰੇ ਹੁੰਦੇ ਹਨ। ਕਾਂਗਰਸ ਦੇ ਪ੍ਰਧਾਨ ਲਗਾਤਾਰ ਕਹਿ ਰਹੇ ਨੇ ਕਿ ਸਾਨੂੰ ਪੂਰਾ ਯਕੀਨ ਹੈ ਕਿ ਅਸੀਂ ਜੋ ਗੱਲ ਹਾਈ ਕਮਾਨ ਤੱਕ ਪਹੁੰਚਾਈ ਹੈ ਉਸ ਉੱਤੇ ਹਾਈ ਕਮਾਨ ਜ਼ਰੂਰ ਗੌਰ ਫਰਮਾਏਗੀ। ਇਸ ਵਿਚਕਾਰ ਪਹਿਲਾ ਹੀ ਕਈ ਵਿਜੀਲੈਂਸ ਦੀ ਕਾਰਵਾਈਆਂ ਦਾ ਸ਼ਿਕਾਰ ਹੋਏ ਕਾਂਗਰਸ ਦੇ ਸਾਬਕਾ ਮੰਤਰੀ ਇਹ ਸਾਫ ਕਰ ਚੁੱਕੇ ਨੇ ਕਿ ਜੇਕਰ ਪੰਜਾਬ ਦੇ ਵਿੱਚ ਕਾਂਗਰਸ ਆਮ ਆਦਮੀ ਪਾਰਟੀ ਦੇ ਨਾਲ ਕੋਈ ਵੀ ਸਮਝੌਤਾ ਕਰਦੀ ਹੈ ਤਾਂ ਫਿਰ ਉਹ ਮੈਦਾਨ ਛੱਡ ਕੇ ਘਰਾਂ ਦੇ ਵਿੱਚ ਹੀ ਬੈਠ ਜਾਣਗੇ। ਇਹ ਦਾਅਵਾ ਬੀਤੇ ਦਿਨੇ ਭਾਰਤ ਭੂਸ਼ਣ ਆਸ਼ੂ ਕਰ ਚੁੱਕੇ ਹਨ।
ਵਿਜੀਲੈਂਸ ਦੀਆਂ ਕਾਰਵਾਈਆਂ: ਪੰਜਾਬ ਵਿਜੀਲੈਂਸ ਵੱਲੋਂ ਲਗਾਤਾਰ ਕਾਂਗਰਸ ਦੇ ਸਾਬਕਾ ਮੰਤਰੀਆਂ ਉੱਤੇ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਹਾਲਾਂਕਿ ਬੀਤੇ ਦਿਨੀ ਇਨਫੋਰਸਮੈਂਟ ਡਾਇਰੈਕਟਰੇਟ ਵੱਲੋਂ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਪਰ ਉੱਥੇ ਹੀ ਦੂਜੇ ਪਾਸੇ ਪੰਜਾਬ ਵਿਜੀਲੈਂਸ ਵੱਲੋਂ ਵੀ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਸਣੇ ਕਈ ਸਾਬਕਾ ਮੰਤਰੀਆਂ ਉੱਤੇ ਕੇਸ ਚਲਾਏ ਜਾ ਰਹੇ ਹਨ। ਇੱਥੋਂ ਤੱਕ ਕਿ ਸੁਖਪਾਲ ਖਹਿਰਾ ਮੌਜੂਦਾ ਵਿਧਾਇਕ ਨੂੰ ਵੀ ਪੁਰਾਣੇ ਨਸ਼ੇ ਦੇ ਮਾਮਲੇ ਦੇ ਵਿੱਚ ਜੇਲ੍ਹ ਜਾਣਾ ਪਿਆ ਸੀ। ਵਿਜੀਲੈਂਸ ਵੱਲੋਂ ਲਗਾਤਾਰ ਇੱਕ ਤੋਂ ਬਾਅਦ ਇੱਕ ਕਾਂਗਰਸ ਦੇ ਸਾਬਕਾ ਮੰਤਰੀਆਂ ਉੱਤੇ ਕਾਰਵਾਈ ਦੇ ਕਾਰਨ ਕਈ ਸਾਬਕਾ ਮੰਤਰੀ ਭਾਜਪਾ ਦੇ ਵਿੱਚ ਵੀ ਜਾ ਕੇ ਰਲ ਗਏ ਸਨ ਪਰ ਹੁਣ 2024 ਲੋਕ ਸਭਾ ਚੋਣਾਂ ਦੇ ਲਈ ਜੋੜਤੋੜ ਦੀ ਰਾਜਨੀਤੀ ਦੇ ਵਿੱਚ ਇੰਡੀਆ ਗਠਜੋੜ ਬਣਿਆ ਹੈ, ਜਿਸ ਵਿੱਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੋਵੇਂ ਹੀ ਭਾਈਵਾਲ ਪਾਰਟੀਆਂ ਬਣੀਆਂ ਹਨ। ਇਹ ਕੋਈ ਪਹਿਲਾ ਦੋਵਾਂ ਵਿਚਕਾਰ ਹੋਇਆ ਸਮਝੌਤਾ ਨਹੀਂ ਹੈ ਇਸ ਤੋਂ ਪਹਿਲਾਂ ਦਿੱਲੀ ਦੇ ਵਿੱਚ ਵੀ ਦੋਵਾਂ ਪਾਰਟੀਆਂ ਦੇ ਵਿੱਚ ਸਮਝੌਤਾ ਹੋਇਆ ਸੀ। ਹਾਲਾਂਕਿ ਉਹ ਸਮਝੌਤਾ ਜਿਆਦਾ ਦੇਰ ਨਹੀਂ ਚੱਲ ਸਕਿਆ ਜਿਸ ਕਰਕੇ ਦਿੱਲੀ ਦੇ ਵਿੱਚ ਦੁਬਾਰਾ ਚੋਣਾਂ ਹੋਈਆਂ ਸਨ ਅਤੇ ਫਿਰ ਆਮ ਆਦਮੀ ਪਾਰਟੀ ਨੂੰ ਬਹੁਮਤ ਮਿਲਿਆ ਸੀ।
ਭਾਜਪਾ ਨੇ ਚੁੱਕੇ ਸਵਾਲ: ਇਸ ਪੂਰੇ ਮਾਮਲੇ ਨੂੰ ਲੈ ਕੇ ਭਾਜਪਾ ਵੱਲੋਂ ਲਗਾਤਾਰ ਸਵਾਲ ਚੁੱਕੇ ਜਾ ਰਹੇ ਨੇ। ਭਾਜਪਾ ਨੇ ਜਿੱਥੇ ਚੰਡੀਗੜ੍ਹ ਦੇ ਵਿੱਚ ਦੋਵਾਂ ਪਾਰਟੀਆਂ ਦੇ ਸਮਝੌਤੇ ਨੂੰ 2024 ਪੰਜਾਬ ਦੀ ਝਲਕ ਦੱਸੀ ਹੈ ਉੱਥੇ ਹੀ ਭਾਜਪਾ ਦੇ ਬੁਲਾਰੇ ਪ੍ਰਿਤਪਾਲ ਸਿੰਘ ਬਲੀਏਵਾਲ ਨੇ ਕਿਹਾ ਹੈ ਕਿ ਦੋਵਾਂ ਪਾਰਟੀਆਂ ਵਿਚਾਲੇ ਸਮਝੌਤਾ ਹੋ ਚੁੱਕਾ ਹੈ ਚੰਡੀਗੜ੍ਹ ਸਾਡੇ ਸਾਰਿਆਂ ਸਾਹਮਣੇ ਇਸ ਦੀ ਝਲਕ ਹੈ। ਉਹਨਾਂ ਕਿਹਾ ਕਿ ਹਾਈ ਕਮਾਨ ਅੱਗੇ ਕਾਂਗਰਸ ਨੇ ਗੋਡੇ ਟੇਕ ਦਿੱਤੇ ਹਨ। ਕੁਝ ਕਾਂਗਰਸੀ ਜ਼ਰੂਰ ਹਨ ਜਿਨ੍ਹਾਂ ਦੇ ਵਿੱਚ ਅਣਖ ਜਾਗਦੀ ਹੈ। ਉਹ ਸ਼ਾਇਦ ਇਸ ਸਮਝੌਤੇ ਤੋਂ ਨਰਾਜ਼ ਹੋ ਕੇ ਘਰ ਵਿੱਚ ਬੈਠ ਸਕਦੇ ਹਨ ਪਰ ਉਹਨਾਂ ਕਿਹਾ ਕਿ ਹੁਣ ਉਹਨਾਂ ਦੇ ਗੋਡੇ ਕਿੰਨਾ ਭਾਰ ਚੱਲਦੇ ਨੇ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਇੰਡੀਆ ਗਠਜੋੜ ਵਿੱਚ ਆਮ ਆਦਮੀ ਪਾਰਟੀ ਦਾ ਅਤੇ ਕਾਂਗਰਸ ਦਾ ਸਮਝੌਤਾ ਪੰਜਾਬ ਦੇ ਵਿੱਚ ਹੋ ਚੁੱਕਾ ਹੈ।
- ਅਯੁੱਧਿਆ ਰਾਮ ਮੰਦਿਰ ਤੋਂ ਸਾਹਮਣੇ ਆਈ ਰਾਮਲੱਲਾ ਦੀ ਮੂਰਤੀ ਦੀ ਪਹਿਲੀ ਤਸਵੀਰ, ਕਰੋ ਦਰਸ਼ਨ
- ਵੈੱਬਸਾਈਟ 'ਤੇ ਸ਼੍ਰੀ ਰਾਮ ਮੰਦਰ ਦਾ ਪ੍ਰਸਾਦ ਦੱਸ ਕੇ ਵੇਚੇ ਜਾ ਰਹੇ ਨੇ ਲੱਡੂ, VHP ਨੇ ਕੀਤਾ ਲੋਕਾਂ ਨੂੰ ਸੁਚੇਤ
- ਲੁਧਿਆਣਾ 'ਚ ਅਲੌਕਿਕ ਰਾਮ ਸੇਤੂ ਪੱਥਰ; ਪਾਣੀ 'ਚ ਨਹੀਂ ਡੁੱਬਦਾ ਇਹ ਪੱਥਰ, ਸਨਾਤਨ ਧਰਮ ਦੇ ਇਤਿਹਾਸ ਦਾ ਅਟੁੱਟ ਅੰਗ
ਪੰਜਾਬ 'ਚ ਨਹੀਂ ਲੋੜ: ਪੰਜਾਬ ਵਿੱਚ ਲੋਕ ਸਭਾ ਦੀਆਂ 13 ਸੀਟਾਂ ਹਨ ਅਤੇ ਚੰਡੀਗੜ੍ਹ ਦੀ ਵੀ ਇੱਕ ਸੀਟ ਹੈ ਕੁੱਲ 14 ਸੀਟਾਂ ਹਨ ਅਤੇ ਦੋਵੇਂ ਹੀ ਪਾਰਟੀਆਂ ਵੱਲੋਂ 14 ਦੀਆਂ 14 ਸੀਟਾਂ ਉੱਤੇ ਵਰਕਰਾਂ ਨੂੰ ਕੰਮ ਕਰਨ ਲਈ ਕਿਹਾ ਗਿਆ ਹੈ। ਬੀਤੇ ਦਿਨੀ ਸੁਖਪਾਲ ਖਹਿਰਾ ਦੇ ਰਿਹਾਈ ਮੌਕੇ ਪ੍ਰੈਸ ਕਾਨਫਰੰਸ ਦੇ ਦੌਰਾਨ ਜਦੋਂ ਰਾਜਾ ਵੜਿੰਗ ਨੂੰ ਸਵਾਲ ਕੀਤਾ ਗਿਆ ਤਾਂ ਉਹਨਾਂ ਕਿਹਾ ਕਿ ਹਰ ਥਾਂ ਦੇ ਹਾਲਾਤ ਵੱਖਰੇ ਹੁੰਦੇ ਹਨ। ਪੰਜਾਬ ਦੇ ਵਿੱਚ ਹਾਲਾਤ ਵੱਖਰੇ ਹਨ ਜਿਸ ਬਾਰੇ ਅਸੀਂ ਹਾਈ ਕਮਾਂਡ ਨੂੰ ਦੱਸ ਚੁੱਕੇ ਹਾਂ। ਉੱਥੇ ਹੀ ਦੂਜੇ ਪਾਸੇ ਆਮ ਆਦਮੀ ਪਾਰਟੀ ਵੀ ਸਾਫ ਤੌਰ ਉੱਤੇ ਹੀ ਕਹਿ ਰਹੀ ਹੈ ਸਾਡੇ ਨਾਲ ਫੋਨ ਉੱਤੇ ਗੱਲਬਾਤ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਆਗੂ ਗੁਰਸ਼ਰਨ ਜੱਸਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਕਾਫੀ ਮਜਬੂਤ ਹੈ। ਉਹਨਾਂ ਨੂੰ ਗਠਜੋੜ ਦੀ ਲੋੜ ਨਹੀਂ ਹੈ। ਉਹ 13 ਦੀਆਂ 13 ਸੀਟਾਂ ਆਸਾਨੀ ਨਾਲ ਜਿੱਤ ਜਾਣਗੇ। ਇੱਥੋਂ ਤੱਕ ਕਿ ਚੰਡੀਗੜ੍ਹ ਦੀ ਸੀਟ ਵੀ ਜਿੱਤ ਜਾਣਗੇ। ਉਹਨਾਂ ਨੇ ਕਿਹਾ ਕਿ ਕਾਂਗਰਸ ਦੀ ਆਪਸੀ ਫੁੱਟ ਪੰਜਾਬ ਦੇ ਵਿੱਚ ਸ਼ੁਰੂ ਹੋ ਚੁੱਕੀ ਹੈ, ਨਵਜੋਤ ਸਿੰਘ ਸਿੱਧੂ ਵੱਖਰੇ ਚੱਲ ਰਹੇ ਹਨ ਜਿਸ ਦਾ ਖਾਮਿਆਜਾ ਕਾਂਗਰਸ ਨੂੰ ਆਉਣ ਦੀਆਂ ਚੋਣਾਂ ਦੇ ਵਿੱਚ ਭੁਗਤਣਾ ਪੈ ਸਕਦਾ ਹੈ। ਇਸ ਕਰਕੇ ਉਹਨਾਂ ਨਾਲ ਗਠਜੋੜ ਕਰਨ ਦਾ ਕੋਈ ਵੀ ਫਾਇਦਾ ਨਹੀਂ ਹੈ।