ਲੁਧਿਆਣਾ: ਅੱਜ ਆਮ ਆਦਮੀ ਪਾਰਟੀ ਦੇ ਲੁਧਿਆਣਾ ਤੋਂ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਦੇ ਹੱਕ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪ੍ਰਚਾਰ ਕਰਨ ਲਈ ਹੈਬੋਵਾਲ ਪਹੁੰਚੇ, ਜਿੱਥੇ ਉਹਨਾਂ ਵੱਲੋਂ ਇੱਕ ਰੋਡ ਸ਼ੋਅ ਕੱਢਿਆ ਗਿਆ ਜਿਸ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕਾਂ ਨੂੰ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਭੁਗਤਣ ਦੀ ਅਪੀਲ ਕੀਤੀ । ਇਸ ਦੌਰਾਨ ਉਹਨਾਂ ਦੇ ਨਾਲ ਲੁਧਿਆਣਾ ਦੇ ਵਿਧਾਇਕ ਵੀ ਮੌਜੂਦ ਰਹੇ।
ਪੂਰਾ ਪੰਜਾਬ ਜਿੱਤ ਲਵਾਂਗੇ : ਆਪਣੇ ਸੰਬੋਧਨ ਦੇ ਵਿੱਚ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਲੁਧਿਆਣਾ ਪੰਜਾਬ ਦਾ ਦਿਲ ਹੈ ਅਤੇ ਜੇਕਰ ਦਿਲ ਜਿੱਤ ਲਿਆ ਤਾਂ ਪੂਰਾ ਪੰਜਾਬ ਜਿੱਤ ਲਵਾਂਗੇ । ਮੁੱਖ ਮੰਤਰੀ ਪੰਜਾਬ ਨੇ ਕਿਹਾ ਕਿ ਉਹ ਇਕੱਲੇ ਹੀ ਲੜ ਰਹੇ ਹਨ ਦਿੱਲੀ ਨਾਲ ਵੀ ਮੱਥਾ ਲਾ ਰਹੇ ਹਨ ਅਤੇ ਪੰਜਾਬ ਦੇ ਵਿੱਚ ਵੀ ਲੜ ਰਹੇ ਹਨ। ਉਹਨਾਂ ਨੇ ਕਿਹਾ ਕਿ ਲੁਧਿਆਣਾ ਪੰਜਾਬ ਦਾ ਸਭ ਤੋਂ ਵੱਡਾ ਸ਼ਹਿਰ ਹੈ ਉਹਨਾਂ ਕਿਹਾ ਕਿ ਲੁਧਿਆਣਾ ਦੇ ਵਿੱਚ ਲੋਕਾਂ ਦਾ ਪਿਆਰ ਵੇਖ ਕੇ ਉਹ ਕਾਫੀ ਖੁਸ਼ ਹਨ। ਉਹਨਾਂ ਨੇ ਕਿਹਾ ਕਿ ਬਰਨਾਲੇ ਦੇ ਵਿੱਚ ਵੀ ਉਹਨਾਂ ਦਾ ਭਰਵਾਂ ਸਵਾਗਤ ਹੋਇਆ। ਮੁੱਖ ਮੰਤਰੀ ਪੰਜਾਬ ਨੇ ਕਿਹਾ ਕਿ ਜੇਕਰ ਦਿਲ ਸਾਫ ਹੋਵੇ ਤਾਂ ਫਿਰ ਸਭ ਕੁਝ ਸਹੀ ਰਹਿੰਦਾ ਹੈ।
ਲੁਧਿਆਣਾ ਨਾਲ ਪੁਰਾਣਾ ਰਿਸ਼ਤਾ: ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਦੌਰਾਨ ਕਿਹਾ ਕਿ ਉਹਨਾਂ ਦਾ ਲੁਧਿਆਣਾ ਪੁਰਾਣਾ ਰਿਸ਼ਤਾ ਰਿਹਾ ਹੈ । ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਪੂਰਾ ਮਨ ਬਣਾ ਲਿਆ ਹੈ। ਜਿਸ ਤਰ੍ਹਾਂ ਦਾ ਭਰਵਾਂ ਸਵਾਗਤ ਹਰ ਥਾਂ 'ਤੇ ਵੇਖਣ ਨੂੰ ਮਿਲ ਰਿਹਾ, ਉਹਨਾਂ ਨੂੰ ਪੂਰੀ ਉਮੀਦ ਹੈ ਕਿ 13 ਦੀਆਂ 13 ਸੀਟਾਂ 'ਤੇ ਆਮ ਆਦਮੀ ਪਾਰਟੀ ਦੀ ਜਿੱਤ ਹੋਵੇਗੀ। ਉਹਨਾਂ ਨੇ ਕਿਹਾ ਕਿ ਤੁਹਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਦਿੱਲੀ ਵੀ ਜਿੱਤੀ ਹੈ ਅਤੇ ਲੋਕਾਂ ਦੇ ਦਿਲ ਵੀ ਜਿੱਤ ਰਹੀ ਹੈ।