ਬਰਨਾਲਾ: ਸ਼ਹਿਰ 'ਚ ਇੱਕ ਔਰਤ ਦੀ ਸ਼ੱਕੀ ਹਾਲਾਤ ਵਿੱਚ ਮੌਤ ਹੋ ਗਈ। ਮ੍ਰਿਤਕਾ ਸ਼ਹਿਰ ਦੇ ਇੱਕ ਨਿੱਜੀ ਡੈਂਟਲ ਕਲੀਨਿਕ ਵਿੱਚ ਸਫ਼ਾਈ ਕਰਨ ਦਾ ਕੰਮ ਕਰਦੀ ਸੀ। ਪਰਿਵਾਰ ਵਲੋਂ ਬਿਜਲੀ ਕਰੰਟ ਨਾਲ ਮੌਤ ਹੋਣ ਦੇ ਦੋਸ਼ ਲਗਾਏ ਗਏ। ਕਲੀਨਿਕ ਮਾਲਕ 'ਤੇ ਦੋਸ਼ ਲਗਾਏ ਕਿ ਉਸ ਨੇ ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਹੈ। ਮ੍ਰਿਤਕ ਦੀ ਬਾਂਹ ਉਪਰ ਬਿਜਲੀ ਕਰੰਟ ਦੇ ਨਿਸਾ਼ਨ ਦਿਖਾਉਂਦਿਆਂ ਪਰਿਵਾਰ ਨੇ ਕਲੀਨਿਕ ਮਾਲਕ ਉਪਰ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਬਰਨਾਲਾ ਦੀ ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟ ਗਈ ਹੈ।
ਪਰਿਵਾਰ ਨੇ ਲਾਏ ਗੰਭੀਰ ਇਲਜ਼ਾਮ: ਇਸ ਮੌਕੇ ਮ੍ਰਿਤਕ ਦੇ ਪੁੱਤਰ ਨੇ ਕਿਹਾ ਉਸ ਦੀ ਮਾਤਾ ਅੰਬੇ ਡੈਂਟਲ ਕਲੀਨਿਕ ਵਿੱਚ ਸਫ਼ਾਈ ਕਰਨ ਦਾ ਕੰਮ ਕਰਦੀ ਸੀ। ਅੱਜ ਉਹਨਾਂ ਨੂੰ ਫ਼ੋਨ ਆਇਆ ਕਿ ਉਸ ਦੀ ਮਾਤਾ ਨੂੰ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ ਅਤੇ ਉਸਦੀ ਮਾਤਾ ਦੀ ਮ੍ਰਿਤਕ ਦੇਹ ਘਰ ਛੱਡ ਗਏ। ਉਸ ਤੋਂ ਹਸਪਤਾਲ ਵਾਲੇ ਕੁੱਝ ਕਾਗਜ਼ਾਂ ਉਪਰ ਵੀ ਸਾਈਨ ਕਰਕੇ ਲੈ ਗਏ। ਉਹਨਾਂ ਕਿਹਾ ਕਿ ਬਾਅਦ ਵਿੱਚ ਦੇਖਣ ਤੋਂ ਪਤਾ ਲੱਗਿਆ ਕਿ ਮੇਰੀ ਮਾਤਾ ਦੀ ਮੌਤ ਬਿਜਲੀ ਕਰੰਟ ਲੱਗਣ ਨਾਲ ਹੋਈ ਅਤੇ ਮਾਤਾ ਦੀ ਬਾਂਹ ਵੀ ਮੱਚੀ ਹੋਈ ਸੀ। ਉਹਨਾਂ ਕਿਹਾ ਕਿ ਸਾਨੂੰ ਇਨਸਾਫ਼ ਦਿੱਤਾ ਜਾਵੇ ਅਤੇ ਹਸਪਤਾਲ ਵਾਲਿਆਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇ।
ਇਨਸਾਫ਼ ਨਾ ਮਿਲਿਆ ਤਾਂ ਲਾਵਾਂਗੇ ਧਰਨਾ: ਇਸ ਮੌਕੇ ਪੀੜਤ ਪਰਿਵਾਰ ਦੇ ਹੱਕ ਵਿੱਚ ਮੁਹੱਲੇ ਦੇ ਲੋਕ ਵੀ ਆ ਗਏ ਹਨ। ਲੋਕਾਂ ਨੇ ਕਿਹਾ ਕਿ ਪੀੜਤ ਪਰਿਵਾਰ ਨਾਲ ਕਲੀਨਿਕ ਵਾਲਿਆਂ ਨੇ ਧੋਖਾ ਕੀਤਾ ਹੈ। ਮ੍ਰਿਤਕ ਔਰਤ ਦੀ ਮੌਤ ਕਰੰਟ ਲੱਗਣ ਨਾਲ ਹੋਈ ਹੈ ਅਤੇ ਕਲੀਨਿਕ ਵਾਲਿਆਂ ਨੇ ਪਰਿਵਾਰ ਨੂੰ ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸ ਦਿੱਤਾ। ਉਹਨਾਂ ਕਿਹਾ ਕਿ ਪੀੜਤ ਪਰਿਵਾਰ ਨੂੰ ਇਨਸਾਫ਼ ਦਿੱਤਾ ਜਾਵੇ। ਕਲੀਨਿਕ ਵਾਲਿਆਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਜਿੰਨਾਂ ਸਮਾਂ ਕਲੀਨਿਕ ਵਾਲਿਆਂ ਉਪਰ ਕਾਰਵਾਈ ਨਹੀਂ ਹੁੰਦੀ, ਉਹ ਮ੍ਰਿਤਕ ਦੀ ਦੇਹ ਦਾ ਪੋਸਟਮਾਰਟਮ ਨਹੀਂ ਕਰਵਾਉਣਗੇ। ਉਹਨਾਂ ਕਿਹਾ ਕਿ ਜੇਕਰ ਲੋੜ ਪਈ ਤਾਂ ਮ੍ਰਿਤਕ ਦੇਹ ਕਲੀਨਿਕ ਅੱਗੇ ਰੱਖ ਕੇ ਧਰਨਾ ਪ੍ਰਦਰਸ਼ਨ ਵੀ ਕੀਤਾ ਜਾਵੇਗਾ।
ਡਾਕਟਰ ਨੇ ਨਕਾਰੇ ਇਲਜ਼ਾਮ: ਇਸ ਮੌਕੇ ਕਲੀਨਿਕ ਦੇ ਮਾਲਕ ਸਤੀਸ਼ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਔਰਤ ਉਹਨਾਂ ਦੇ ਕਲੀਨਿਕ ਵਿੱਚ ਰੋਜ਼ਾਨਾ ਸਫ਼ਾਈ ਦਾ ਕੰਮ ਕਰਨ ਆਉਂਦੀ ਸੀ। ਅੱਜ ਉਹਨਾਂ ਨੂੰ ਸਵੇਰ ਸਮੇਂ ਕਲੀਨਿਕ ਵਿੱਚੋਂ ਫ਼ੋਨ ਆਇਆ ਸੀ ਕਿ ਸਫ਼ਾਈ ਕਰਨ ਵਾਲੀ ਔਰਤ ਫ਼ਰਸ਼ ਉਪਰ ਡਿੱਗੀ ਪਈ ਹੈ। ਜਿਸ ਤੋਂ ਬਾਅਦ ਉਹਨਾਂ ਨੇ ਕਲੀਨਿਕ 'ਤੇ ਜਾ ਕੇ ਔਰਤ ਨੂੰ ਚੁੱਕਿਆ ਅਤੇ ਸਰਕਾਰੀ ਹਸਪਤਾਲ ਲੈ ਆਏ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਇਸ ਉਪਰੰਤ ਉਹਨਾਂ ਨੇ ਮ੍ਰਿਤਕ ਔਰਤ ਦੇ ਪਰਿਵਾਰਕ ਮੈਂਬਰਾਂ ਨੂੰ ਬੁਲਾਇਆ ਅਤੇ ਮ੍ਰਿਤਕ ਦੇਹ ਉਹਨਾਂ ਦੇ ਘਰ ਲੈ ਕੇ ਗਏ। ਇਸ ਉਪਰੰਤ ਉਹਨਾਂ ਉਪਰ ਇਲਜ਼ਾਮ ਲਗਾ ਦਿੱਤੇ ਗਏ। ਉਹਨਾਂ ਕਿਹਾ ਕਿ ਜਿਸ ਸਮੇਂ ਔਰਤ ਦੀ ਮੌਤ ਹੋਈ, ਕੋਈ ਵੀ ਉਸਦੇ ਕੋਲ ਨਹੀਂ ਸੀ। ਜਿਸ ਕਰਕੇ ਇਹ ਨਹੀਂ ਕਿਹਾ ਜਾ ਸਕਦਾ ਕਿ ਮੌਤ ਕਰੰਟ ਲੱਗਣ ਨਾਲ ਹੋਈ ਹੈ। ਉਹਨਾਂ ਕਿਹਾ ਕਿ ਮਿਰਤਕ ਦੇਹ ਦਾ ਪੋਸਟਮਾਰਟਮ ਕਰਵਾਇਆ ਜਾਵੇ ਤਾਂ ਸੱਚ ਸਾਹਮਣੇ ਆ ਜਾਵੇਗਾ।
ਪੋਸਟਮਾਰਟਮ ਰਿਪੋਰਟ ਤੋਂ ਸਾਹਮਣੇ ਆਵੇਗਾ ਸੱਚ: ਇਸ ਸਬੰਧੀ ਹਸਪਤਾਲ ਦੇ ਡਾਕਟਰ ਕਰਮਜੀਤ ਸਿੰਘ ਨੇ ਦੱਸਿਆ ਕਿ ਹਸਪਤਾਲ ਲਿਆਉਣ ਤੋਂ ਪਹਿਲਾਂ ਹੀ ਔਰਤ ਦੀ ਮੌਤ ਹੋ ਚੁੱਕੀ ਸੀ। ਉਸਦੀ ਬਾਂਹ ਉਪਰ ਇੱਕ ਨਿਸ਼ਾਨ ਸੀ। ਉਹਨਾਂ ਕਿਹਾ ਕਿ ਇਹ ਨਿਸ਼ਾਨ ਇਲੈਕਟ੍ਰੀਕਲ ਸ਼ਾਟ ਦਾ ਵੀ ਹੋ ਸਕਦਾ ਹੈ ਪਰ ਮੌਤ ਦੇ ਅਸਲੀ ਕਾਰਨ ਦਾ ਪਤਾ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਲੱਗੇਗਾ।
ਪੁਲਿਸ ਨੇ ਜਾਂਚ ਦੀ ਆਖੀ ਗੱਲ: ਇਸ ਸਬੰਧੀ ਥਾਣਾ ਸਿਟੀ ਬਰਨਾਲਾ ਦੇ ਐਸਐਚਓ ਜਸਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਮਨਜੀਤ ਕੌਰ ਅੰਬੇ ਕਲੀਨਿਕ ਵਿਖੇ ਸਫ਼ਾਈ ਕਰਨ ਦਾ ਕੰਮ ਕਰਦੀ ਸੀ। ਪਰਿਵਾਰਕ ਮੈਂਬਰਾਂ ਦੇ ਕਹਿਣ ਅਨੁਸਾਰ ਕਲੀਨਿਕ ਵਿੱਚ ਉਸ ਨੂੰ ਬਿਜਲੀ ਕਰੰਟ ਲੱਗਿਆ ਹੈ। ਇਹ ਵਿਵਾਦ ਪੈਣ ਤੋਂ ਬਾਅਦ ਮ੍ਰਿਤਕ ਦੀ ਦੇਹ ਸਰਕਾਰੀ ਹਸਪਤਾਲ ਬਰਨਾਲਾ ਦੀ ਮੋਰਚਰੀ ਵਿੱਚ ਰਖਵਾਈ ਗਈ ਹੈ। ਇਸਦਾ ਪੋਸਟਮਾਰਟਮ ਕਰਵਾਇਆ ਜਾਵੇਗਾ ਅਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਅਨੁਸਾਰ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
- ਘੱਲੂਘਾਰਾ ਦਿਵਸ ਨੂੰ ਲੈ ਕੇ ਭਖੀ ਸਿਆਸਤ, SAD ਨੇ ਕਿਹਾ ਸਾਡੇ ਹੱਕ 'ਚ ਆਉਣਗੇ ਨਤੀਜੇ, ਰਾਜਾ ਵੜਿੰਗ ਨੇ ਵੀ ਆਖੀ ਇਹ ਗੱਲ - Lok Sabha Elections
- ਕੈਪਟਨ ਅਮਰਿੰਦਰ ਸਿੰਘ ਦੇ ਪਿੰਡ ਮਹਿਰਾਜ 'ਚ ਭਾਜਪਾ ਵੱਲੋਂ ਕੀਤੀ ਜਾ ਰਹੀ ਰੈਲੀ ਦੌਰਾਨ ਪਹੁੰਚੇ ਕਿਸਾਨ - Lok Sabha Elections
- ਸੜਕ ਹਾਦਸੇ 'ਚ ਜ਼ਖ਼ਮੀ ਮਜ਼ਦੂਰਾਂ ਨੂੰ ਸਿੱਖਿਆ ਮੰਤਰੀ ਬੈਂਸ ਨੇ ਕਾਫਲਾ ਰੋਕ ਕੇ ਇਲਾਜ ਲਈ ਹਸਪਤਾਲ ਪਹੁੰਚਾਇਆ - Road Accident News