ਬਰਨਾਲਾ: ਸ਼ਹਿਰ ਦੇ ਬੱਸ ਸਟੈਂਡ ਵਿਚਲੇ ਸੀਸੀਟੀਵੀ ਕੈਮਰੇ ਲੰਬੇ ਸਮੇਂ ਤੋਂ ਖ਼ਰਾਬ ਪਏ ਹਨ। ਜਿਸਦਾ ਫ਼ਾਇਦਾ ਚੋਰਾਂ ਵਲੋਂ ਚੱਕਿਆ ਜਾ ਰਿਹਾ ਹੈ। ਸੀਸੀਟੀਵੀ ਕੈਮਰੇ ਖ਼ਰਾਬ ਹੋਣ ਕਾਰਨ ਲਗਾਤਾਰ ਬੱਸ ਸਟੈਂਡ ਵਿੱਚ ਚੋਰੀ ਦੀਆਂ ਵਾਰਦਾਤਾਂ ਵਧ ਰਹੀਆਂ। ਆਏ ਦਿਨ ਬੱਸ ਸਟੈਂਡ ਵਿੱਚੋਂ ਮੋਟਰਸਾਈਕਲ ਚੋਰੀ ਹੋ ਰਹੇ ਹਨ। ਕੈਮਰੇ ਚਾਲੂ ਨਾ ਹੋਣ ਕਾਰਨ ਚੋਰਾਂ ਦਾ ਨਹੀਂ ਲੱਗ ਪਤਾ ਰਿਹਾ। ਬੱਸ ਸਟੈਂਡ ਦਾ ਪ੍ਰਬੰਧ ਸੰਭਾਲਣ ਵਾਲੇ ਨਗਰ ਸੁਧਾਰ ਟਰੱਸਟ ਅਤੇ ਕੈਮਰੇ ਕੰਟਰੋਲ ਕਰਨ ਵਾਲੇ ਪੁਲਿਸ ਚੌਂਕੀ ਵਲੋਂ ਵੀ ਇਸ ਸਮੱਸਿਆ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ। ਆਮ ਪਬਲਿਕ ਵਿੱਚ ਕੈਮਰੇ ਬੰਦ ਹੋਣ ਕਾਰਨ ਪ੍ਰਸ਼ਾਸ਼ਾਨ ਵਿਰੁੱਧ ਰੋਸ ਪਾਇਆ ਜਾ ਰਿਹਾ ਹੈ। ਆਮ ਲੋਕਾਂ ਨੇ ਦੱਸਿਆ ਕਿ ਬੱਸ ਸਟੈਂਡ ਵਿੱਚ 40 ਦੇ ਕਰੀਬ ਕੈਮਰੇ ਲੱਗੇ ਹਨ, ਜਿਹਨਾਂ ਵਿੱਚੋਂ ਸਿਰਫ਼ 4 ਕੈਮਰੇ ਹੀ ਚਾਲੂ ਹਾਲਤ ਵਿੱਚ ਹਨ। ਜਦਕਿ ਨਗਰ ਸੁਧਾਰ ਟਰੱਸਟ ਦੇ ਈਓ ਅਤੇ ਚੇਅਰਮੈਨ ਵਲੋਂ ਜਲਦ ਕੈਮਰੇ ਚਾਲੂ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ।
ਕੈਮਰੇ ਬੰਦ ਹੋਣ ਕਾਰਨ ਖੱਜਲ ਹੋ ਰਹੇ ਲੋਕ: ਇਸ ਮੌਕੇ ਗੱਲਬਾਤ ਕਰਦਿਆਂ ਵਿਜੈ ਕੁਮਾਰ ਅਤੇ ਉਸਦੇ ਸਾਥੀਆਂ ਨੇ ਦੱਸਿਆ ਕਿ ਉਹ ਆਪਣੇ ਰਿਸ਼ਤੇਦਾਰ ਨੂੰ ਮੋਟਰਸਾਈਕਲ ਉਪਰ ਛੱਡਣ ਬਰਨਾਲਾ ਦੇ ਬੱਸ ਸਟੈਂਡ ਆਏ ਸਨ। ਜਿੱਥੇ ਉਹਨਾਂ ਨੇ ਬੱਸ ਸਟੈਂਡ ਵਿੱਚ ਮੋਟਰਸਾਈਕਲ ਨੂੰ ਲੌਕ ਲਗਾ ਕੇ ਖੜਾਇਆ ਸੀ। ਜਦੋਂ ਕੁੱਝ ਸਮੇਂ ਬਾਅਦ ਜਾ ਕੇ ਦੇਖਿਆ ਤਾਂ ਮੋਟਰਸਾਈਕਲ ਚੋਰੀ ਹੋ ਗਿਆ ਸੀ। ਇਸ ਦੀ ਉਹਨਾਂ ਨੇ ਬੱਸ ਸਟੈਂਡ ਵਿੱਚ ਮੌਜੂਦ ਪੁਲਿਸ ਚੌਂਕੀ ਵਿੱਚ ਸਿ਼ਕਾਇਤ ਦਰਜ਼ ਕਰਵਾਈ ਅਤੇ ਬੱਸ ਸਟੈਂਡ ਦੇ ਸੀਸੀਟੀਵੀ ਕੈਮਰੇ ਚੈਕ ਕਰਨ ਦੀ ਮੰਗ ਕੀਤੀ। ਉਹਨਾਂ ਦੱਸਿਆ ਕਿ ਉਨ੍ਹਾਂ ਨੂੰ ਹੈਰਾਨੀ ਉਸ ਵੇਲੇ ਹੋਈ, ਜਦੋਂ ਬੱਸ ਸਟੈਂਡ ਦੇ ਸਾਰੇ ਕੈਮਰੇ ਬੰਦ ਪਾਏ ਗਏ। ਉਹਨਾਂ ਦੱਸਿਆ ਕਿ ਬੱਸ ਸਟੈਂਡ ਵਿੱਚ 40 ਦੇ ਕਰੀਬ ਸੀਸੀਟੀਵੀ ਕੈਮਰੇ ਲੱਗੇ ਹਨ, ਜਿਹਨਾਂ ਵਿੱਚੋਂ ਸਿਰਫ਼ 4 ਕੈਮਰੇ ਚੱਲ ਰਹੇ ਹਨ, ਜਦਕਿ ਬਾਕੀ ਖ਼ਰਾਬ ਪਏ ਹਨ। ਜਿਸ ਕਰਕੇ ਆਏ ਦਿਨ ਇੱਥੇ ਚੋਰੀ ਸਮੇਤ ਹੋਰ ਵਾਰਦਾਤਾਂ ਹੋ ਰਹੀਆਂ ਹਨ। ਬੱਸ ਸਟੈਂਡ ਦੇ ਪ੍ਰਬੰਧਕਾਂ ਅਤੇ ਪੁਲਿਸ ਪ੍ਰਸ਼ਾਸ਼ਨ ਤੋਂ ਮੰਗ ਕਰਦੇ ਹਾਂ ਕਿ ਇੱਥੋਂ ਦੇ ਸੀਸੀਟੀਵੀ ਕੈਮਰੇ ਚਾਲੂ ਕੀਤੇ ਜਾਣ ਤਾਂ ਕਿ ਇੱਥੇ ਚੋਰੀਆਂ ਕਰਨ ਵਾਲੇ ਵਿਅਕਤੀਆਂ ਦਾ ਪਤਾ ਲਗਾਇਆ ਜਾ ਸਕੇ।
ਪੁਲਿਸ ਚੌਂਕੀ ਕੋਲ ਸਮੂਹ ਕੈਮਰਿਆਂ ਦਾ ਪ੍ਰਬੰਧ : ਇਸ ਸਬੰਧੀ ਨਗਰ ਸੁਧਾਰ ਟਰੱਸਟ ਦੇ ਈਓ ਰਵਿੰਦਰ ਕੁਮਾਰ ਗਰਗ ਨੇ ਕਿਹਾ ਕਿ ਬੱਸ ਸਟੈਂਡ ਨਗਰ ਸੁਧਾਰ ਟਰੱਸਟ ਦੇ ਅਧੀਨ ਹੈ, ਪਰ ਬੱਸ ਸਟੈਂਡ ਵਿੱਚ ਲੱਗੇ ਸਮੂਹ ਕੈਮਰਿਆਂ ਦਾ ਪ੍ਰਬੰਧ ਪੁਲਿਸ ਚੌਂਕੀ ਕੋਲ ਹੈ। ਇਸਦਾ ਕੰਟਰੋਲ ਕਰਨ ਵਾਲੇ ਪੁਲਸ ਪ੍ਰਸ਼ਾਸ਼ਨ ਨੇ ਧਿਆਨ ਵਿੱਚ ਨਹੀਂ ਲਿਆਂਦਾ। ਅੱਜ ਹੀ ਇਹ ਮਾਮਲਾ ਉਹਨਾਂ ਦੇ ਧਿਆਨ ਵਿੱਚ ਆਇਆ ਹੈ। ਜੋ ਕੈਮਰੇ ਖ਼ਰਾਬ ਹਨ, ਉਹਨਾਂ ਨੂੰ ਠੀਕ ਕਰਵਾ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਜਿਹਨਾਂ ਕੈਮਰਿਆਂ ਦੀਆਂ ਤਾਰਾਂ ਟੁੱਟੀਆਂ ਹਨ, ਉਹ ਪਵਾ ਕੇ ਚਾਲੂ ਕਰ ਦੇਵਾਂਗੇ, ਜਦਕਿ ਖ਼ਰਾਬ ਪਏ ਕੈਮਰੇ ਨਵੇਂ ਲਗਾ ਦਿੱਤੇ ਜਾਣਗੇ।
ਜਲਦ ਠੀਕ ਕਰਵਾ ਦਿੱਤੇ ਜਾਣਗੇ ਕੈਮਰੇ: ਇਸ ਤੋਂ ਇਲਾਵਾ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਰਾਮ ਤੀਰਥ ਮੰਨਾ ਨੇ ਵੀ ਸੀਸੀਟੀਵੀ ਕੈਮਰਿਆਂ ਨੂੰ ਜਲਦ ਤੋਂ ਜਲਦ ਠੀਕ ਕਰਨ ਦਾ ਦਾਅਵਾ ਕੀਤਾ। ਉਹਨਾਂ ਕਿਹਾ ਕਿ ਬੱਸ ਸਟੈਂਡ ਦੀ ਹਰ ਸਮੱਸਿਆ ਨਗਰ ਸੁਧਾਰ ਟਰੱਸਟ ਵਲੋਂ ਪਹਿਲ ਦੇ ਆਧਾਰ ਤੇ ਠੀਕ ਕਰ ਦਿੱਤੀ ਜਾਂਦੀ ਹੈ ਅਤੇ ਇਹ ਕੈਮਰਿਆਂ ਦੀ ਸਮੱਸਿਆ ਵੀ ਹੱਲ ਕਰ ਦਿੱਤਾ ਜਾਵੇਗੀ।