ਬਠਿੰਡਾ/ਬਰਨਾਲਾ/ਮਾਨਸਾ/ਹੁਸ਼ਿਆਰਪੁਰ: ਪੰਜਾਬ ਵਿੱਚ ਪੁਲਿਸ ਵਲੋਂ ਨਸ਼ਾ ਤਸਕਰਾਂ ਖਿਲਾਫ ਮੁੰਹਿਮ ਵਿੱਢੀ ਗਈ ਹੈ ਜਿਸ ਤਹਿਤ ਕਾਸੋ ਈਗਲ-5 ਆਪ੍ਰੇਸ਼ਨ ਚਲਾ ਕੇ, ਸ਼ੱਕੀ ਨਸ਼ਾ ਤਸਕਰਾਂ ਉੱਤੇ ਸ਼ਿਕੰਜਾ ਕੱਸਿਆ ਜਾ ਰਿਹਾ ਹੈ। ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਪੁਲਿਸ ਵਲੋਂ ਸ਼ੱਕੀ ਨਸ਼ਾ ਤਸਕਰਾਂ ਦੇ ਘਰ ਜਾ ਕੇ ਛਾਪੇਮਾਰੀ ਕੀਤੀ ਗਈ। ਇੱਥੋ ਤੱਕ ਕਿ ਕਈ ਥਾਵਾਂ ਉੱਤੇ ਨਾਕੇਬੰਦੀ ਕਰਕੇ ਵੀ ਆਉਣ ਜਾਣ ਵਾਲੇ ਲੋਕਾਂ ਦੀ ਤਲਾਸ਼ੀ ਲਈ ਗਈ।
ਬਰਨਾਲਾ 'ਚ ਛਾਪੇਮਾਰੀ: ਇੱਥੇ ਨਸ਼ੇ ਲਈ ਬਦਨਾਮ ਥਾਵਾਂ 'ਤੇ ਪੁਲਿਸ ਪ੍ਰਸ਼ਾਸਨ ਵਲੋਂ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਗਈ। ਪੰਜਾਬ ਪੁਲਿਸ ਵੱਲੋਂ ਅਪਰੇਸ਼ਨ ਈਗਲ-5 ਤਹਿਤ ਜ਼ਿਲ੍ਹੇ ਭਰ ਵਿੱਚ ਬਰਨਾਲਾ, ਤਪਾ ਮੰਡੀ ਅਤੇ ਮਹਿਲ ਕਲਾਂ ਵਿੱਚ ਚੈਕਿੰਗ ਕੀਤੀ ਗਈ। ਇਸ ਚੈਕਿੰਗ ਦੌਰਾਨ ਪੁਲਿਸ ਨੇ ਨਸ਼ੀਲੇ ਪਦਾਰਥ ਬਰਾਮਦ ਕੀਤੇ ਅਤੇ ਕੁਝ ਵਿਅਕਤੀਆਂ ਨੂੰ ਹਿਰਾਸਤ ਵਿੱਚ ਵੀ ਲਿਆ, ਜਦਕਿ ਕੁਝ ਵਾਹਨ ਵੀ ਜ਼ਬਤ ਕੀਤੇ ਗਏ ਹਨ। ਇਸ ਸਬੰਧੀ ਗੱਲਬਾਤ ਕਰਦਿਆਂ ਐੱਸਐੱਸਪੀ ਬਰਨਾਲਾ ਸੰਦੀਪ ਕੁਮਾਰ ਮਲਿਕ ਨੇ ਦੱਸਿਆ ਕਿ ਪੰਜਾਬ ਪੁਲਿਸ ਦੀ ਨਸ਼ਿਆਂ ਵਿਰੁੱਧ ਮੁਹਿੰਮ ਲਗਾਤਾਰ ਜਾਰੀ ਹੈ ਤੇ ਇਸੇ ਤਰ੍ਹਾਂ ਕਾਰਵਾਈ ਸਮੇਂ-ਸਮੇਂ ਸਿਰ ਕੀਤੀ ਜਾਂਦੀ ਰਹੇਗੀ।
ਬਠਿੰਡਾ ਪੁਲਿਸ ਵੱਲੋਂ ਛਾਪੇਮਾਰੀ: ਨਸ਼ੇ ਦੇ ਕਾਰੋਬਾਰ ਵਿੱਚ ਬਦਨਾਮ ਬਠਿੰਡਾ ਦੀ ਧੋਬੀਆਣਾ ਬਸਤੀ ਵਿਖੇ ਅੱਜ ਪੁਲਿਸ ਵੱਲੋਂ ਆਪਰੇਸ਼ਨ ਈਗਲ ਦੇ ਤਹਿਤ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਗਈ। ਪੁਲਿਸ ਦੀ ਛਾਪੇਮਾਰੀ ਦਾ ਪਤਾ ਚੱਲਦੇ ਹੀ ਕੁਝ ਲੋਕ ਆਪਣੇ ਘਰਾਂ ਨੂੰ ਜਿੰਦਰੇ ਮਾਰ ਕੇ ਫ਼ਰਾਰ ਹੋ ਗਏ ਮੌਕੇ ਉੱਤੇ ਪਹੁੰਚੇ ਐਸਐਸਪੀ ਬਠਿੰਡਾ ਅਵਨੀਤ ਕੌਰ ਕੌਂਡਲ ਨੇ ਕਿਹਾ ਕਿ ਜੋ ਨਸ਼ੇ ਦੇ ਕਾਰੋਬਾਰ ਲਈ ਬਦਨਾਮ ਹਨ, ਇਨ੍ਹਾਂ ਹੋਟ ਸਪੋਟ ਨੂੰ ਟਾਰਗੇਟ ਕਰਕੇ ਪੁਲਿਸ ਵੱਲੋਂ ਅੱਜ ਛਾਪੇਮਾਰੀ ਕੀਤੀ ਗਈ ਹੈ, ਤਾਂ ਜੋ ਨਸ਼ੇ ਤਸਕਰਾਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ।
ਮਾਨਸਾ ਵਿਖੇ ਪੁਲਿਸ ਦਾ ਆਪ੍ਰੇਸ਼ਨ CASO: ਐਸਐਸਪੀ ਭਾਗੀਰਥ ਸਿੰਘ ਮੀਨਾ ਦੀ ਅਗਵਾਈ ਚੋਂ ਡਰੱਗ ਸਪੋਟ ਸਥਾਨਾਂ ਤੇ ਚੈਕਿੰਗ ਕੀਤੀ ਗਈ ਐਸਐਸਪੀ ਨੇ ਦੱਸਿਆ ਕਿ ਜਿਨ੍ਹਾਂ ਲੋਕਾਂ ਉੱਤੇ ਪਹਿਲਾਂ ਨਸ਼ੇ ਦੇ ਮਾਮਲੇ ਦਰਜ ਹਨ, ਉਨ੍ਹਾਂ ਦੀ ਵੀ ਪੁਲਿਸ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ ਕਿ ਉਹ ਵਿਅਕਤੀ ਨਸ਼ੇ ਦੀ ਵਿਕਰੀ ਕਰਦੇ ਹਨ ਜਾਂ ਨਹੀਂ। ਇਸ ਤੋਂ ਇਲਾਵਾ ਉਨ੍ਹਾਂ ਨੇ ਦੱਸਿਆ ਕਿ ਨਸ਼ਿਆਂ ਦੇ ਖਿਲਾਫ ਪੁਲਿਸ ਦੀ ਇਹ ਮੁਹਿੰਮ ਜਾਰੀ ਰਹੇਗੀ ਅਤੇ ਕਿਸੇ ਵੀ ਵਿਅਕਤੀ ਨੂੰ ਨਸ਼ੇ ਦੀ ਵਿਕਰੀ ਕਰਨ ਨਹੀਂ ਦਿੱਤੀ ਜਾਵੇਗੀ। ਐਸਐਸਪੀ ਨੇ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਨਸ਼ੇ ਦੀ ਵਿਕਰੀ ਕਰਦਾ ਹੈ, ਤਾਂ ਉਸ ਦੀ ਜਾਣਕਾਰੀ ਪੁਲਿਸ ਦੀ ਹੈਲਪ ਲਾਈਨ ਉੱਤੇ ਦਿੱਤੀ ਜਾ ਸਕਦੀ ਹੈ।
ਗੜ੍ਹਸ਼ੰਕਰ ਵਿੱਚ ਘਰਾਂ ਨੂੰ ਤਾਲੇ ਲਾ ਕੇ ਨਿਕਲੇ ਲੋਕ : ਪੰਜਾਬ ਪੁਲਿਸ ਵਲੋਂ ਸੂਬੇ ਭਰ ਵਿੱਚ ਚਲਾਏ ਕਾਸੋ ਆਪ੍ਰੇਸ਼ਨ ਤਹਿਤ ਗੜ੍ਹਸ਼ੰਕਰ ਦੇ ਪਿੰਡ ਦੇਨੋਵਾਲ ਖ਼ੁਰਦ ਵਿੱਖੇ ਪਰਮਿੰਦਰ ਸਿੰਘ ਡੀਐਸਪੀ ਗੜ੍ਹਸ਼ੰਕਰ ਅਤੇ ਬਲਜਿੰਦਰ ਸਿੰਘ ਮੱਲ੍ਹੀ ਐਸਐਚਓ ਥਾਣਾ ਗੜ੍ਹਸ਼ੰਕਰ ਦੀ ਅਗੁਵਾਈ ਵਿੱਚ ਪੁਲਿਸ ਪਾਰਟੀ ਵਲੋਂ ਕਾਸੋ ਆਪ੍ਰੇਸ਼ਨ ਚਲਾਇਆ ਗਿਆ> ਇਸ ਮੌਕੇ ਜਿਆਦਾਤਰ ਘਰਾਂ ਦੇ ਤਾਲੇ ਲੱਗੇ ਹੋਏ ਨਜ਼ਰ ਆਏ। ਇਸ ਮੌਕੇ ਪਰਮਿੰਦਰ ਸਿੰਘ ਡੀਐਸਪੀ ਗੜ੍ਹਸ਼ੰਕਰ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾਂ ਅੰਨੁਸਾਰ ਕਾਸੋ ਆਪ੍ਰੇਸ਼ਨ ਤਹਿਤ ਨਸ਼ੇ ਨਾਲ ਜੁੜੇ ਪਿੰਡ ਦੇਨੋਵਾਲ ਖ਼ੁਰਦ ਵਿੱਖੇ ਸ਼ੱਕੀ ਅਸਥਾਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਇਸ ਮੌਕੇ ਉਨ੍ਹਾਂ ਨੇ ਕਿਹਾ ਨਸ਼ੇ ਨਾਲ ਜੁੜੇ ਸਮੱਗਲਰਾਂ ਨੂੰ ਕਿਸੇ ਵੀ ਕਿਸਮ ਦੇ ਨਾਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਸੂਬੇ ਭਰ ਚੋਂ ਚਾਰ ਭਗੌੜਿਆਂ ਸਣੇ 86 ਵਿਅਕਤੀ ਗ੍ਰਿਫਤਾਰ ਤੇ ਬਰਾਮਦਗੀਆਂ: ਪੰਜਾਬ ਪੁਲਿਸ ਨੇ ਬੁੱਧਵਾਰ ਨੂੰ ਨਸ਼ਿਆਂ ਦੇ ਸ਼ਨਾਖਤ ਕੀਤੇ ਹੌਟਸਪੌਟਸ –ਸੂਬੇ ਭਰ ’ਚ ਨਸ਼ਿਆਂ ਅਤੇ ਨਸ਼ੀਲੇ ਪਦਾਰਥਾਂ ਦੀ ਖ਼ਰੀਦ-ਫ਼ਰੋਖ਼ਤ ਵਾਲੀਆਂ ਥਾਵਾਂ, ’ਤੇ ਇੱਕ ਵਿਆਪਕ ਸੂਬਾ ਪੱਧਰੀ ਘੇਰਾਬੰਦੀ ਅਤੇ ਤਲਾਸ਼ੀ ਅਭਿਆਨ (ਕਾਸੋ)- ‘ਈਗਲ-5’ ਚਲਾਇਆ। ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਦੇ ਦਿਸ਼ਾ-ਨਿਰਦੇਸ਼ਾਂ ’ਤੇ ਇਹ ਆਪ੍ਰੇਸ਼ਨ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਰਾਜ ਦੇ ਸਾਰੇ 28 ਪੁਲਿਸ ਜ਼ਿਲ੍ਹਿਆਂ ਵਿੱਚ ਇੱਕੋ ਸਮੇਂ ’ਤੇ ਚਲਾਇਆ ਗਿਆ। ਇਸ ਦੌਰਾਨ ਰੇਂਜ ਅਧਿਕਾਰੀਆਂ ਅਤੇ ਸੀਪੀਜ਼/ਐਸਐਸਪੀਜ਼ ਨੂੰ ਨਿੱਜੀ ਤੌਰ ’ਤੇ ਇਸ ਵਿਸ਼ੇਸ਼ ਕਾਰਵਾਈ ਦੀ ਨਿਗਰਾਨੀ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ।
ਸਪੈਸ਼ਲ ਡੀਜੀਪੀ ਲਾਅ ਐਂਡ ਆਰਡਰ ਅਰਪਿਤ ਸ਼ੁਕਲਾ ਨੇ ਪ੍ਰੈਸ ਰਿਲੀਜ਼ ਕਰਦਿਆ ਦੱਸਿਆ ਕਿ 4000 ਤੋਂ ਵੱਧ ਪੁਲਿਸ ਕਰਮੀਆਂ ਦੀ ਨਫ਼ਰੀ ਵਾਲੀਆਂ 518 ਤੋਂ ਵੱਧ ਪੁਲਿਸ ਟੀਮਾਂ, ਨੇ 512 ਨਸ਼ਿਆਂ ਦੇ ਹੌਟਸਪੌਟਸ ’ਤੇ ਇਸ ਅਪਰੇਸ਼ਨ ਨੂੰ ਅੰਜਾਮ ਦਿੱਤਾ। ਇਸ ਦੌਰਾਨ ਨਸ਼ਿਆਂ ਦੇ ਹੌਟਸਪੌਟਸ ’ਤੇ ਅਤੇ ਇਨ੍ਹਾਂ ਦੇ ਆਲੇ-ਦੁਆਲੇ ਵਾਲੀਆਂ ਥਾਵਾਂ ’ਤੇ 419 ਮਜ਼ਬੂਤ ਨਾਕੇ ਵੀ ਲਗਾਏ ਗਏ।
ਅਪਰੇਸ਼ਨ ਦੌਰਾਨ ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ ਨੇ ਦੱਸਿਆ ਕਿ ਪੁਲਿਸ ਟੀਮਾਂ ਨੇ 82 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ 61 ਐਫਆਈਆਰ ਦਰਜ ਕੀਤੀਆਂ ਹਨ। ਪੁਲਿਸ ਟੀਮਾਂ ਨੇ 3741 ਸ਼ੱਕੀ ਵਿਅਕਤੀਆਂ ਦੀ ਜਾਂਚ ਕਰਕੇ ਉਨ੍ਹਾਂ ਦੇ ਵੇਰਵਿਆਂ ਦੀ ਪੁਸ਼ਟੀ ਕਰਨ ਤੋਂ ਇਲਾਵਾ ਚਾਰ ਭਗੌੜੇ ਅਪਰਾਧੀਆਂ ਨੂੰ ਵੀ ਗ੍ਰਿਫਤਾਰ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਇਸ ਵੱਡੇ ਅਪ੍ਰੇਸ਼ਨ ਦੌਰਾਨ 270 ਗ੍ਰਾਮ ਹੈਰੋਇਨ, 15210 ਲੱਖ ਰੁਪਏ ਦੀ ਡਰੱਗ ਮਨੀ, 74 ਕਿਲੋ ਭੁੱਕੀ, 2 ਕਿਲੋ ਗਾਂਜਾ, 1868 ਨਸ਼ੀਲੀਆਂ ਗੋਲੀਆਂ ਅਤੇ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਅਤੇ ਲਾਹਣ ਬਰਾਮਦ ਕੀਤੀ ਗਈ ਹੈ।