ਲੁਧਿਆਣਾ: ਕੈਨੇਡਾ ਵੱਲੋਂ ਲਗਾਤਾਰ ਆਪਣੀ ਵੀਜ਼ਾ ਨਿਯਮਾਂ ਦੇ ਵਿੱਚ ਇੱਕ ਤੋਂ ਬਾਅਦ ਇੱਕ ਤਬਦੀਲੀਆਂ ਕੀਤੀਆਂ ਜਾ ਰਹੀਆਂ ਹਨ। ਅਕਤੂਬਰ 2025 ਦੇ ਵਿੱਚ ਕੈਨੇਡਾ ਅੰਦਰ ਚੋਣਾਂ ਹੋਣੀਆਂ ਹਨ, ਉਸ ਤੋਂ ਪਹਿਲਾਂ ਨਿਯਮਾਂ ਦੇ ਵਿੱਚ ਤਬਦੀਲੀਆਂ ਹੋ ਰਹੀਆਂ ਹਨ। ਕੈਨੇਡਾ ਨੇ ਹੁਣ ਫੈਸਲਾ ਲਿਆ ਹੈ ਕਿ ਸਟੂਡੈਂਟ ਵੀਜ਼ਾ ਮਿਲਣ ਤੋਂ ਬਾਅਦ ਵਿਦਿਆਰਥੀ ਆਪਣਾ ਕਾਲਜ ਜਾਂ ਫਿਰ ਯੂਨੀਵਰਸਿਟੀ ਬਦਲ ਨਹੀਂ ਸਕਣਗੇ।
ਵੀਜ਼ਾ ਨਿਯਮਾਂ 'ਚ ਕੀਤੇ ਬਦਲਾਅ
ਜੇਕਰ ਵਿਦਿਆਰਥੀ ਕਾਲਜ ਜਾਂ ਫਿਰ ਯੂਨੀਵਰਸਿਟੀ ਬਦਲਦੇ ਹਨ ਤਾਂ ਉਹਨਾਂ ਨੂੰ ਇੱਕ ਵਾਰ ਮੁੜ ਤੋਂ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਹੋਵੇਗਾ। ਇਸ ਦੌਰਾਨ ਜੇਕਰ ਉਨ੍ਹਾਂ ਦਾ ਵੀਜ਼ਾ ਰਿਫਿਊਜ ਹੋ ਜਾਂਦਾ ਹੈ ਤਾਂ ਅਜਿਹੀ ਸੂਰਤ ਦੇ ਵਿੱਚ ਉਹਨਾਂ ਨੂੰ ਸਿਰਫ 30 ਦਿਨ ਦਾ ਸਮਾਂ ਦਿੱਤਾ ਜਾਵੇਗਾ ਅਤੇ ਇਸ 30 ਦਿਨ ਦੇ ਦੌਰਾਨ ਉਹਨਾਂ ਨੂੰ ਵਾਪਸੀ ਕਰਨੀ ਪਵੇਗੀ। ਭਾਵ ਕਿ ਵਾਪਸ ਆਪਣੇ ਮੁਲਕ ਪਰਤਣਾ ਪਵੇਗਾ, ਭਾਵੇਂ ਉਹ ਕਿਸੇ ਵੀ ਦੇਸ਼ ਤੋਂ ਆਏ ਕੋਈ ਵਿਦਿਆਰਥੀ ਕਿਉਂ ਨਾ ਹੋਣ।
ਭਾਰਤੀ ਵਿਦਿਆਰਥੀਆਂ 'ਤੇ ਅਸਰ
ਕੈਨੇਡਾ ਸਰਕਾਰ ਵੱਲੋਂ ਲਗਾਤਾਰ ਵੀਜ਼ਾ ਨਿਯਮਾਂ ਦੇ ਵਿੱਚ ਤਬਦੀਲੀਆਂ ਲਗਾਤਾਰ ਕੈਨੇਡਾ ਵਿੱਚ ਵੱਧ ਰਹੇ ਪਰਵਾਸ 'ਤੇ ਠੱਲ ਪਾਉਣ ਲਈ ਕੀਤਾ ਜਾ ਰਿਹਾ ਹੈ। ਲੁਧਿਆਣਾ ਦੇ ਇਮੀਗ੍ਰੇਸ਼ਨ ਮਾਹਿਰ ਨਿਤਿਨ ਚਾਵਲਾ ਨੇ ਦੱਸਿਆ ਕਿ ਪਹਿਲਾਂ ਕੈਨੇਡਾ ਵੱਲੋਂ ਲੱਖਾਂ ਹੀ ਵਿਦਿਆਰਥੀਆਂ ਨੂੰ ਵੀਜੇ ਦੇ ਦਿੱਤੇ ਗਏ। ਹੁਣ ਜਦੋਂ ਵੱਡੀ ਗਿਣਤੀ 'ਚ ਵਿਦਿਆਰਥੀ ਉਥੇ ਪਹੁੰਚ ਗਏ ਹਨ ਤਾਂ ਇੱਕ ਤੋਂ ਬਾਅਦ ਇੱਕ ਨਿਯਮਾਂ ਦੇ ਵਿੱਚ ਤਬਦੀਲੀਆਂ ਕੀਤੀਆਂ ਜਾ ਰਹੀਆਂ ਹਨ।
ਆਗਾਮੀ ਚੋਣਾਂ ਦੇ ਚੱਲਦੇ ਬਦਲ ਰਹੇ ਨਿਯਮ
ਉਹਨਾਂ ਕਿਹਾ ਕਿ ਇਹਨਾਂ ਤਬਦੀਲੀਆਂ ਦਾ ਅਸਰ ਭਾਰਤੀ ਵਿਦਿਆਰਥੀਆਂ 'ਤੇ ਪੈ ਰਿਹਾ ਹੈ। ਵੀਜ਼ਾ ਦੇਣ ਤੋਂ ਪਹਿਲਾਂ ਹੀ ਕੈਨੇਡਾ ਨੂੰ ਸੋਚਣਾ ਚਾਹੀਦਾ ਸੀ। ਉਹਨਾਂ ਕਿਹਾ ਕਿ ਯਕੀਨਨ ਤੌਰ 'ਤੇ ਇਹ ਸਭ ਚੋਣਾਂ ਦੇ ਮੱਦੇਨਜ਼ਰ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਅਕਤੂਬਰ 2025 ਤੋਂ ਬਾਅਦ ਕੈਨੇਡਾ ਦੇ ਵਿੱਚ ਜਿਹੜੀ ਵੀ ਸਰਕਾਰ ਬਣੇਗੀ, ਫਿਰ ਉਸ ਦੇ ਮੁਤਾਬਿਕ ਹੀ ਅੱਗੇ ਨਿਯਮਾਂ ਦੇ ਵਿੱਚ ਬਦਲਾਅ ਕੀਤੇ ਜਾਣਗੇ। ਫਿਲਹਾਲ ਵਿਦਿਆਰਥੀਆਂ ਦੇ ਲਈ ਨਿਯਮਾਂ ਦੇ ਵਿੱਚ ਸਖ਼ਤੀ ਵਿਖਾਈ ਜਾ ਰਹੀ ਹੈ, ਜਿਸ ਦਾ ਸਿੱਧਾ ਅਸਰ ਭਾਰਤੀ ਵਿਦਿਆਰਥੀਆਂ 'ਤੇ ਪੈ ਰਿਹਾ ਹੈ।