ਬਠਿੰਡਾ: ਕਿਸਾਨ ਅੰਦੋਲਨ ਦੌਰਾਨ ਖਨੌਰੀ ਬਾਰਡਰ 'ਤੇ ਗੋਲੀ ਨਾਲ ਮਾਰੇ ਗਏ ਬਠਿੰਡਾ ਦੇ ਪਿੰਡ ਬਲੋ ਦੇ ਨੌਜਵਾਨ ਕਿਸਾਨ ਸ਼ੁੱਭਕਰਨ ਸਿੰਘ ਦੇ ਘਰ ਦੁੱਖ ਸਾਂਝਾ ਲਈ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁਡੀਆਂ ਪਹੁੰਚੇ। ਇਸ ਮੌਕੇ ਉਹਨਾਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸ਼ੁੱਭਕਰਨ ਸਿੰਘ ਨੂੰ ਜਲਦ ਹੀ ਇਨਸਾਫ ਮਿਲੇਗਾ। ਇਸ ਦੇ ਨਾਲ ਹੀ ਇਨਸਾਫ ਵਿੱਚ ਹੋ ਰਹੀ ਦੇਰੀ ਸਬੰਧੀ ਬੋਲਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ੁਭਕਰਨ ਸਿੰਘ ਦੇ ਮਾਮਲੇ ਵਿੱਚ ਜਿੱਥੇ ਆਰਥਿਕ ਮਦਦ ਕੀਤੀ ਗਈ ਹੈ, ਉੱਥੇ ਹੀ ਉਸ ਦੀ ਭੈਣ ਨੂੰ ਸਰਕਾਰੀ ਨੌਕਰੀ ਵੀ ਦਿੱਤੀ ਗਈ ਹੈ।
ਖੇਤੀਬਾੜੀ ਮੰਤਰੀ ਨੇ ਕੀਤਾ ਪਰਿਵਾਰ ਨਾਲ ਦੁੱਖ ਸਾਂਝਾ: ਇਸ ਦੇ ਨਾਲ ਹੀ ਮੰਤਰੀ ਖੁੱਡੀਆਂ ਨੇ ਕਿਹਾ ਕਿ ਬਾਕੀ ਮੰਗਾਂ 'ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਜੋ ਮਾਮਲਾ ਦਰਜ ਕਰਨ ਦੀ ਗੱਲ ਆਖੀ ਜਾ ਰਹੀ ਆ, ਉਸ ਸਬੰਧੀ ਯੂਰੀਡੈਕਸ਼ਨ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਰਹੇ ਹਨ, ਜੋ ਕਿ ਜਲਦ ਹੀ ਹੱਲ ਕਰ ਲਿਆ ਜਾਵੇਗਾ। ਉਹਨਾਂ ਕਿਹਾ ਕਿ ਸ਼ੁੱਭਕਰਮ ਸਿੰਘ ਦੀ ਮੌਤ ਨਾ ਪੂਰਾ ਹੋਣ ਵਾਲਾ ਘਾਟਾ ਹੈ। ਇੱਕ ਨੌਜਵਾਨ ਦਾ ਇਸ ਤਰ੍ਹਾਂ ਸੰਘਰਸ਼ ਕਰਦੇ ਹੋਏ ਦੁਨੀਆਂ ਤੋਂ ਚਲਾ ਜਾਣਾ ਪਰਿਵਾਰਿਕ ਮੈਂਬਰਾਂ ਦੇ ਨਾਲ-ਨਾਲ ਸੰਘਰਸ਼ ਕਰ ਰਹੇ ਲੋਕਾਂ ਲਈ ਵੀ ਦੁਖਦਾਈ ਹੈ। ਇਸ ਲਈ ਪੰਜਾਬ ਸਰਕਾਰ ਸ਼ੁੱਭਕਰਨ ਸਿੰਘ ਦੇ ਪਰਿਵਾਰ ਨਾਲ ਇਸ ਦੁੱਖ ਦੀ ਘੜੀ ਵਿੱਚ ਨਾਲ ਖੜੀ ਹੈ। ਉੱਥੇ ਹੀ ਉਹਨਾਂ ਕਿਹਾ ਕਿ ਸ਼ੁਭਕਰਨ ਸਿੰਘ ਨੂੰ ਇਨਸਾਫ ਦੇਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ ਅਤੇ ਹੋਰਨਾਂ ਮੰਗਾਂ ਨੂੰ ਜਲਦ ਵਿਚਾਰਿਆ ਜਾ ਰਿਹਾ ਹੈ ਅਤੇ ਜਲਦ ਹੀ ਉਨ੍ਹਾਂ ਦਾ ਹੱਲ ਕੀਤਾ ਜਾਵੇਗਾ।
ਹਰਿਆਣਾ ਦਾ ਕਿਸਾਨਾਂ 'ਤੇ ਤਸ਼ੱਦਦ: ਕਾਬਿਲੇਗੌਰ ਹੈ ਕਿ ਆਪਣੀਆਂ ਹੱਕੀ ਮੰਗਾਂ ਲਈ ਕਿਸਾਨ ਦਿੱਲੀ ਕੂਚ ਲਈ ਵਜਿੱਦ ਹਨ ਅਤੇ ਇਸ ਦੌਰਾਨ ਹਰਿਆਣਾ ਬਾਰਡਰਾਂ 'ਤੇ ਕਿਸਾਨਾਂ ਨੂੰ ਹਰਿਆਣਾ ਦੀ ਪੁਲਿਸ ਵਲੋਂ ਬੈਰੀਕੇਡਿੰਗ ਕਰਕੇ ਰੋਕ ਲਿਆ ਹੈ ਤੇ ਇਸ ਦੌਰਾਨ ਪੁਲਿਸ ਵਲੋਂ ਗੋਲੀਆਂ ਚਲਾਉਣ ਦੇ ਨਾਲ-ਨਾਲ ਹੰਝੂ ਗੈਸ ਦੇ ਗੋਲੇ ਵੀ ਦਾਗੇ ਗਏ, ਜਿਸ 'ਚ ਨੌਜਵਾਨ ਕਿਸਾਨ ਸ਼ੁੱਭਕਰਨ ਸਿੰਘ ਦੀ ਖਨੌਰੀ ਬਾਰਡਰ 'ਤੇ ਮੌਤ ਹੋ ਗਈ ਸੀ। ਜਦਕਿ ਇਸ ਦੌਰਾਨ ਹੋਰ ਕਈ ਕਿਸਾਨ ਜ਼ਖਮੀ ਵੀ ਹੋਏ ਸਨ।
ਕਿਸਾਨਾਂ ਦੀ ਮੰਗ ਤੇ ਸਰਕਾਰ ਦਾ ਐਲਾਨ: ਇਸ ਦੇ ਚੱਲਦਿਆਂ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਨੌਜਵਾਨ ਦੀ ਮ੍ਰਿਤਕ ਦੇਹ ਪਟਿਆਲਾ ਦੇ ਰਜਿੰਦਰਾ ਹਸਪਤਾਲ 'ਚ ਹੁਣ ਤੱਕ ਪਈ ਹੈ। ਜਿਸ 'ਚ ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਜਦੋਂ ਤੱਕ ਨੌਜਵਾਨ ਦੀ ਮੌਤ ਦੇ ਅਧਾਰ 'ਤੇ ਹਰਿਆਣਾ ਪ੍ਰਸ਼ਾਸਨ 'ਤੇ ਕਤਲ ਦਾ ਪਰਚਾ ਦਰਜ ਨਹੀਂ ਹੁੰਦਾ, ਉਦੋਂ ਤੱਕ ਨੌਜਵਾਨ ਦਾ ਨਾ ਤਾਂ ਪੋਸਟਮਾਰਟਮ ਕੀਤਾ ਜਾਵੇਗਾ ਤੇ ਨਾ ਹੀ ਉਸ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ। ਜਦਕਿ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਮ੍ਰਿਤਕ ਨੌਜਵਾਨ ਨੂੰ ਸ਼ਹੀਦ ਦਾ ਦਰਜਾ ਦੇਣ ਦੇ ਨਾਲ-ਨਾਲ ਪਰਿਵਾਰ ਨੂੰ ਇੱਕ ਕਰੋੜ ਦੀ ਸਹਾਇਤਾ ਰਾਸ਼ੀ ਅਤੇ ਛੋਟੀ ਭੈਣ ਨੂੰ ਨੌਕਰੀ ਦੇਣ ਦਾ ਐਲਾਨ ਕੀਤਾ ਗਿਆ ਹੈ।