ਬਠਿੰਡਾ: ਪੰਜਾਬ ਵਿੱਚ ਕਹਿਰ ਦੀ ਠੰਢ ਪੈ ਰਹੀ ਹੈ, ਜਿਸ ਤੋਂ ਬਚਣ ਲਈ ਲੋਕਾਂ ਵੱਲੋਂ ਵੱਖ-ਵੱਖ ਤਰ੍ਹਾਂ ਦੇ ਢੰਗ ਤਰੀਕੇ ਅਪਣਾਏ ਜਾ ਰਹੇ ਹਨ। ਮਰੀਜ਼ਾਂ ਨੂੰ ਇਸ ਕਹਿਰ ਦੀ ਠੰਢ ਤੋਂ ਬਚਾਉਣ ਲਈ ਬਠਿੰਡਾ ਦੇ ਸਰਕਾਰੀ ਹਸਪਤਾਲ ਵਿੱਚ ਉਪਲਬਧ ਕਰਾਏ ਦੇ ਕੰਬਲਾਂ ਨੂੰ ਹੁਣ ਸਿਹਤ ਵਿਭਾਗ ਵੱਲੋਂ ਜਿੰਦਰੇ ਲਗਾਕੇ ਕੇ ਬੈਡਾਂ ਨਾਲ ਰੱਖਿਆ ਗਿਆ ਹੈ। ਸਿਹਤ ਵਿਭਾਗ ਵੱਲੋਂ ਇਸ ਕਾਰਵਾਈ ਦੀ ਹਰ ਪਾਸੇ ਚਰਚਾ ਹੋ ਰਹੀ ਹੈ ਅਤੇ ਲੋਕਾਂ ਵੱਲੋਂ ਲਗਾਤਾਰ ਸਵਾਲ ਉਠਾਏ ਜਾ ਰਹੇ ਹਨ ਕਿ ਪੰਜਾਬ ਦੀ ਧਰਤੀ ਉੱਤੇ ਇਹ ਹਾਲਾਤ ਕਿਉਂ ਪੈਦਾ ਹੋਏ ਹਨ ਕਿ ਹਸਪਤਾਲ ਵਿੱਚ ਮਰੀਜ਼ਾਂ ਲਈ ਰੱਖੇ ਗਏ ਕੰਬਲਾਂ ਨੂੰ ਬੈਡਾਂ ਨਾਲ ਜਿੰਦਰੇ ਮਾਰ ਕੇ ਰੱਖਿਆ ਜਾ ਰਿਹਾ ਹੈ।
ਕੰਬਲਾਂ ਨੂੰ ਸਿਹਤ ਵਿਭਾਗ ਨੇ ਲਾਏ ਤਾਲੇ
ਸਾਡੀ ਟੀਮ ਨੇ ਬਠਿੰਡਾ ਦੇ ਭਾਈ ਮਨੀ ਸਿੰਘ ਸਰਕਾਰੀ ਹਸਪਤਾਲ ਦੇ ਜੱਚਾ ਬੱਚਾ ਵਾਰਡ ਵਿੱਚ ਜਾ ਕੇ ਜਦੋਂ ਦੇਖਿਆ ਤਾਂ ਸ਼ਾਇਦ ਹੀ ਕੋਈ ਅਜਿਹਾ ਬੈੱਡ ਹੋਵੇਗਾ ਜਿਸ ਉੱਤੇ ਪਏ ਕੰਬਲ ਨੂੰ ਜਿੰਦਰਾ ਮਾਰ ਕੇ ਨਾ ਰੱਖਿਆ ਗਿਆ ਹੋਵੇ। ਮੌਕੇ ਉੱਤੇ ਪਹੁੰਚੇ ਸਮਾਜਸੇਵੀ ਗੁਰਵਿੰਦਰ ਸ਼ਰਮਾ ਨੇ ਕਿਹਾ ਕਿ ਸਿਹਤ ਵਿਭਾਗ ਦੀ ਇਹ ਕਾਰਵਾਈ ਕਿਤੇ ਨਾ ਕਿਤੇ ਕਈ ਤਰ੍ਹਾਂ ਦੇ ਸਵਾਲ ਖੜੇ ਕਰਦੀ ਹੈ ਕਿਉਂਕਿ ਜੇਕਰ ਸਰਕਾਰੀ ਹਸਪਤਾਲਾਂ ਵਿੱਚ ਕੰਬਲ ਸੁਰੱਖਿਅਤ ਨਹੀਂ ਤਾਂ ਆਮ ਲੋਕ ਕਿਸ ਤਰ੍ਹਾਂ ਸੁਰੱਖਿਅਤ ਹੋ ਸਕਦੇ ਹਨ। ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਤਰ੍ਹਾਂ ਦੀਆਂ ਸਹੂਲਤਾਂ ਦੇਣ ਦਾ ਦਾਅਵਾ ਕੀਤਾ ਜਾਂਦਾ ਹੈ ਪਰ ਜਿਸ ਤਰ੍ਹਾਂ ਦੇ ਹਾਲਾਤ ਵੇਖਣ ਨੂੰ ਮਿਲ ਰਹੇ ਹਨ, ਉਸ ਤੋਂ ਸਾਫ ਜਾਹਿਰ ਹੁੰਦਾ ਹੈ ਕਿ ਜਿਸ ਸਰਕਾਰੀ ਹਸਪਤਾਲ ਵਿੱਚ ਕੰਬਲ ਸੁਰੱਖਿਅਤ ਨਹੀਂ ਹਨ, ਉੱਥੇ ਆਮ ਲੋਕ ਕਿਸ ਤਰ੍ਹਾਂ ਸੁਰੱਖਿਅਤ ਹੋਣਗੇ।
ਸਮਾਜਸੇਵੀ ਨੇ ਚੁੱਕੇ ਪ੍ਰਸ਼ਾਸਨ ਉੱਤੇ ਸਵਾਲ
ਸਮਾਜਸੇਵੀ ਨੇ ਕਿਹਾ ਕਿ ਪੰਜਾਬ ਵਿੱਚ ਅਜਿਹੇ ਹਲਾਤ ਕਿਉਂ ਪੈਦਾ ਹੋ ਰਹੇ ਹਨ ? ਕਿਉਂ ਲੋਕ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ ? ਉਹਨਾਂ ਕਿਹਾ ਕਿ ਬਹੁਤ ਸਾਰੀਆਂ ਖਬਰਾਂ ਆਈਆਂ ਸਨ ਕਿ ਸਰਕਾਰੀ ਹਸਪਤਾਲ ਵਿੱਚੋਂ ਬੱਚਾ ਚੋਰੀ ਹੋ ਗਿਆ, ਜੇਕਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੰਬਲਾਂ ਅਤੇ ਹੀਟਰਾਂ ਨੂੰ ਜਿੰਦਰੇ ਮਾਰ ਕੇ ਰੱਖਿਆ ਗਿਆ ਹੈ ਤਾਂ ਇਸ ਤੋਂ ਸਾਫ ਹੈ ਕਿ ਲੋਕਾਂ ਦੇ ਮਨ੍ਹਾਂ ਵਿੱਚ ਪੁਲਿਸ ਪ੍ਰਸ਼ਾਸਨ ਦਾ ਖੌਫ ਖਤਮ ਹੋ ਗਿਆ ਹੈ ਅਤੇ ਚੋਰਾਂ ਦੇ ਹੌਸਲੇ ਬੁਲੰਦ ਹਨ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸਰਕਾਰੀ ਹਸਪਤਾਲਾਂ ਵਿੱਚ ਸੁਰੱਖਿਆ ਮੁਲਾਜ਼ਮ ਰੱਖੇ ਜਾਣੇ ਚਾਹੀਦੇ ਹਨ ਤੋਂ ਜੋ ਸਰਕਾਰੀ ਸਮਾਨ ਦੀ ਰੱਖਿਆ ਹੋ ਸਕੇ। ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਵੱਡੀ ਗਿਣਤੀ ਵਿੱਚ ਸਮਾਜ ਸੇਵੀ ਸੰਸਥਾਵਾਂ ਵੱਲੋਂ ਸਰਕਾਰੀ ਹਸਪਤਾਲ ਵਿੱਚ ਮਰੀਜ਼ਾਂ ਨੂੰ ਠੰਢ ਤੋਂ ਬਚਾਉਣ ਲਈ ਵੱਡੀ ਪੱਧਰ ਉੱਤੇ ਕੰਬਲ ਅਤੇ ਹੋਰ ਲੋੜੀਦਾ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ, ਜੋ ਸਮਾਨ ਸਮਾਜਸੇਵੀ ਸੰਸਥਾਵਾਂ ਵੱਲੋਂ ਦਿੱਤਾ ਜਾਂਦਾ ਹੈ ਉਸ ਦੀ ਦੇਖਭਾਲ ਕਰਨਾ ਹਸਪਤਾਲ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ।
ਜਦੋਂ ਇਸ ਸਬੰਧੀ ਸਰਕਾਰੀ ਹਸਪਤਾਲ ਦੇ ਜੱਚਾ ਬੱਚਾ ਵਾਰਡ ਵਿੱਚ ਤੈਨਾਤ ਸੀਨੀਅਰ ਮੈਡੀਕਲ ਅਫਸਰ ਡਾ. ਪ੍ਰੀਤ ਮਨਿੰਦਰ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਕੰਬਲਾਂ ਨੂੰ ਸੰਗਲ ਇਸ ਲਈ ਲਾ ਕੇ ਰੱਖੇ ਗਏ ਹਨ ਕਿਉਂਕਿ ਕਈ ਮਰੀਜ਼ ਕੰਬਲ ਲੈ ਕੇ ਬਾਹਰ ਬੈਠ ਜਾਂਦੇ ਹਨ ਅਤੇ ਕਈ ਕੰਬਲ ਗੁੰਮ ਹੋ ਜਾਂਦੇ ਹਨ। ਜਦੋਂ ਕੰਬਲਾਂ ਦੀ ਲੋੜ ਹੁੰਦੀ ਹੈ ਤਾਂ ਉਦੋਂ ਇਹ ਕੰਬਲ ਉਪਲਬਧ ਨਹੀਂ ਹੁੰਦੇ, ਇਸ ਕਾਰਨ ਅਕਸਰ ਹੀ ਦੂਸਰੇ ਮਰੀਜ਼ਾਂ ਨੂੰ ਦਿੱਕਤ ਆਉਂਦੀ ਹੈ ਕਈ ਵਾਰ ਭੁਲੇਖੇ ਨਾਲ ਮਰੀਜ਼ ਇਹ ਕੰਬਲ ਆਪਣੇ ਨਾਲ ਲੈ ਜਾਂਦੇ ਹਨ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਹ ਸਰਕਾਰੀ ਸਮਾਨ ਤੁਹਾਡੀ ਆਪਣੀ ਪ੍ਰਾਪਰਟੀ ਹੈ ਅਤੇ ਇਹ ਲੋਕਾਂ ਨੂੰ ਸਹੂਲਤ ਦੇਣ ਲਈ ਉਪਲਬਧ ਕਰਾਈ ਗਈ ਹੈ ਸੋ ਇੱਥੇ ਇਲਾਜ ਲਈ ਆਏ ਸਾਰੇ ਮਰੀਜ਼ਾਂ ਨੂੰ ਚਾਹੀਦਾ ਹੈ ਕਿ ਉਹ ਇਸ ਪ੍ਰਾਪਰਟੀ ਦਾ ਖਿਆਲ ਰੱਖਣ ਨਾ ਕਿ ਇਸ ਨਾਲ ਕਿਸੇ ਤਰ੍ਹਾਂ ਦੀ ਛੇੜਛਾੜ ਕਰਨ।