ਬਰਨਾਲਾ: ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵਲੋਂ ਅੱਜ ਬਰਨਾਲਾ ਦੀ ਦਾਣਾ ਮੰਡੀ ਵਿੱਚ ਸੂਬਾ ਪੱਧਰੀ ਮੀਟਿੰਗ ਕੀਤੀ ਗਈ। ਜਿਸ ਵਿੱਚ ਜੱਥੇਬੰਦੀ ਨੇ ਪ੍ਰਾਈਵੇਟ ਸਾਇਲੋ ਗੁਦਾਮਾਂ ਅੱਗੇ 11 ਅਪ੍ਰੈਲ ਨੂੰ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ। ਇਸ ਮੀਟਿੰਗ ਵਿੱਚ ਜਥੇਬੰਦੀ ਦੇ ਵੱਖ ਵੱਖ ਪੱਧਰਾਂ ਦੇ ਆਗੂ-ਕਾਰਕੁੰਨਾਂ ਸ਼ਾਮਲ ਹੋਏ।
ਫਸਲਾਂ ਦੇ ਮੰਡੀਕਰਨ ਤੋਂ ਹੱਥ ਪਿੱਛੇ ਖਿੱਚ ਰਹੇ: ਇਸ ਮੌਕੇ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਤੇ ਹੋਰਨਾਂ ਸੂਬਾਈ ਆਗੂਆਂ ਨੇ ਕਿਹਾ ਕਿ ਪੰਜਾਬ ਅੰਦਰ 9 ਸਾਈਲੋ ਗੁਦਾਮਾਂ ਨੂੰ ਕਣਕ ਖਰੀਦਣ ਵੇਚਣ ਭੰਡਾਰਨ ਤੇ ਪ੍ਰੋਸੈਸਿੰਗ ਕਰਨ ਦੀ ਮਨਜ਼ੂਰੀ ਦੇਣ ਦੇ ਫੈਸਲੇ ਤੋਂ ਭਾਵੇਂ ਕਿਸਾਨ ਰੋਹ ਨੂੰ ਦੇਖਦਿਆਂ ਇੱਕ ਵਾਰ ਸਰਕਾਰ ਪਿੱਛੇ ਹਟ ਗਈ ਹੈ ਪਰ ਇਸ ਫ਼ੈਸਲੇ ਨੇ ਕੇਂਦਰੀ ਤੇ ਸੂਬਾਈ ਸਰਕਾਰਾਂ ਦੀ ਕਿਸਾਨ ਤੇ ਲੋਕ ਵਿਰੋਧੀ ਨੀਤੀ ਮੁੜ ਤੋਂ ਜੱਗ ਜਾਹਿਰ ਕਰ ਦਿੱਤੀ ਹੈ। ਸਾਰੀਆਂ ਸਰਕਾਰਾਂ ਵੱਲੋਂ ਸੰਸਾਰ ਵਪਾਰ ਸੰਸਥਾ ਦੀਆਂ ਹਦਾਇਤਾਂ 'ਤੇ ਫਸਲਾਂ ਦੇ ਮੰਡੀਕਰਨ ਤੋਂ ਹੱਥ ਪਿੱਛੇ ਖਿੱਚਿਆ ਜਾ ਰਿਹਾ ਹੈ ਅਤੇ ਮੰਡੀਆਂ ਦੇ ਖੇਤਰ ਵਿੱਚ ਵੱਖ ਵੱਖ ਢੰਗਾਂ ਰਾਹੀਂ ਕਾਰਪੋਰੇਟ ਵਪਾਰੀਆਂ ਦਾ ਪੈਰ ਧਰਾਅ ਬਣਾਇਆ ਜਾ ਰਿਹਾ ਹੈ। ਪੰਜਾਬ ਅੰਦਰ ਮੌਜੂਦ ਸਾਇਲੋ ਗੁਦਾਮਾਂ ਤੋਂ ਇਲਾਵਾ ਦੇਸੀ ਵਿਦੇਸ਼ੀ ਕੰਪਨੀਆਂ ਵੱਲੋਂ ਹੋਰ ਦਰਜਨਾਂ ਨਵੇਂ ਸਾਇਲੋ ਗੁਦਾਮ ਖੋਲ੍ਹਣ ਦੀ ਵਿਉਂਤ ਹੈ। ਇੱਕ ਪਾਸੇ ਕਿਸਾਨ ਐਮਐਸਪੀ ਦੀ ਕਾਨੂੰਨੀ ਗਰੰਟੀ, ਫਸਲਾਂ ਦੀ ਸਰਕਾਰੀ ਖਰੀਦ ਤੇ ਹਰ ਇਕ ਲਈ ਜਨਤਕ ਵੰਡ ਪ੍ਰਣਾਲੀ ਦਾ ਹੱਕ ਮੰਗ ਰਹੇ ਹਨ, ਜਦਕਿ ਸਰਕਾਰ ਫਸਲਾਂ ਦੇ ਵਪਾਰ ਵਿੱਚ ਕਾਰਪੋਰੇਟ ਵਪਾਰੀਆਂ ਨੂੰ ਖੁੱਲਾਂ ਦੇ ਰਹੀ ਹੈ ਅਤੇ ਇਸ ਖਾਤਰ ਏਪੀਐਮਸੀ ਐਕਟ (ਮੰਡੀਆਂ ਦਾ ਕਨੂੰਨ) ਵਿੱਚ ਸੋਧਾਂ ਕਰਨ ਦੇ ਅਖਤਿਆਰ ਵਰਤ ਰਹੀਆਂ ਹਨ।
ਕਿਸਾਨਾਂ ਦੀਆਂ ਇਹ ਨੇ ਮੰਗਾਂ: ਇਸ ਦੇ ਨਾਲ ਹੀ ਆਗੂਆਂ ਨੇ ਕਿਹਾ ਕਿ ਪੰਜਾਬ ਅੰਦਰ 11 ਅਪ੍ਰੈਲ ਨੂੰ ਵੱਖ-ਵੱਖ ਸਾਇਲੋ ਗੁਦਾਮਾਂ ਅੱਗੇ ਜਨਤਕ ਰੋਸ ਪ੍ਰਦਰਸ਼ਨਾਂ ਰਾਹੀਂ ਜਥੇਬੰਦੀ ਵੱਲੋਂ ਮੰਗ ਕੀਤੀ ਜਾਵੇਗੀ ਕਿ ਸੂਬੇ ਅੰਦਰ ਕਾਰਪੋਰੇਟ ਵਪਾਰੀਆਂ ਨੂੰ ਨਵੇਂ ਸਾਇਲੋ ਗੁਦਾਮ ਬਣਾਉਣ ਦੀਆਂ ਸਾਰੀਆਂ ਮਨਜ਼ੂਰੀਆਂ ਰੱਦ ਕੀਤੀਆਂ ਜਾਣ। ਪਹਿਲਾਂ ਬਣੇ ਹੋਏ ਸਾਇਲੋ ਗੁਦਾਮਾਂ ਨੂੰ ਜ਼ਬਤ ਕਰਕੇ ਉਹਨਾਂ ਦਾ ਸਰਕਾਰੀਕਰਨ ਕੀਤਾ ਜਾਵੇ ਅਤੇ ਸਰਕਾਰੀ ਅਨਾਜ ਭੰਡਾਰਨ ਲਈ ਇਹਨਾਂ ਦੀ ਵਰਤੋਂ ਕੀਤੀ ਜਾਵੇ। ਏਪੀਐਮਸੀ ਐਕਟ ਵਿੱਚ ਕਾਰਪੋਰੇਟ ਵਪਾਰੀਆਂ ਪੱਖੀ ਅਤੇ ਕਿਸਾਨ ਵਿਰੋਧੀ ਸੋਧਾਂ ਕਰਨ ਦੀ ਨੀਤੀ ਰੱਦ ਕੀਤੀ ਜਾਵੇ। ਐਮਐਸਪੀ (ਮੰਡੀਆਂ ਦਾ ਕਨੂੰਨ)ਦੀ ਕਾਨੂੰਨੀ ਗਰੰਟੀ ਸਰਕਾਰੀ ਖਰੀਦ ਤੇ ਹਰ ਇੱਕ ਨੂੰ ਜਨਤਕ ਵੰਡ ਪ੍ਰਣਾਲੀ ਦਾ ਹੱਕ ਦਿੱਤਾ ਜਾਵੇ। ਸਾਮਰਾਜੀ ਮੁਲਕਾਂ ਤੇ ਸੰਸਥਾਵਾਂ ਨਾਲ ਕੀਤੀਆਂ ਸੰਧੀਆਂ ਰੱਦ ਕੀਤੀਆਂ ਜਾਣ ਅਤੇ ਸੰਸਾਰ ਵਪਾਰ ਸੰਸਥਾ 'ਚੋਂ ਬਾਹਰ ਆਇਆ ਜਾਵੇ। ਉਹਨਾਂ ਕਿਹਾ ਕਿ ਲੋਕਾਂ ਤੋਂ ਵੋਟਾਂ ਮੰਗਣ ਤੁਰ ਰਹੀਆਂ ਹਾਕਮਾਂ ਦੀਆਂ ਪਾਰਟੀਆਂ ਲੋਕਾਂ ਨੂੰ ਦਰਪੇਸ਼ ਇਹਨਾਂ ਮੁੱਦਿਆਂ ਦਾ ਕੋਈ ਜ਼ਿਕਰ ਨਹੀਂ ਕਰ ਰਹੀਆਂ, ਕਿਉਂਕਿ ਉਹਨਾਂ ਸਭਨਾਂ ਦੀ ਇਹਨਾਂ ਨੀਤੀਆਂ 'ਤੇ ਸਾਂਝੀ ਸਹਿਮਤੀ ਹੈ। ਸਾਈਲੋ ਗੁਦਾਮਾਂ ਅੱਗੇ ਕੀਤੇ ਜਾਣ ਵਾਲੇ ਪ੍ਰਦਰਸ਼ਨ ਵੋਟਾਂ ਦੇ ਰੌਲੇ ਦਰਮਿਆਨ ਇਹਨਾਂ ਅਸਲ ਮੁੱਦਿਆਂ ਨੂੰ ਉਭਾਰਨ ਦਾ ਜ਼ਰੀਆ ਵੀ ਬਣਨਗੇ।
ਅਨਾਜ ਭੰਡਾਰਾਂ ਨੂੰ ਕਾਰਪੋਰੇਟ ਵਪਾਰੀਆਂ ਹੱਥ ਸੌਂਪਣ ਦੀ ਤਿਆਰੀ: ਆਗੂਆਂ ਨੇ ਕਿਹਾ ਕਿ ਇਹ ਸਾਇਲੋ ਗੁਦਾਮ ਸਿਰਫ ਐਮਐਸਪੀ ਦੇ ਹੱਕ 'ਤੇ ਸਰਕਾਰੀ ਖਰੀਦ ਢਾਂਚੇ ਦਾ ਹੀ ਖਾਤਮਾ ਨਹੀਂ ਕਰਨਗੇ, ਸਗੋਂ ਜਨਤਕ ਵੰਡ ਪ੍ਰਣਾਲੀ ਦਾ ਵੀ ਖਾਤਮਾ ਕਰਨਗੇ ਅਤੇ ਮੁਲਕ ਦੇ ਅਨਾਜ ਭੰਡਾਰਾਂ ਨੂੰ ਪੂਰੀ ਤਰ੍ਹਾਂ ਕਾਰਪੋਰੇਟ ਵਪਾਰੀਆਂ ਹੱਥ ਸੌਂਪ ਦੇਣਗੇ। ਸਰਕਾਰੀ ਮੰਡੀਆਂ ਦੇ ਖਾਤਮੇ ਕਾਰਨ ਇਸ ਨਾਲ ਜੁੜੇ ਹੋਏ ਪੱਲੇਦਾਰ ਤੇ ਹੋਰ ਵੰਨਗੀਆਂ ਦੇ ਮਜ਼ਦੂਰ, ਟਰੱਕ ਅਪਰੇਟਰ, ਤੇ ਹੋਰ ਛੋਟੇ ਕਾਰੋਬਾਰੀ ਵੀ ਤਬਾਹੀ ਮੂੰਹ ਧੱਕੇ ਜਾਣਗੇ। ਉਹਨਾਂ ਸਾਰੇ ਮਿਹਨਤਕਸ਼ ਵਰਗਾਂ ਨੂੰ ਅਪੀਲ ਕੀਤੀ ਕਿ ਉਹ ਵੀ ਇਹਨਾਂ ਰੋਸ ਪ੍ਰਦਰਸ਼ਨਾਂ ਵਿੱਚ ਸ਼ਾਮਿਲ ਹੋਣ ਅਤੇ ਇਹਨਾਂ ਮੁੱਦਿਆਂ ਦੀ ਹਮਾਇਤ ਕਰਨ ਕਿਉਂਕਿ ਸਸਤੇ ਅਨਾਜ ਦਾ ਹੱਕ ਸਭਨਾਂ ਕਿਰਤੀ ਲੋਕਾਂ ਦਾ ਸਾਂਝਾ ਹੱਕ ਹੈ।
- ਮੋਗਾ ਜਾ ਰਹੇ ਸੀਐਮ ਮਾਨ ਦੇ ਕਾਫਲੇ ਦਾ ਲੁਧਿਆਣਾ ਵਿੱਚ ਭਰਵਾਂ ਸਵਾਗਤ, ਸੀਐਮ ਮਾਨ ਨੇ ਕਿਹਾ ਲੁਧਿਆਣੇ 'ਚ ਕੱਢਾਂਗੇ ਰੋਡ ਸ਼ੋਅ - Welcome to CM Bhagwant Mann in Moga
- ਤਰਨ ਤਾਰਨ 'ਚ ਔਰਤ ਨੂੰ ਨੰਗਾ ਘੁਮਾਉਂਣ ਦੇ ਮਾਮਲੇ 'ਚ ਪੁਲਿਸ ਦੀ ਵੱਡੀ ਕਾਰਵਾਈ, 3 ਮੁਲਜ਼ਮ ਕੀਤੇ ਕਾਬੂ - Cases of naked women in Taran Taran
- ਕਣਕ ਦੀ ਫਸਲ ਨੂੰ ਸਾਈਲੋ ਪਲਾਂਟ ਵਿੱਚ ਸਟੋਰ ਕਰਨ ਦਾ ਨੋਟੀਫਿਕੇਸ਼ਨ ਕੀਤਾ ਗਿਆ ਹੈ ਰੱਦ - notification has been cancelled