ਕਪੂਰਥਲਾ: ਪੰਜਾਬ 'ਚ ਵੱਡੀਆਂ ਵਾਰਦਾਤਾਂ ਲਗਾਤਾਰ ਵੱਧਦੀਆਂ ਨਜ਼ਰ ਆ ਰਹੀਆਂ ਹਨ। ਅਜਿਹਾ ਹੀ ਇੱਕ ਤਾਜ਼ਾ ਮਾਮਲਾ ਸੁਲਤਾਨਪੁਰ ਲੋਧੀ ਤੋਂ ਸਾਹਮਣੇ ਆਇਆ ਹੈ, ਜਿੱਥੇ ਤੇਜ਼ਧਾਰ ਹਥਿਆਰਾਂ ਨਾਲ ਇੱਕ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ ਅਤੇ ਉਸ ਦੇ ਦੋ ਸਾਥੀ ਵੀ ਗੰਭੀਰ ਰੂਪ 'ਚ ਜ਼ਖਮੀ ਹਨ। ਜਖ਼ਮੀ ਹੋਏ ਦੋਨੋ ਵਿਅਕਤੀਆਂ ਨੂੰ ਸਿਵਲ ਹਸਪਤਾਲ ਕਪੂਰਥਲਾ ਵਿਖੇ ਭਰਤੀ ਕਰਵਾਇਆ ਗਿਆ ਹੈ।
ਕਤਲ ਪਿੱਛੇ ਪੁਰਾਣੀ ਰੰਜਿਸ਼ ਨੂੰ ਦੱਸਿਆ ਜਾ ਰਿਹਾ ਹੈ ਕਾਰਨ
ਮ੍ਰਿਤਕ ਨੌਜਵਾਨ ਹਨੀ ਕੁਮਾਰ ਭਾਰਤੀ ਜਨਤਾ ਪਾਰਟੀ ਦੇ ਯੁਵਾ ਮੋਰਚਾ ਵਿੰਗ ਦਾ ਸੁਲਤਾਨਪੁਰ ਲੋਧੀ ਤੋਂ ਪ੍ਰਧਾਨ ਦੱਸਿਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮਾਂ ਵੱਲੋਂ ਕਿਸੇ ਪੁਰਾਣੀ ਰੰਜਿਸ਼ ਦੇ ਚੱਲਦਿਆਂ ਹਨੀ ਕੁਮਾਰ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਹੈ।
ਪਰਿਵਾਰ ਨੇ ਲਾਈ ਇਨਸਾਫ਼ ਦੀ ਗੁਹਾਰ
ਇਸ ਘਟਨਾ ਤੋਂ ਬਾਅਦ ਪਰਿਵਾਰ ਲਗਾਤਾਰ ਇਨਸਾਫ਼ ਦੀ ਗੁਹਾਰ ਲਗਾ ਰਿਹਾ ਹੈ। ਇਸ ਦੌਰਾਨ ਗੱਲਬਾਤ ਕਰਦੇ ਹੋਏ ਮ੍ਰਿਤਕ ਦੀ ਸਾਲੀ ਰਜਨੀ ਨੇ ਦੱਸਿਆ ਕਿ ਜਦੋਂ ਮੈਂ ਹਨੀ ਦੇ ਦੋਸਤਾਂ ਤੋਂ ਉਨ੍ਹਾਂ ਦੀਆਂ ਸੱਟਾਂ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ ਕਿ ਮੁਹੱਲਾ ਸੈਦਾ ਦੇ ਨੌਜਵਾਨਾਂ ਨੇ ਸਾਡੇ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਨੇ ਹਨੀ ਦੀ ਭਾਲ ਸ਼ੁਰੂ ਕੀਤੀ ਤਾਂ ਹਨੀ ਦੀ ਲਾਸ਼ ਦਾਨਾ ਮੰਡੀ ਸੁਲਤਾਨਪੁਰ ਲੋਧੀ ਤੋਂ ਪੁਲਿਸ ਨੇ ਬਰਾਮਦ ਕੀਤੀ। ਉਨ੍ਹਾਂ ਨੇ ਗੱਲ ਕਰਦੇ ਹੋਏ ਅੱਗੇ ਕਿਹਾ ਕਿ ਇਹ ਪਿੱਛਲੇ ਇੱਕ ਮਹੀਨੇ ਤੋਂ ਹਨੀ 'ਤੇ ਤੀਜੀ ਵਾਰ ਹਮਲਾ ਹੋ ਚੁੱਕਾ ਹੈ। ਇਸ ਲਈ ਉਨ੍ਹਾਂ ਨੇ ਪੁਲਿਸ ਨੂੰ ਸ਼ਿਕਾਇਤ ਵੀ ਕੀਤੀ ਸੀ ਪਰਸੁਣਵਾਈ ਨਹੀਂ ਹੋਈ। ਉੱਥੇ ਹੀ ਮੌਕੇ 'ਤੇ ਪੁਲਿਸ ਟੀਮਾਂ ਪਹੁੰਚ ਚੁੱਕੀਆਂ ਹਨ ਅਤੇ ਉਨ੍ਹਾਂ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਡੀਐੱਸਪੀ ਦਾ ਕਹਿਣਾ ਹੈ ਕਿ ਉਹ ਮੁਲਜ਼ਮਾਂ ਨੂੰ ਜਲਦ ਹੀ ਗ੍ਰਿਫ਼ਤਾਰ ਕਰਨਗੇ।