ਬਰਨਾਲਾ: ਬਾਲੀਵੁੱਡ ਅਦਾਕਾਰਾ ਅਤੇ ਭਾਜਪਾ ਦੀ ਮੈਂਬਰ ਪਾਰਲੀਮੈਂਟ ਕੰਗਨਾ ਰਣੌਤ ਵਿਰੁੱਧ ਹੁਣ ਪਾਰਟੀ ਦੇ ਆਗੂਆਂ ਵਲੋਂ ਹੀ ਹਾਈਕਮਾਂਡ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ ਹੈ। ਭਾਜਪਾ ਦੇ ਬਰਨਾਲਾ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਭਦੌੜ ਦੇ ਇੰਚਾਰਜ ਅਤੇ ਸੈਨਿਕ ਸੈੱਲ ਦੇ ਸੂਬਾ ਕੋ-ਕਨਵੀਨਰ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਇਹ ਸਮਝ ਤੋਂ ਬਾਹਰ ਹੈ ਕਿ ਅਦਾਕਾਰਾ ਕੰਗਨਾ ਰਣੌਤ ਭਾਜਪਾ ਦੀ ਜ਼ਿੰਮੇਵਾਰ ਲੀਡਰ ਹੈ ਜਾਂ ਫਿਰ ਕਾਂਗਰਸ ਦੀ, ਕਿਉਂਕਿ ਜੋ ਕੁੱਝ ਕੰਗਨਾ ਕਰ ਰਹੀ ਹੈ, ਉਸ ਨਾਲ ਕਾਂਗਰਸ ਨੂੰ ਸਿੱਧਾ ਫ਼ਾਇਦਾ ਹੋਵੇਗਾ ਅਤੇ ਭਾਜਪਾ ਦਾ ਨੁਕਸਾਨ ਹੋਵੇਗਾ। ਪੰਜਾਬ ਵਿੱਚ ਜਿੰਨਾ ਹੀ ਪਾਰਟੀ ਦਾ ਅਕਸ ਅਸੀਂ ਉਪਰ ਲਿਜਾਉਣ ਦੀ ਕੋਸ਼ਿਸ਼ ਕਰਦੇ ਹਾਂ, ਇਹੋ ਜਿਹੇ ਗੈਰ ਜ਼ਿੰਮੇਵਾਰ ਲੀਡਰਾਂ ਦੇ ਕਾਰਨ ਬਹੁਤ ਨੁਕਸਾਨ ਹੋ ਜਾਂਦਾ ਹੈ।
ਕਾਲੇ ਦੌਰ ਤੋਂ ਵਾਕਿਫ ਨਹੀਂ ਕੰਗਨਾ : ਭਾਜਪਾ ਆਗੂ ਗੁਰਜਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਕੰਗਨਾ ਦੀ ਫ਼ਿਲਮ ਐਮਰਜੈਂਸੀ ਜੇਕਰ ਚਲਾਈ ਜਾਂਦੀ ਹੈ, ਤਾਂ ਦੇਸ਼ ਵਿੱਚ ਵੱਡੇ ਦੰਗੇ ਭੜਕ ਸਕਦੇ ਹਨ ਅਤੇ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਵੱਡਾ ਖ਼ਤਰਾ ਪੈਦਾ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੇ ਜੋ ਅੱਤਵਾਦ ਵੇਲੇ ਸੰਤਾਪ ਹੰਢਾਇਆ ਹੈ, ਉਸ ਤੋਂ ਸ਼ਾਇਦ ਕੰਗਨਾ ਵਾਕਿਫ਼ ਹੀ ਨਹੀਂ ਹੈ। ਹਜ਼ਾਰਾਂ ਦੀ ਗਿਣਤੀ ਵਿੱਚ ਬੇਦੋਸ਼ੇ ਹਿੰਦੂ ਸਿੱਖ ਮਾਰੇ ਗਏ ਅਤੇ ਸ਼ਾਮ 5 ਵਜੇ ਤੋਂ ਬਾਅਦ ਲੋਕ ਘਰਾਂ ਵਿੱਚ ਵੜ ਜਾਂਦੇ ਸਨ ਅਤੇ ਇੰਨਾ ਜ਼ਿਆਦਾ ਦਹਿਸ਼ਤ ਦਾ ਮਾਹੌਲ ਸੀ। ਪੰਜਾਬ ਉਹ ਕਾਲੇ ਦਿਨਾਂ ਨੂੰ ਯਾਦ ਕਰਨ ਲਈ ਬਿਲਕੁਲ ਵੀ ਤਿਆਰ ਨਹੀਂ।
ਫੌਜ ਤੇ ਆਜ਼ਾਦੀ ਲਈ ਸਿੱਖਾਂ ਦੀ ਭਾਗੀਦਰੀ ਤੋਂ ਅਣਜਾਣ ਕੰਗਨਾ : ਭਾਜਪਾ ਆਗੂ ਨੇ ਕਿਹਾ ਕਿ ਜਿੰਨੀਂ ਸੌਖੀ ਤਰ੍ਹਾਂ ਕੰਗਨਾ ਸਿੱਖਾਂ ਨੂੰ ਖਾਲਿਸਤਾਨੀ ਕਹਿ ਦਿੰਦੀ ਹੈ, ਇਹ ਬਹੁਤ ਹੀ ਨਿੰਦਣਯੋਗ ਹੈ। ਸ਼ਾਇਦ ਉਸ ਨੂੰ ਪਤਾ ਨਹੀਂ ਕਿ ਦੇਸ਼ ਦੀ ਆਜ਼ਾਦੀ ਵਿੱਚ ਸਿੱਖ ਕੌਮ ਨੇ ਵੱਡੀ ਭੂਮਿਕਾ ਨਿਭਾਈ ਹੈ। ਜੇਕਰ ਕਾਲੇ ਪਾਣੀ ਦੀ ਸੈਲੂਲਰ ਜੇਲ੍ਹ ਵਿੱਚ ਕਦੇ ਗਈ ਹੋਵੇ, ਉਥੇ ਸ਼ਹੀਦਾ ਦੀ ਗੈਲਰੀ ਵਿੱਚ 60 ਫੀਸਦੀ ਸ਼ਹੀਦ ਇਕੱਲੇ ਪੰਜਾਬ ਦੇ ਸਿੱਖ ਹਨ। ਜੇਕਰ ਸਰਕਾਰ 1947 ਵਿੱਚ ਸਿੱਖ ਰੈਜੀਮੈਂਟ ਨੂੰ ਏਅਰ ਲਿਫ਼ਟ ਕਰਕੇ ਜੰਮੂ ਕਸ਼ਮੀਰ ਦੇ ਬਾਰਡਰਾਂ 'ਤੇ ਨਾ ਲਾਉਂਦੀ ਤਾਂ ਅੱਜ ਜੰਮੂ ਕਸ਼ਮੀਰ ਭਾਰਤ ਦੇ ਨਕਸ਼ੇ 'ਤੇ ਨਹੀਂ ਹੋਣਾ ਸੀ।
ਭਾਜਪਾ ਹਾਈਕਮਾਂਡ ਤੋਂ ਸਖ਼ਤ ਐਕਸ਼ਨ ਲੈਣ ਦੀ ਮੰਗ: ਗੁਰਜਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਸਮੁੱਚਾ ਫ਼ੌਜੀ ਵਰਗ ਕੰਗਨਾ ਦੇ ਇਸ ਵਰਤਾਰੇ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਾ ਹੈ ਅਤੇ ਕੇਂਦਰ ਸਰਕਾਰ ਅਤੇ ਭਾਰਤੀ ਜਨਤਾ ਪਾਰਟੀ ਦੀ ਹਾਈਕਮਾਂਡ ਤੋਂ ਪੁਰਜ਼ੋਰ ਮੰਗ ਕਰਦੇ ਹਾਂ ਕਿ ਕੰਗਣਾ ਦੀ ਫ਼ਿਲਮ 'ਤੇ ਪੱਕੇ ਤੌਰ 'ਤੇ ਪਾਬੰਦੀ ਲਗਾਈ ਜਾਵੇ। ਉਨ੍ਹਾਂ ਨੇ ਪਾਰਟੀ ਦੀ ਹਾਈਕਮਾਂਡ ਤੋਂ ਮੰਗ ਕੀਤੀ ਅਦਾਕਾਰਾ ਕੰਗਣਾ ਰਣੌਤ ਦੇ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਮੌਕੇ ਕੈਪਟਨ ਵਿਕਰਮ ਸਿੰਘ, ਸੂਬੇਦਾਰ ਮੇਜਰ ਰਾਜ ਸਿੰਘ, ਸੂਬੇਦਾਰ ਕਮਲਜੀਤ ਸ਼ਰਮਾ, ਵਾਰੰਟ ਅਫ਼ਸਰ ਬਲਵਿੰਦਰ ਸਿੰਘ ਢੀਂਡਸਾ, ਅਵਤਾਰ ਸਿੰਘ, ਸੂਬੇਦਾਰ ਜਗਸੀਰ ਸਿੰਘ, ਸੂਬੇਦਾਰ ਧੰਨਾ ਸਿੰਘ, ਸੂਬੇਦਾਰ ਸੌਦਾਗਰ ਸਿੰਘ, ਕੈਪਟਨ ਪਰਮਜੀਤ ਸਿੰਘ, ਹੌਲਦਾਰ ਬਲਦੇਵ ਸਿੰਘ, ਬਸੰਤ ਸਿੰਘ, ਰੂਪ ਸਿੰਘ ਮਹਿਤਾ, ਵਾਰੰਟ ਅਫ਼ਸਰ ਸਮਸ਼ੇਰ ਸਿੰਘ ਸੇਖੋਂ, ਹੌਲਦਾਰ ਦਵਿੰਦਰ ਸਿੰਘ ਅਤੇ ਹੋਏ ਬਹੁਤ ਸਾਰੇ ਸਾਬਕਾ ਸੈਨਿਕ ਹਾਜ਼ਰ ਸਨ।