ਖੰਨਾ: ਸ੍ਰੀ ਫਤਿਹਗੜ੍ਹ ਸਾਹਿਬ ਤੋਂ ਭਾਜਪਾ ਉਮੀਦਵਾਰ ਗੇਜਾ ਰਾਮ ਵਾਲਮੀਕੀ ਨੇ ਖੰਨਾ 'ਚ ਕਿਸਾਨਾਂ ਨੂੰ ਸਿੱਧੀ ਚਿਤਾਵਨੀ ਦਿੱਤੀ ਹੈ। ਲਗਾਤਾਰ ਭਾਜਪਾ ਅਤੇ ਉਹਨਾਂ ਦੇ ਉਮੀਦਵਾਰਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਨੂੰ ਭਾਜਪਾ ਉਮੀਦਵਾਰ ਗੇਜਾ ਰਾਮ ਨੇ ਕਿਹਾ ਕਿ ਗੁੰਡਾਗਰਦੀ ਕਰਨ ਵਾਲੇ ਕਿਸਾਨਾਂ ਨੂੰ ਭੁਲੇਖੇ ਵਿੱਚ ਨਹੀਂ ਰਹਿਣਾ ਚਾਹੀਦਾ। ਜਿਸ ਤਰ੍ਹਾਂ ਕਾਉਂਕੇ ਕਲਾਂ 'ਚ ਭਾਜਪਾ ਦੀ ਰੈਲੀ 'ਚੋਂ ਕਿਸਾਨ ਭਜਾਏ ਗਏ ਉਹ ਹੀ ਹਾਲ ਕੀਤਾ ਜਾਵੇਗਾ। ਗੇਜਾ ਰਾਮ ਨੇ ਕਿਹਾ - ਜਿਹੜਾ ਖੰਗਿਆ ਓਹੀ ਟੰਗਿਆ...।
ਕਿਸਾਨਾਂ ਨੂੰ ਭਾਜਪਾ ਉਮੀਦਵਾਰ ਦੀ ਚਿਤਾਵਨੀ: ਪੰਜਾਬ ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਕੀਤੀਆਂ ਜਾਣ ਵਾਲੀਆਂ ਰੈਲੀਆਂ ਨੂੰ ਲੈ ਕੇ ਵਿਦੇਸ਼ ‘ਚ ਬੈਠੇ ਗੁਰਪਤਵੰਤ ਸਿੰਘ ਪੰਨੂ ਵੱਲੋਂ ਦਿੱਤੀਆਂ ਜਾ ਰਹੀਆਂ ਧਮਕੀਆਂ ਦੇ ਮੁੱਦੇ ਬਾਰੇ ਗੇਜਾ ਰਾਮ ਨੇ ਕਿਹਾ ਕਿ ਪੰਨੂ ਵਿਦੇਸ਼ ਵਿੱਚ ਲੁਕ ਕੇ ਧਮਕੀਆਂ ਦੇਣਾ ਜਾਣਦਾ ਹੈ। ਪੰਨੂ ਮੋਦੀ ਦੇ ਕਾਫਲੇ ਨੂੰ ਬੁਲਡੋਜ਼ਰ ਅਤੇ ਟਰੈਕਟਰਾਂ ਨਾਲ ਰੋਕਣ ਦੀ ਗੱਲ ਕਰ ਰਿਹਾ ਹੈ, ਜੇ ਹਿੰਮਤ ਹੈ ਤਾਂ ਇੱਕ ਵਾਰ ਸਾਹਮਣੇ ਆਵੇ। ਉਨ੍ਹਾਂ 'ਤੇ ਬੁਲਡੋਜ਼ਰ ਚੜਾਵੇ ਅਤੇ ਫਿਰ ਅਸੀਂ ਦੇਖਾਂਗੇ ਕਿ ਕੀ ਹੁੰਦਾ ਹੈ।
ਸ੍ਰੀ ਫਤਹਿਗੜ੍ਹ ਸਾਹਿਬ ਨੂੰ ਬਣਾਉਣਗੇ ਨੰਬਰ ਇੱਕ: ਗੇਜਾ ਰਾਮ ਨੇ ਇਹ ਵੀ ਕਿਹਾ ਕਿ ਨਰੇਂਦਰ ਮੋਦੀ ਅਤੇ ਭਾਜਪਾ ਦੇ ਹੋਰ ਸੀਨੀਅਰ ਆਗੂਆਂ ਦੀਆਂ ਰੈਲੀਆਂ ਪਾਰਟੀ ਨੂੰ ਹੋਰ ਮਜ਼ਬੂਤ ਕਰਨਗੀਆਂ। ਹਲਕੇ ਦੇ ਮਸਲਿਆਂ ਬਾਰੇ ਗੇਜਾ ਰਾਮ ਨੇ ਕਿਹਾ ਕਿ ਉਹ ਸ੍ਰੀ ਫਤਹਿਗੜ੍ਹ ਸਾਹਿਬ ਨੂੰ ਨੰਬਰ ਇਕ ਬਣਾਉਣਗੇ ਕਿਉਂਕਿ ਇਹ ਸ਼ਹੀਦਾਂ ਦੀ ਧਰਤੀ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਦੀ ਸਰਹੱਦ ਪਾਰ ਕਰਨ ਤੋਂ ਬਾਅਦ ਇਹ ਦੂਜਾ ਜ਼ਿਲ੍ਹਾ ਹੈ। ਇਸ ਦੇ ਵਿਕਾਸ ਲਈ ਕਦੇ ਕਿਸੇ ਸੰਸਦ ਮੈਂਬਰ ਨੇ ਮਿਹਨਤ ਨਹੀਂ ਕੀਤੀ। ਜੇ ਉਹ ਪਾਰਲੀਮੈਂਟ ਵਿਚ ਜਾਂਦੇ ਹਨ ਤਾਂ ਉਹ ਇਸਦੀ ਨੁਹਾਰ ਬਦਲ ਦੇਣਗੇ।
ਗਿੱਦੜ ਦੀਆਂ ਧਮਕੀਆਂ ਤੋਂ ਡਰਨ ਵਾਲਾ ਨਹੀਂ ਮੋਦੀ: ਇਸ ਮੌਕੇ ਪੰਜਾਬ ਭਾਜਪਾ ਦੇ ਜਨਰਲ ਸਕੱਤਰ ਜਗਮੋਹਨ ਸਿੰਘ ਰਾਜੂ ਨੇ ਹਲਕਾ ਸ੍ਰੀ ਫਤਹਿਗੜ੍ਹ ਸਾਹਿਬ ਦੇ ਲੋਕਾਂ ਨੂੰ ਕੇਂਦਰ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ ਕਿਹਾ ਕਿ ਮੋਦੀ ਵਰਗਾ ਸ਼ੇਰ ਪੰਨੂ ਵਰਗੇ ਗਿੱਦੜ ਦੀਆਂ ਧਮਕੀਆਂ ਤੋਂ ਡਰਨ ਵਾਲਾ ਨਹੀਂ ਹੈ। ਨਰੇਂਦਰ ਮੋਦੀ ਪੰਜਾਬ ਵਿੱਚ ਰੈਲੀਆਂ ਕਰਨਗੇ ਤੇ ਭਾਜਪਾ ਨੂੰ ਤਾਕਤ ਮਿਲੇਗੀ। ਭਾਜਪਾ ਇੱਕ ਰਾਸ਼ਟਰ ਹਿੱਤ ਵਾਲੀ ਪਾਰਟੀ ਹੈ ਜਿਸ ਨੇ ਦੇਸ਼ ਦੇ ਦੁਸ਼ਮਣਾਂ ਨੂੰ ਘਰਾਂ ਵਿੱਚ ਵੜ ਕੇ ਮਾਰਿਆ। ਇਸ ਲਈ ਕਿਸੇ ਵੀ ਦੇਸ਼ ਵਿਰੋਧੀ ਤਾਕਤ ਨੂੰ ਡਰ ਪੈਦਾ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ।
ਕਿਸੇ ਦੇ ਬਾਪ ਦੀ ਜਾਇਦਾਦ ਨਹੀਂ ਪੰਜਾਬ: ਉਨ੍ਹਾਂ ਕਿਹਾ ਕਿ ਪੰਜਾਬ ਕਿਸੇ ਦੇ ਬਾਪ ਦੀ ਜਾਇਦਾਦ ਨਹੀਂ ਹੈ। ਉਨ੍ਹਾਂ ਨੂੰ ਪੰਜਾਬ ਦੇ ਵਿਕਾਸ ਲਈ ਲੋਕਤੰਤਰੀ ਢੰਗ ਨਾਲ ਪ੍ਰਚਾਰ ਕਰਨ ਦਾ ਪੂਰਾ ਹੱਕ ਹੈ। ਜਗਮੋਹਨ ਰਾਜੂ ਨੇ ਕਿਹਾ ਕਿ ਡਾਕਟਰ ਅਮਰ ਸਿੰਘ 5 ਸਾਲਾਂ ਵਿੱਚ ਇੱਕ ਵੀ ਕੰਮ ਨਹੀਂ ਕਰਵਾ ਸਕੇ। ਕਾਂਗਰਸ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ। ਜੇਕਰ ਕੋਈ ਕੰਮ ਹੋਇਆ ਹੈ ਤਾਂ ਉਹ ਮੋਦੀ ਸਰਕਾਰ ਨੇ ਕੀਤਾ ਹੈ।
- ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਪੰਜਾਬ ਫੇਰੀ ਤੋਂ ਪਹਿਲਾਂ ਪਟਿਆਲਾ ਵਿੱਚ ਲਿਖੇ ਗਏ ਖਾਲਿਸਤਾਨੀ ਨਾਅਰੇ - Khalistani slogans in Patiala
- ਖੜੇ ਟਰਾਲੇ 'ਚ ਵੱਜੀ ਸ੍ਰੀ ਦਰਬਾਰ ਸਾਹਿਬ ਜਾ ਰਹੀ ਟੂਰਿਸਟ ਬੱਸ, ਦੋ ਸ਼ਰਧਾਲੂਆਂ ਦੀ ਮੌਤ ਤੇ ਕਈ ਜਖ਼ਮੀ - KHANNA ROAD ACCIDENT
- ਅੰਮ੍ਰਿਤਸਰ ਦੇ ਇਲਾਕੇ ਦੇ ਲੋਕਾਂ ਨੇ ਕੀਤਾ ਚੋਣਾਂ ਦਾ ਬਾਈਕਾਟ, ਜਾਣੋ ਕਾਰਨ - Boycott of elections in Amritsar