ਲੁਧਿਆਣਾ: ਪੰਜਾਬ ਦੇ ਸਾਬਕਾ ਮੰਤਰੀ ਤੇ ਕਾਂਗਰਸੀ ਆਗੂ ਭਾਰਤ ਭੂਸ਼ਣ ਆਸ਼ੂ ਨੂੰ ਬੀਤੇ ਦਿਨ ਸ਼ੁੱਕਰਵਾਰ ਨੂੰ ਅਦਾਲਤ ਵਿੱਚ ਪੇਸ਼ ਕਰਕੇ 5 ਦਿਨਾਂ ਦਾ ਰਿਮਾਂਡ ਹਾਸਿਲ ਕੀਤਾ ਹੈ। ਵੀਰਵਾਰ ਸਵੇਰੇ ਤੋਂ ਸ਼ਾਮ ਤੱਕ ਇਨਫੋਰਸਮੈਂਟ ਡਾਇਰੈਕਟਰੇਟ ਵਲੋਂ ਟਰਾਂਸਪੋਰਟ ਟੈਂਡਰ ਘੁਟਾਲੇ ਨੂੰ ਲੈ ਕੇ ਪੁੱਛਗਿਛ ਕੀਤੀ ਗਈ ਅਤੇ ਫਿਰ ਗ੍ਰਿਫਤਾਰ ਕਰ ਲਿਆ ਗਿਆ। ਇਸ ਤੋਂ ਬਾਅਦ, ਸਿਆਸੀ ਗਲਿਆਰੇ ਵਿੱਚ ਪ੍ਰਤੀਕਿਰਿਆ ਦਾ ਦੌਰ ਸ਼ੁਰੂ ਹੋਇਆ। ਉੱਥੇ ਹੀ, ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਸੋਸ਼ਲ ਮੀਡੀਆ ਉੱਤੇ ਪੋਸਟ ਪਾ ਕੇ ED ਵਲੋਂ ਭਾਰਤ ਭੂਸ਼ਣ ਦੀ ਗ੍ਰਿਫਤਾਰੀ ਦੀ ਸਖ਼ਤ ਨਿਖੇਧੀ ਕੀਤੀ ਅਤੇ ਆਸ਼ੂ ਨਾਲ ਖੜ੍ਹੇ ਹੋਣ ਦੀ ਗੱਲ ਕਹੀ। ਇਸ ਸਭ ਨੂੰ ਉਨ੍ਹਾਂ ਨੇ 'ਬਦਲਾਖੋਰੀ ਦੀ ਰਾਜਨੀਤੀ' ਕਰਾਰ ਕੀਤਾ।
ਭਾਜਪਾ ਦਾ ਕੋਈ ਲੈਣਾ-ਦੇਣਾ ਨਹੀਂ: ਭਾਰਤ ਭੂਸ਼ਣ ਆਸ਼ੂ ਦੀ ਗ੍ਰਿਫਤਾਰੀ ਨੂੰ ਲੈ ਕੇ ਅਤੇ ਰਿਮਾਂਡ ਨੂੰ ਲੈ ਕੇ ਭਾਜਪਾ ਦੇ ਲੁਧਿਆਣਾ ਤੋਂ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧਿਮਾਨ ਦਾ ਪ੍ਰਤੀਕਰਮ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਹੈ ਕਿ ਅਸੀਂ ਕਿਸੇ ਦੇ ਖਿਲਾਫ ਕੁਝ ਬੋਲਦੇ ਨਹੀਂ, ਪਰ ਜੋ ਕਾਨੂੰਨ ਦੀ ਪ੍ਰਕਿਰਿਆ ਹੈ, ਉਹ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੇ ਕੋਈ ਗ਼ਲਤ ਕੰਮ ਕੀਤਾ ਹੋਵੇਗਾ, ਤਾਂ ਕਾਨੂੰਨ ਆਪਣੇ ਆਪ ਹੀ ਉਸ ਦੀ ਸਜ਼ਾ ਉਸ ਨੂੰ ਦੇ ਦੇਵੇਗਾ।
ਉੱਥੇ ਹੀ, ਕਾਂਗਰਸ ਵੱਲੋਂ ਭਾਰਤ ਭੂਸ਼ਣ ਆਸ਼ੂ ਦੀ ਗ੍ਰਿਫਤਾਰੀ ਨੂੰ ਆਮ ਆਦਮੀ ਪਾਰਟੀ ਅਤੇ ਭਾਜਪਾ ਦੀ ਮਿਲੀ ਭੁਗਤ ਕਰਾਰ ਦੇਣ ਉੱਤੇ ਵੀ ਉਨ੍ਹਾਂ ਕਿਹਾ ਕਿ ਜ਼ਿਆਦਾ ਦੂਰ ਜਾਣ ਦੀ ਲੋੜ ਨਹੀਂ। ਲੋਕ ਸਭਾ ਚੋਣਾਂ ਵਿੱਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਇਕੱਠੇ ਸਨ। ਅਗਲੀਆਂ ਚੋਣਾਂ ਵਿੱਚ ਇਨ੍ਹਾਂ ਦਾ ਪਤਾ ਨਹੀਂ ਇਕੱਠੇ ਹਨ ਜਾਂ ਨਹੀਂ ਹਨ। ਉਨ੍ਹਾਂ ਕਿਹਾ ਕਿ ਇਹ ਤਾਂ ਇਨ੍ਹਾਂ ਨੂੰ ਹੀ ਪਤਾ ਹੋਵੇਗਾ ਕਿ ਇਨ੍ਹਾਂ ਦੀ ਆਪਸ ਵਿੱਚ ਕੀ ਗੱਲਬਾਤ ਚੱਲ ਰਹੀ ਹੈ। ਭਾਜਪਾ ਦਾ ਇਸ ਵਿੱਚ ਕੋਈ ਲੈਣ ਦੇਣ ਨਹੀਂ।
'ਅਜਿਹਾ ਕਦੇ ਨਹੀਂ ਹੋਇਆ ...' : ਜਦਕਿ, ਦੂਜੇ ਪਾਸੇ ਕਾਂਗਰਸ ਦੇ ਬੁਲਾਰੇ ਅਤੇ ਸਾਬਕਾ ਐਮਐਲਏ ਕੁਲਦੀਪ ਵੈਦ ਨੂੰ ਇਸ ਸਬੰਧੀ ਜਦੋਂ ਸਵਾਲ ਪੁੱਛਿਆ ਗਿਆ, ਤਾਂ ਉਨ੍ਹਾਂ ਕਿਹਾ ਕਿ ਇਹ ਕੇਸ ਸਟਡੀ ਕਰਨ ਤੋਂ ਬਾਅਦ ਹੀ ਪਤਾ ਲੱਗੇਗਾ। ਉਨ੍ਹਾਂ ਕਿਹਾ ਕਿ ਇਨਫੋਰਸਮੈਂਟ ਡਾਇਰੈਕਟਰੇਟ ਕਦੇ ਵੀ ਇਸ ਤਰ੍ਹਾਂ ਨਹੀਂ ਕਰਦਾ ਕਿ ਉਹ ਪੁੱਛਗਿੱਛ ਕਰਨ ਲਈ ਆਵੇ ਅਤੇ ਉਸੇ ਵੇਲੇ ਕਿਸੇ ਨੂੰ ਹਿਰਾਸਤ ਵਿੱਚ ਲੈ ਲਿਆ ਜਾਵੇ ਜਾਂ ਗ੍ਰਿਫ਼ਤਾਰ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਸ ਦੇ ਹਰ ਪੱਖ ਤੋਂ ਪਹਿਲਾਂ ਜਾਂਚ ਕਰਨੀ ਹੋਵੇਗੀ।
ਕਾਂਗਰਸ ਲੀਡਰਸ਼ਿਪ ਆਸ਼ੂ ਨਾਲ ਖੜੀ : ਕੁਲਦੀਪ ਵੈਦ ਨੇ ਕਿਹਾ ਕਿ ਈਡੀ ਨੂੰ ਜਰੂਰ ਸਮਾਂ ਭਾਰਤ ਭੂਸ਼ਣ ਆਸ਼ੂ ਨੂੰ ਆਪਣਾ ਪੱਖ ਰੱਖਣ ਦਾ ਦੇਣਾ ਚਾਹੀਦਾ ਸੀ। ਹਾਲਾਂਕਿ, ਉਨ੍ਹਾਂ ਕਿਹਾ ਕਿ ਪਹਿਲਾਂ ਵਿਜੀਲੈਂਸ ਵੱਲੋਂ ਵੀ ਗ੍ਰਿਫਤਾਰ ਕੀਤਾ ਗਿਆ ਸੀ, ਪਰ ਕੋਈ ਸਬੂਤ ਨਹੀਂ ਮਿਲ ਸਕੇ। ਉੱਥੇ ਹੀ, ਦੂਜੇ ਪਾਸੇ ਉਨ੍ਹਾਂ ਕਿਹਾ ਕਿ, "ਭਾਰਤ ਭੂਸ਼ਣ ਆਸ਼ੂ ਦੇ ਨਾਲ ਸਮੁੱਚੀ ਕਾਂਗਰਸ ਲੀਡਰਸ਼ਿਪ ਹੈ। ਸਾਡੇ ਪ੍ਰਧਾਨ ਅਤੇ ਐਮਪੀ ਰਾਜਾ ਵੜਿੰਗ ਨੇ ਵੀ ਇਸ ਸਬੰਧੀ ਸੋਸ਼ਲ ਮੀਡੀਆ ਉੱਤੇ ਲਿਖਿਆ ਹੈ। ਬਾਕੀ ਮੈਨੂੰ ਇਸ ਕੇਸ ਬਾਰੇ ਕੋਈ ਬਹੁਤੀ ਜਾਣਕਾਰੀ ਨਹੀਂ ਹੈ।"