ਅੰਮ੍ਰਿਤਸਰ : ਲੋਕ ਸਭਾ ਚੋਣਾਂ 2024 ਨੂੰ ਲੈ ਕੇ ਵੱਖ ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਵੱਲੋਂ ਆਪਣੇ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸੇ ਲੜੀ ਦੇ ਤਹਿਤ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮਜੀਤ ਸਿੰਘ ਮਜੀਠੀਆ ਬੀਤੇ ਦਿਨ ਇਤਿਹਾਸਕ ਗੁਰੂ ਨਗਰੀ ਬਾਬਾ ਬਕਾਲਾ ਸਾਹਿਬ ਵਿਖੇ ਪੁੱਜੇ। ਜਿੱਥੇ ਉਹਨਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਤੇ ਵਰਕਰਾਂ ਦੇ ਨਾਲ ਮੀਟਿੰਗ ਕੀਤੀ ਗਈ।
ਦਿੱਲੀ ਦੇ ਬਦਲੇ ਪੰਜਾਬ 'ਚ ਵੱਧ ਕਿਸਾਨੀ : ਇਸ ਦੌਰਾਨ ਵਰਕਰਾਂ ਨੂੰ ਸੰਬੋਧਨ ਕਰਦਿਆਂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਪੰਜਾਬ ਵਿੱਚ ਆਪ ਦੀ ਸਰਕਾਰ ਬਣਨ ਤੋਂ ਪਹਿਲਾਂ ਪੰਜ ਮਿੰਟ ਵਿੱਚ ਐਮਐਸਪੀ ਦੇਣ ਵਾਲੇ ਬੀਬਾ ਜੀ ਲੱਭੋ ਹੁਣ ਕਿੱਥੇ ਹਨ। ਉਹਨਾਂ ਕਿਹਾ ਕਿ ਦਿੱਲੀ ਦੇ ਵਿੱਚ 98 ਪ੍ਰਤੀਸ਼ਤ ਰਿਹਾਇਸ਼ੀ ਖੇਤਰ ਹੈ ਜਦਕਿ ਦੋ ਪ੍ਰਤੀਸ਼ਤ ਵਾਹੀ ਵਾਲੇ ਕਿਸਾਨ ਹਨ ਤੇ ਪੰਜਾਬ ਵਾਲੇ ਕਿਵੇਂ ਸੋਚ ਸਕਦੇ ਹਨ ਕਿ ਜੇਕਰ ਦਿੱਲੀ ਵਿੱਚ ਦੋ ਪ੍ਰਤੀਸ਼ਤ ਵਾਲਿਆਂ ਨੂੰ ਐਮਐਸਪੀ ਨਹੀਂ ਮਿਲੀ ਤਾਂ ਇੱਥੇ 98 ਪ੍ਰਤੀਸ਼ਤ ਵਾਲੇ ਕਿਸਾਨਾਂ ਨੂੰ ਦਿੱਲੀ ਦੇ ਮੁੱਖ ਮੰਤਰੀ ਦੀ ਪਾਰਟੀ ਕਿੱਥੋਂ ਐਮ ਐਸਪੀ ਦਵੇਗੀ।ਉਹਨਾਂ ਕਿਹਾ ਕਿ ਅੱਜ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਵਿਗੜ ਚੁੱਕੀ ਹੈ ਅਤੇ ਆਏ ਦਿਨ ਵਪਾਰੀਆਂ ਨੂੰ ਧਮਕੀਆਂ ਮਿਲ ਰਹੀਆਂ ਹਨ। ਪਿੰਡਾਂ ਸ਼ਹਿਰਾਂ ਕਸਬਿਆਂ ਦੇ ਵਿੱਚ ਲੁੱਟਖੋ ਹੋ ਰਹੀ ਹੈ ਅਜਿਹੇ ਮਾਹੌਲ ਦੇ ਵਿੱਚ ਇੱਕ ਆਮ ਵਿਅਕਤੀ ਦਾ ਜਿਉਣਾ ਮੁਸ਼ਕਿਲ ਹੋ ਚੁੱਕਾ ਹੈ।
ਮੁੱਖ ਮੰਤਰੀ ਮਾਨ ਚ ਆਈ ਇੰਦਰਾ ਗਾਂਧੀ ਦੀ ਆਤਮਾ : ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਆਂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵਿੱਚ ਇੰਦਰਾ ਗਾਂਧੀ ਦੀ ਰੂਹ ਆ ਚੁੱਕੀ ਹੈ।। ਉਹਨਾਂ ਪੰਜਾਬੀ ਦੇ ਇੱਕ ਪ੍ਰਮੁੱਖ ਅਖਬਾਰ ਦੇ ਸੰਪਾਦਕ ਦੇ ਉੱਤੇ ਮਾਮਲਾ ਦਰਜ ਹੋਣ ਦੇ ਮਾਮਲੇ ਵਿੱਚ ਟਿੱਪਣੀ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪ੍ਰੈਸ ਦੀ ਆਜ਼ਾਦੀ ਤੇ ਹਮਲਾ ਕੀਤਾ ਜਾ ਰਿਹਾ ਹੈ ਜੋ ਕਿ ਸਹੀ ਨਹੀਂ ਹੈ।ਉਹਨਾਂ ਕਿਹਾ ਕਿ ਜਿਹੜੇ ਲੋਕਾਂ ਨੇ 2022 ਦੇ ਵਿੱਚ ਖੇਤਰੀ ਪਾਰਟੀ ਨੂੰ ਵਿਸਾਰ ਕੇ ਦੂਸਰਿਆਂ ਨੂੰ ਪਹਿਲ ਦਿੱਤੀ ਸੀ ਸ਼ਾਇਦ ਅੱਜ ਉਹ ਲੋਕ ਸਮਝ ਚੁੱਕੇ ਹਨ।