ਬਰਨਾਲਾ: ਪੰਜਾਬ ਵਿੱਚ ਜਿੱਥੇ ਇੱਕ ਪਾਸੇ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਮਰਨ ਵਰਤ ਅਤੇ ਸੰਘਰਸ਼ ਕਰ ਰਹੇ ਹਨ। ਉਥੇ ਦੂਜੇ ਪਾਸੇ ਅੱਜ ਬਰਨਾਲਾ ਜਿਲ੍ਹੇ ਵਿੱਚ ਪ੍ਰਸ਼ਾਸ਼ਨ ਵਲੋਂ ਕਿਸਾਨਾਂ ਦੀਆਂ ਜ਼ਮੀਨਾਂ ਉਪਰ ਕਬਜ਼ੇ ਲੈਣ ਦੀ ਕੋਸ਼ਿਸ਼ ਕੀਤੀ ਗਈ। ਭਾਰਤ ਮਾਲਾ ਪ੍ਰੋਜੈਕਟ ਤਹਿਤ ਬਰਨਾਲਾ ਦੇ ਪਿੰਡ ਸੰਧੂ ਕਲਾਂ ਵਿਖੇ ਅੱਜ ਪ੍ਰਸ਼ਾਸ਼ਨ ਵੱਡੇ ਪੱਧਰ ਤੇ ਪੁਲਿਸ ਨੂੰ ਨਾਲ ਲੈ ਕੇ ਜ਼ਮੀਨਾਂ ਉਪਰ ਕਬਜ਼ੇ ਲੈਣ ਪਹੁੰਚਿਆ ਸੀ। ਜਿਸ ਦਾ ਕਿਸਾਨਾਂ ਵਲੋਂ ਡੱਟ ਕੇ ਵਿਰੋਧ ਕੀਤਾ ਗਿਆ। ਵਿਰੋਧ ਕਰ ਰਹੇ ਕਿਸਾਨਾਂ ਨੂੰ ਪੁਲਿਸ ਵਲੋਂ ਹਿਰਾਸਤ ਵਿੱਚ ਲੈ ਲਿਆ ਗਿਆ। ਜਿਸਦੇ ਰੋਸ ਵਜੋਂ ਚਾਰ ਕਿਸਾਨ ਹਾਈਵੋਲਟੇਜ਼ ਬਿਜਲੀ ਦੇ ਟਾਵਰ ਉਪਰ ਚੜ੍ਹ ਗਏ। ਘਟਨਾ ਸਥਾਨ ਤੇ ਵੱਡੀ ਗਿਣਤੀ ਵਿੱਚ ਪੁਲਿਸ ਫ਼ੋਰਸ ਤੈਨਾਤ ਕੀਤੀ ਗਈ ਹੈ ਅਤੇ ਟਾਵਰ ਉਪਰ ਚੜ੍ਹੇ ਕਿਸਾਨਾਂ ਨੂੰ ਉਤਾਰਨ ਲਈ ਯਤਨ ਕੀਤੇ ਜਾ ਰਹੇ ਹਨ। ਪੀੜਤ ਕਿਸਾਨਾਂ ਨੇ ਕਿਹਾ ਕਿ ਉਹਨਾਂ ਨੂੰ ਜ਼ਮੀਨਾਂ ਅਤੇ ਘਰਾਂ ਬਦਲੇ ਯੋਗ ਮੁਆਵਜ਼ਾ ਨਹੀਂ ਦਿੱਤਾ ਗਿਆ, ਜਿਸ ਕਾਰਨ ਉਹ ਆਪਣੀਆਂ ਜ਼ਮੀਨਾਂ ਅਤੇ ਘਰ ਨਹੀਂ ਦੇਣਾ ਚਾਹੁੰਦੇ।
ਜ਼ਮੀਨਾਂ ਅਤੇ ਘਰਾਂ ਉਪਰ ਕਬਜ਼ੇ
ਇਸ ਮੌਕੇ ਗੱਲਬਾਤ ਕਰਦਿਆਂ ਪੀੜਤ ਔਰਤ ਮਹਿੰਦਰ ਕੌਰ ਨੇ ਕਿਹਾ ਕਿ ਉਹਨਾਂ ਨੇ ਜ਼ਮੀਨਾਂ ਦੇ ਦਿੱਤੇ ਜਾ ਰਹੇ ਪੈਸੇ ਅਜੇ ਤੱਕ ਨਹੀਂ ਲਏ ਹਨ। ਉਹਨਾਂ ਦੀ ਕੋਠੀ ਇਸ ਪ੍ਰੋਜੈਕਟ ਦੇ ਵਿਚਾਲੇ ਆ ਰਹੀ ਹੈ, ਜਿਸਦਾ ਅਜੇ ਵਿਵਾਦ ਚੱਲ ਰਿਹਾ ਹੈ। ਉਹਨਾਂ ਕਿਹਾ ਕਿ ਉਸਦੇ ਦੋ ਪੁੱਤ ਇਸ ਦੇ ਵਿਰੋਧ ਵਿੱਚ ਟਾਵਰ ਉਪਰ ਚੜ੍ਹੇ ਹੋਏ ਹਨ। ਉਹਨਾਂ ਕਿਹਾ ਕਿ 59 ਲੱਖ ਰੁਪਏ ਕੋਠੀ ਦਾ ਦਿੱਤਾ ਜਾ ਰਿਹਾ ਹੈ। ਜਦਕਿ ਇਸਤੋਂ ਵੱਧ ਰੁਪਏ ਤਾਂ ਉਹ ਕੋਠੀਆਂ ਉਪਰ ਖਰਚ ਕਰ ਚੁੱਕੇ ਹਨ। ਉਹਨਾਂ ਕਿਹਾ ਕਿ ਸਰਕਾਰ ਵਲੋਂ ਦਿੱਤਾ ਜਾ ਰਿਹਾ ਮੁਆਵਜ਼ਾ ਉਹਨਾਂ ਨੇ ਅਜੇ ਤੱਕ ਨਹੀਂ ਲਿਆ, ਪਰ ਸਰਕਾਰ ਧੱਕੇ ਨਾਲ ਉਹਨਾਂ ਦੀਆਂ ਜ਼ਮੀਨਾਂ ਅਤੇ ਘਰਾਂ ਉਪਰ ਕਬਜ਼ੇ ਕਰਨਾ ਚਾਹੁੰਦੀ ਹੈ।
ਭਾਰਤ ਮਾਮਲਾ ਪ੍ਰੋਜੈਕਟ
ਇਸ ਮੌਕੇ ਟਾਵਰ ਉਪਰ ਚੜ੍ਹੇ ਨੌਜਵਾਨ ਸਤਨਾਮ ਸਿੰਘ ਨੇ ਦੱਸਿਆ ਕਿ ਉਹਨਾਂ ਦੀਆਂ ਜ਼ਮੀਨਾਂ ਵਿੱਚ ਦੀ ਵੱਡਾ ਰੋਡ ਨਿਕਲ ਰਿਹਾ ਹੈ। ਉਹਨਾਂ ਨੂੰ ਜ਼ਮੀਨਾਂ ਅਤੇ ਘਰਾਂ ਦੇ ਯੋਗ ਮੁਅਵਾਜ਼ੇ ਨਹੀਂ ਦਿੱਤੇ ਜਾ ਰਹੇ। ਉਹਨਾਂ ਕਿਹਾ ਕਿ ਜ਼ਮੀਨਾਂ ਦਾ 65 ਲੱਖ ਰੁਪਏ ਮੁਆਵਜ਼ਾ ਮੰਗਿਆ ਹੈ, ਪਰ ਸਾਨੂੰ ਦਿੱਤਾ ਨਹੀਂ ਜਾ ਰਿਹਾ। ਜਦਕਿ ਉਹਨਾਂ ਦੀ ਕੋਠੀ ਵੀ ਇਸ ਪ੍ਰੋਜੈਕਟ ਵਿਚਕਾਰ ਆ ਰਹੀ ਹੈ, ਜਿਸਦਾ ਉਹਨਾਂ ਨੂੰ ਸਿਰਫ਼ 60 ਲੱਖ ਰੁਪਏ ਦਿੱਤਾ ਜਾ ਰਿਹਾ ਹੈ, ਜਦਕਿ ਕੋਠੀ ਬਨਾਉਣ ਉਪਰ 1 ਕਰੋੜ ਰੁਪਏ ਖ਼ਰਚ ਆ ਚੁਕਿਆ ਹੈ। ਜਿਸ ਕਰਕੇ ਉਹ ਆਪਣੀਆਂ ਜ਼ਮੀਨਾਂ ਉਪਰ ਕਬਜ਼ਾ ਨਹੀਂ ਹੋਣ ਦੇਣਗੇ। ਉਹਨਾਂ ਕਿਹਾ ਕਿ ਅੱਜ ਹਜ਼ਾਰ ਦੇ ਕਰੀਬ ਪੁਲਿਸ ਮੁਲਾਜ਼ਮ ਉਹਨਾਂ ਦੀਆਂ ਜ਼ਮੀਨਾਂ ਉਪਰ ਕਬਜ਼ੇ ਕਰਨ ਆਇਆ ਹੈ, ਜਿਸਨੂੰ ਉਹ ਨਹੀਂ ਹੋਣ ਦੇਣਗੇ। ਉਹਨਾਂ ਕਿਹਾ ਕਿ ਉਸਦੇ ਸਾਥੀ ਜਗਤਾਰ ਸਿੰਘ, ਜੀਵਨ ਸਿੰਘ, ਸੁਖਪ੍ਰੀਤ ਸਿੰਘ ਅਤੇ ਜਸਪ੍ਰੀਤ ਸਿੰਘ ਟਾਵਰ ਉਪਰ ਚੜ੍ਹੇ ਹਨ। ਜੇਕਰ ਉਹਨਾਂ ਦੀਆਂ ਜ਼ਮੀਨਾਂ ਧੱਕੇ ਨਾਲ ਖੋਹੀਆਂ ਗਈਆਂ ਤਾਂ ਉਹ ਆਪਣੀਆਂ ਜਾਨਾਂ ਦੇਣ ਤੋਂ ਪਿੱਛੇ ਨਹੀ ਹੱਟਣਗੇ। ਜਿਸ ਲਈ ਜਿੰਮੇਵਾਰ ਪ੍ਰਸ਼ਾਸ਼ਨ ਤੇ ਸਰਕਾਰ ਹੋਵੇਗੀ।