ਬਠਿੰਡਾ: 2024 ਦੀਆਂ ਲੋਕ ਸਭਾ ਚੋਣਾਂ ਦਾ ਸਿਆਸੀ ਬਿਗੁਲ ਵੱਜ ਚੁੱਕਾ ਹੈ ਅਤੇ ਆਮ ਆਦਮੀ ਪਾਰਟੀ ਵੱਲੋਂ ਆਪਣੇ 8 ਲੋਕ ਸਭਾ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਬਠਿੰਡਾ ਲੋਕ ਸਭਾ ਸੀਟ ਜਿਸ ਦੀ ਚਰਚਾ ਪੂਰੇ ਪੰਜਾਬ ਵਿੱਚ ਹੁੰਦੀ ਹੈ, ਤੋਂ ਆਮ ਆਦਮੀ ਪਾਰਟੀ ਨੇ 5 ਵਾਰ ਦੇ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾਉਣ ਵਾਲੇ ਵਿਧਾਇਕ ਅਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁਡੀਆਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। ਹੁਣ ਸਵਾਲ ਇਹ ਉੱਠਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਗੜ੍ਹ ਮੰਨੀ ਜਾਂਦੀ ਲੰਬੀ ਸੀਟ ਤੋਂ ਵਿਧਾਇਕ ਗੁਰਮੀਤ ਸਿੰਘ ਖੁਡੀਆਂ ਨੂੰ ਲੋਕ ਸਭਾ ਚੋਣਾਂ ਦੌਰਾਨ ਚੋਣ ਮੈਦਾਨ ਵਿੱਚ ਉਤਾਰਿਆ ਜਾਣਾ ਆਮ ਆਦਮੀ ਪਾਰਟੀ ਦਾ ਸਹੀ ਫੈਸਲਾ ਹੈ?
ਜੇਕਰ ਲੋਕ ਸਭਾ ਚੋਣਾਂ ਵਿੱਚ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਸਫਲਤਾ ਮਿਲਦੀ ਹੈ, ਤਾਂ ਲੰਬੀ ਵਿਧਾਨ ਸਭਾ ਹਲਕੇ ਦੀਆਂ ਫਿਰ ਤੋਂ ਜ਼ਿਮਣੀ ਚੋਣਾਂ ਹੋਣਗੀਆਂ। ਲੰਬੀ ਵਿਧਾਨ ਸਭਾ ਹਲਕੇ ਦਾ ਜੇਕਰ ਪਿਛਲਾ ਇਤਿਹਾਸ ਫਰੋਲਿਆ ਜਾਵੇ ਤਾਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵੋਟ ਬੈਂਕ ਨੂੰ ਆਮ ਆਦਮੀ ਪਾਰਟੀ ਬਹੁਤਾ ਖੋਰਾ ਲਾਉਣ ਵਿੱਚ ਸਫਲ ਨਹੀਂ ਹੋਈ ਹੈ।
ਲੰਬੀ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ 'ਚ ਵੋਟ ਫੀਸਦ, ਇਸ ਗ੍ਰਾਇਕਸ ਜ਼ਰੀਏ ਸਮਝੋ -
ਲੰਬੀ ਵਿੱਚ ਅਕਾਲੀ ਦਲ ਦੀ ਪਕੜ ਮਜਬੂਤ: 2022 ਵਿੱਚ ਆਮ ਆਦਮੀ ਪਾਰਟੀ ਦੀ ਪੂਰੇ ਪੰਜਾਬ ਵਿੱਚ ਚੰਗੀ ਪਕੜ ਹੋਣ ਕਾਰਨ 92 ਵਿਧਾਇਕ ਚੁਣੇ ਗਏ ਸਨ, ਭਾਵੇਂ ਲੰਬੀ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਗੁਰਮੀਤ ਸਿੰਘ ਖੁਡੀਆਂ ਵਿਧਾਇਕ ਬਣੇ, ਪਰ ਸ਼੍ਰੋਮਣੀ ਅਕਾਲੀ ਦਲ ਦੇ ਵੋਟ ਬੈਂਕ ਨੂੰ ਗੁਰਮੀਤ ਸਿੰਘ ਖੁੱਡੀਆਂ ਬਹੁਤਾ ਖੋਰਾ ਲਾਉਣ ਵਿੱਚ ਸਫਲ ਨਹੀਂ ਹੋਏ। ਜਦਕਿ, ਵੋਟ ਬੈਂਕ ਦਾ ਵੱਡਾ ਨੁਕਸਾਨ ਕਾਂਗਰਸ ਨੂੰ ਝੱਲਣਾ ਪਿਆ। ਹੁਣ ਜੇਕਰ ਅੰਕੜਿਆਂ ਦੀ ਗਿਣਤੀ ਦੇ ਹਿਸਾਬ ਨਾਲ ਦੇਖਿਆ ਜਾਵੇ, ਤਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਹਲਕਾ ਲੰਬੀ ਵਿੱਚ ਪਕੜ ਹਾਲੇ ਵੀ ਮਜਬੂਤ ਹੈ।
ਗ੍ਰਾਫਿਕਸ ਜ਼ਰੀਏ ਸਮਝੋ, ਇਸ ਸੀਟ ਦਾ ਸਿਆਸੀ ਇਤਿਹਾਸ -
ਕੀ ਆਪ ਨੂੰ ਮਿਲੇਗੀ ਸਫ਼ਲਤਾ ? : ਲੰਬੀ ਵਿਧਾਨ ਸਭਾ ਸੀਟ ਦਾ ਸਿਆਸੀ ਸਫਰ ਦੇਖਣ ਤੋਂ ਬਾਅਦ, ਹੁਣ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਜੇਕਰ ਗੁਰਮੀਤ ਸਿੰਘ ਖੁਡੀਆਂ ਨੂੰ ਬਠਿੰਡਾ ਲੋਕ ਸਭਾ ਸੀਟ ਤੋਂ ਸਫਲਤਾ ਮਿਲਦੀ ਹੈ, ਤਾਂ ਕਿ ਮੁੜ ਤੋਂ ਆਮ ਆਦਮੀ ਪਾਰਟੀ ਲੰਬੀ ਵਿਧਾਨ ਸਭਾ ਸੀਟ ਉੱਤੇ ਜ਼ਿਮਨੀ ਚੋਣ ਦੌਰਾਨ ਸਫਲਤਾ ਹਾਸਲ ਕਰ ਸਕੇਗੀ ਜਾਂ ਨਹੀਂ। ਕਿਉਂਕਿ, ਮੌਜੂਦਾ ਸਰਕਾਰ ਦੀ ਕਾਰਗੁਜ਼ਾਰੀ ਨੂੰ ਲੈ ਕੇ ਜਿੱਥੇ ਸੰਘਰਸ਼ਸ਼ੀਲ ਜਥੇਬੰਦੀਆਂ ਲਗਾਤਾਰ ਸੰਘਰਸ਼ ਕਰ ਰਹੀਆਂ ਹਨ, ਉੱਥੇ ਹੀ ਖਰਾਬ ਹੋਈਆਂ ਫਸਲਾਂ ਦੇ ਮੁਆਵਜ਼ੇ ਨੂੰ ਲੈ ਕੇ ਵੀ ਕਿਸਾਨਾਂ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ ਜਿਸ ਦਾ ਅਸਰ ਲੋਕ ਸਭਾ ਚੋਣਾਂ ਦਾ ਦੌਰਾਨ ਵੇਖਣ ਨੂੰ ਮਿਲ ਸਕਦਾ।
ਮਾਹਿਰ ਦਾ ਕੀ ਕਹਿਣਾ: ਸੀਨੀਅਰ ਪੱਤਰਕਾਰ ਚੰਦਰ ਪ੍ਰਕਾਸ਼ ਦਾ ਕਹਿਣਾ ਹੈ ਕਿ ਬਠਿੰਡਾ ਲੋਕ ਸਭਾ ਸੀਟ ਨੂੰ ਲੈ ਕੇ ਭਾਵੇਂ ਆਮ ਆਦਮੀ ਪਾਰਟੀ ਵੱਲੋਂ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਗਿਆ ਹੈ, ਪਰ ਜੇਕਰ ਹਰਸਿਮਰਤ ਕੌਰ ਬਾਦਲ ਮੁੜ ਤੋਂ ਚੋਣ ਮੈਦਾਨ ਵਿੱਚ ਆਉਂਦੇ ਹਨ, ਤਾਂ ਮੁਕਾਬਲਾ ਬਹੁਤ ਹੀ ਫਸਵਾਂ ਹੋਵੇਗਾ। ਲੰਬੀ ਵਿਧਾਨ ਸਭਾ ਸੀਟ ਬਠਿੰਡਾ ਲੋਕ ਸਭਾ ਸੀਟ ਨਾਲ ਜੁੜੀ ਹੋਈ ਹੈ। ਇਸ ਸੀਟ ਉੱਤੇ ਹਮੇਸ਼ਾ ਅਕਾਲੀ ਦਲ ਦੀ ਵੋਟ ਪ੍ਰਤੀਸ਼ਤ ਅੱਗੇ ਹੀ ਰਹੀ ਹੈ। ਲੰਬੀ ਵਿਧਾਨ ਸਭਾ ਸਟੇਟ ਦਾ ਲੋਕ ਸਭਾ ਸੀਟ ਦੀ ਜਿੱਤ ਹਾਰ ਵਿੱਚ ਵੱਡਾ ਯੋਗਦਾਨ ਹੁੰਦਾ ਹੈ। ਹੁਣ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਆਮ ਆਦਮੀ ਪਾਰਟੀ ਵੱਲੋਂ ਲੋਕ ਸਭਾ ਚੋਣਾਂ ਮੈਦਾਨ ਵਿੱਚ ਉਤਾਰਿਆ ਜਾਣਾ ਠੀਕ ਰਿਹਾ ਜਾਂ ਨਹੀਂ।