ਬਠਿੰਡਾ: ਬੀਤੇ ਦਿਨੀਂ ਬਠਿੰਡਾ-ਤਲਵੰਡੀ ਸਾਬੋ ਰੋਡ 'ਤੇ ਵਾਪਰੇ ਭਿਆਨਕ ਬੱਸ ਹਾਦਸੇ ਨੇ, ਕਈ ਲੋਕਾਂ ਦੀਆਂ ਖੁਸ਼ੀਆਂ ਨੂੰ ਨਜ਼ਰ ਲਗਾ ਦਿੱਤੀ ਤੇ ਘਰਾਂ 'ਚ ਸੱਥਰ ਵਿਛਾ ਦਿੱਤੇ ਹਨ। ਇਸ ਹਾਦਸੇ 'ਚ ਮਰਨ ਵਾਲਿਆਂ ਦਾ ਦਰਦ ਉਨ੍ਹਾਂ ਦੇ ਆਪਣੇ ਹੀ ਮਹਿਸੂਸ ਕਰ ਸਕਦੇ ਹਨ, ਕਿਉਂਕਿ ਇਸ ਹਾਦਸੇ 'ਚ ਕਿਸੇ ਨੇ ਆਪਣਾ ਪੁੱਤ ਤਾਂ ਕਿਸੇ ਨੇ ਮਾਂ ਜਾਂ ਪਿਓ ਨੂੰ ਖੋਹ ਲਿਆ ਹੈ। ਅਜਿਹੀ ਹੀ ਦਿਲ ਨੂੰ ਵਲੂੰਧਰ ਦੇਣ ਵਾਲੀ ਮ੍ਰਿਤਕਾ ਪਰਮਜੀਤ ਕੌਰ ਦੀ ਕਹਾਣੀ ਹੈ, ਜੋ ਕਿ ਹਰਿਆਣਾ ਦੇ ਪਿੰਡ ਹੁਕਮਾਂਵਾਲੀ ਦੀ ਰਹਿਣ ਵਾਲੀ ਸੀ।
ਛੇ ਧੀਆਂ ਦੀ ਮਾਂ ਦੀ ਹਾਦਸੇ 'ਚ ਮੌਤ
ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕਾ ਪਰਮਜੀਤ ਕੌਰ ਛੇ ਧੀਆਂ ਦੀ ਮਾਂ ਸੀ, ਜਿਸ ਦੀ ਕਿ ਇਸ ਹਾਦਸੇ 'ਚ ਜਾਨ ਚਲੀ ਗਈ। ਦੱਸਿਆ ਜਾ ਰਿਹਾ ਕਿ ਹਾਦਸੇ ਸਮੇਂ ਮ੍ਰਿਤਕਾ ਪਰਮਜੀਤ ਕੌਰ ਆਪਣੀਆਂ ਦੋ ਧੀਆਂ ਨੂੰ ਨਾਲ ਲੈਕੇ ਆਪਣੇ ਪੇਕੇ ਜਾ ਰਹੀ ਸੀ ਤਾਂ ਰਾਹ 'ਚ ਇਹ ਭਿਆਨਕ ਹਾਦਸਾ ਵਾਪਰ ਗਿਆ। ਇਸ ਹਾਦਸੇ ਤੋਂ ਬਾਅਦ ਮ੍ਰਿਤਕਾ ਦੀ ਵੱਡੀ ਬੇਟੀ ਨੇ ਆਪਣੀ ਛੋਟੀ ਭੈਣ ਨੂੰ ਤਾਂ ਬਚਾ ਲਿਆ ਪਰ ਆਪਣੀ ਮਾਂ ਨੂੰ ਨਹੀਂ ਬਚਾ ਸਕੀ। ਜਿਸ ਸਬੰਧੀ ਮ੍ਰਿਤਕਾ ਦੀ ਬੱਚੀ ਨੇ ਸਭ ਬਿਆਨ ਕੀਤਾ ਹੈ।
ਬੱਚੀ ਨੇ ਭੈਣ ਨੂੰ ਬਚਾਇਆ ਪਰ ਮਾਂ ਨੂੰ ਨਹੀਂ ਬਚਾ ਸਕੀ
ਇਸ ਹਾਦਸੇ ਦੌਰਾਨ ਬੱਸ 'ਚ ਹੀ ਸਵਾਰ ਮ੍ਰਿਤਕਾ ਪਰਮਜੀਤ ਕੌਰ ਦੀ ਵੱਡੀ ਬੱਚੀ ਨੇ ਦੱਸਿਆ ਕਿ ਉਸ ਨੇ ਆਪਣੀ ਛੋਟੀ ਭੈਣ ਨੂੰ ਹਿੰਮਤ ਨਾਲ ਬਚਾ ਲਿਆ ਅਤੇ ਖੁਦ ਵੀ ਮੌਤ ਦੇ ਮੂੰਹ 'ਚੋਂ ਬਾਹਰ ਨਿਕਲ ਆਈ ਪਰ ਆਪਣੀ ਮਾਂ ਨੂੰ ਨਹੀਂ ਬਚਾ ਸਕੀ। ਉਸ ਨੇ ਦੱਸਿਆ ਕਿ ਉਹ ਬੱਸ ਦੀ ਪਾਈਪ ਦੇ ਸਹਾਰੇ ਖੜੀ ਰਹੀ ਤੇ ਆਪਣੀ ਛੋਟੀ ਭੈਣ ਨੂੰ ਗੋਦੀ ਵਿੱਚ ਲੈ ਕੇ ਉਸ ਨੂੰ ਬਚਾਇਆ। ਬੱਚੀ ਨੇ ਦੱਸਿਆ ਕਿ ਉਸ ਨੇ ਆਪਣੀ ਮਾਂ ਦਾ ਵੀ ਹੱਥ ਫੜਿਆ ਤੇ ਉਸ ਨੂੰ ਵੀ ਬਾਹਰ ਕਢਾਉਣ ਵਿੱਚ ਮਦਦ ਕੀਤੀ ਪਰ ਉਸ ਦੀ ਮਾਤਾ ਦੀ ਉਦੋਂ ਤੱਕ ਮੌਤ ਹੋ ਗਈ।
ਦੋ ਧੀਆਂ ਦੇ ਨਾਲ ਪੇਕੇ ਜਾ ਰਹੀ ਸੀ ਮ੍ਰਿਤਕਾ
ਉਥੇ ਹੀ ਮ੍ਰਿਤਕਾ ਦੇ ਪਤੀ ਨੇ ਦੱਸਿਆ ਕਿ ਪਰਮਜੀਤ ਕੌਰ ਆਪਣੇ ਪੇਕੇ ਜਾ ਰਹੀ ਸੀ, ਜੋ ਕਿ ਆਪਣੇ ਨਾਲ ਆਪਣੀਆਂ ਚਾਰੇ ਧੀਆਂ ਨੂੰ ਲਿਜਾਉਣਾ ਚਾਹੁੰਦੀ ਸੀ ਪਰ ਦੋ ਧੀਆਂ ਨੇ ਨਾਨਕੇ ਜਾਣ ਤੋਂ ਇਨਕਾਰ ਕਰ ਦਿੱਤਾ, ਜਿਸ ਕਰਕੇ ਉਸ ਨਾਲ ਦੋ ਧੀਆਂ ਹੀ ਗਈਆਂ ਸਨ। ਉਨ੍ਹਾਂ ਦੱਸਿਆ ਕਿ ਫੋਨ ਆਉਣ ਤੋਂ ਬਾਅਦ ਹੀ ਉਨ੍ਹਾਂ ਨੂੰ ਹਾਦਸੇ ਸਬੰਧੀ ਜਾਣਕਾਰੀ ਮਿਲੀ ਸੀ, ਜਿਸ 'ਚ ਕੁੜੀਆਂ ਨਾਲ ਫੋਨ 'ਤੇ ਹੀ ਗੱਲ ਹੋਈ ਸੀ ਤੇ ਪਤਾ ਲੱਗਾ ਸੀ ਕਿ ਉਹ ਠੀਕ ਹਨ। ਮ੍ਰਿਤਕਾ ਦੇ ਪਤੀ ਨੇ ਦੱਸਿਆ ਕਿ ਉਨ੍ਹਾਂ ਮੌਕੇ 'ਤੇ ਜਾ ਕੇ ਦੇਖਿਆ ਤਾਂ ਉਸ ਦੀ ਪਤਨੀ ਦੀ ਮੌਤ ਹੋ ਚੁੱਕੀ ਸੀ। ਮ੍ਰਿਤਕਾ ਦੇ ਪਤੀ ਨੇ ਦੱਸਿਆ ਕਿ ਉਸ ਦੀ ਪਤਨੀ ਉਸ ਦੇ ਕੰਮ ਵਿੱਚ ਵੀ ਹੱਥ ਵਟਾਉਂਦੀ ਸੀ ਅਤੇ ਸਮਾਗਮਾਂ ਵਿੱਚ ਰੋਟੀ ਪਕਾਉਣ ਦਾ ਕੰਮ ਕਰਦੀ ਸੀ।
ਪਿੰਡ ਵਾਸੀਆਂ ਵਲੋਂ ਸਰਕਾਰ ਤੋਂ ਮਦਦ ਦੀ ਗੁਹਾਰ
ਇਸ ਦੇ ਨਾਲ ਹੀ ਪਿੰਡ ਵਾਸੀਆਂ ਨੇ ਇਸ ਪਰਿਵਾਰ ਲਈ ਸਰਕਾਰ ਤੋਂ ਮਦਦ ਦੀ ਗੁਹਾਰ ਲਗਾਈ ਹੈ ਕਿਉਂਕਿ ਇਸ ਪਰਿਵਾਰ ਦੇ ਛੇ ਲੜਕੀਆਂ ਸਨ, ਜਿਸ ਵਿੱਚੋਂ ਇੱਕ ਲੜਕੀ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਅਤੇ ਇੱਕ ਲੜਕੀ ਰਿਸ਼ਤੇਦਾਰ ਨੇ ਗੋਦ ਲੈ ਲਈ ਸੀ ਪਰ ਹੁਣ ਚਾਰ ਲੜਕੀਆਂ ਦਾ ਪਾਲਣ ਪੋਸ਼ਣ ਇਹ ਪਤੀ ਪਤਨੀ ਕਰਦੇ ਸਨ।
ਕੇਂਦਰ ਤੇ ਪੰਜਾਬ ਸਰਕਾਰ ਵਲੋਂ ਮੁਆਵਜ਼ੇ ਦਾ ਐਲਾਨ
ਕਾਬਿਲੇਗੌਰ ਹੈ ਕਿ ਬਠਿੰਡਾ 'ਚ ਬੀਤੇ ਦਿਨੀਂ ਇਹ ਹਾਦਸਾ ਹੋਇਆ ਸੀ, ਜਿਸ 'ਚ ਕਈ ਜਾਨਾਂ ਵੀ ਗਈਆਂ ਸਨ। ਇਸ ਹਾਦਸੇ ਤੋਂ ਬਾਅਦ ਕੇਂਦਰ ਸਰਕਾਰ ਵਲੋਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਦੋ-ਦੋ ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਗਿਆ ਸੀ। ਉਥੇ ਹੀ ਹੁਣ ਪੰਜਾਬ ਸਰਕਾਰ ਵਲੋਂ ਵੀ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਤਿੰਨ-ਤਿੰਨ ਲੱਖ ਰੁਪਏ ਮੁਆਵਜ਼ਾ ਦੇਣ ਦੇ ਨਾਲ-ਨਾਲ ਜ਼ਖ਼ਮੀਆਂ ਦਾ ਮੁਫ਼ਤ ਇਲਾਜ ਕਰਨ ਦਾ ਐਲਾਨ ਕੀਤਾ ਗਿਆ ਹੈ।
- ਬਠਿੰਡਾ ਬੱਸ ਹਾਦਸੇ ਨਾਲ ਜੁੜੀ ਵੱਡੀ ਖ਼ਬਰ, ਪੀੜਤ ਪਰਿਵਾਰਾਂ ਨੇ ਮ੍ਰਿਤਕਾਂ ਦਾ ਸਸਕਾਰ ਕਰਨ ਤੋਂ ਕੀਤਾ ਇਨਕਾਰ
- ਨਗਰ ਨਿਗਮ ਚੋਣਾਂ 'ਚ ਵੋਟਰ ਸੂਚੀ ਨੂੰ ਲੈ ਕੇ ਖੜੇ ਹੋ ਰਹੇ ਵਿਵਾਦ, ਪਹਿਲਾਂ ਭਾਜਪਾ ਤਾਂ ਹੁਣ AAP ਨੇ ਵੀ ਚੁੱਕੇ ਸਵਾਲ, ਕਿਹਾ....
- ਆਮ ਲੋਕਾਂ ਨਾਲ ਜੁੜੀ ਅਹਿਮ ਖ਼ਬਰ, ਆਪਣੇ ਵਾਹਨਾਂ ਦੀਆਂ ਭਰਾ ਲਓ ਟੈਂਕੀਆਂ, ਖਰੀਦ ਕੇ ਰੱਖ ਲਓ ਸਬਜ਼ੀਆਂ, ਕਾਰਨ ਜਾਣਨ ਲਈ ਕਰੋ ਕਲਿੱਕ