ਬਰਨਾਲਾ: ਬਰਨਾਲਾ ਵਿਧਾਨ ਸਭਾ ਦੀ ਜ਼ਿਮਨੀ ਚੋਣ ਦਾ ਸਿਆਸੀ ਪਾਰਾ ਪੂਰੀ ਸਿਖਰ 'ਤੇ ਹੈ। ਅੱਜ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦਾ ਆਖ਼ਰੀ ਦਿਨ ਹੈ। ਉਥੇ ਇਸੇ ਸਿਆਸੀ ਮਾਹੌਲ ਵਿੱਚ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਗਾਇਬ ਦਿਖਾਈ ਦੇ ਰਹੇ ਹਨ। ਉਹਨਾਂ ਦੇ ਕਈ ਦਿਨਾਂ ਤੋਂ ਬੀਮਾਰ ਹੋਣ ਦੇ ਚਰਚੇ ਹਨ। ਅੱਜ ਬਰਨਾਲਾ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਿੰਦਰ ਸਿੰਘ ਧਾਲੀਵਾਲ ਵਲੋਂ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ ਹਨ। ਇਸ ਦੌਰਾਨ ਵੀ ਸੰਸਦ ਮੈਂਬਰ ਮੀਤ ਹੇਅਰ ਗੈਰ ਹਾਜ਼ਰ ਰਹੇ। ਆਮ ਆਦਮੀ ਪਾਰਟੀ ਦੇ ਆਗੂਆਂ ਅਨੁਸਾਰ ਮੀਤ ਹੇਅਰ ਨੂੰ ਡੇਂਗੂ ਹੋਣ ਕਾਰਨ ਉਹ ਬੈਡ ਰੈਸਟ ਉਪਰ ਹਨ। ਉਹਨਾਂ ਦੇ ਤੰਦਰੁਸਤ ਹੋਣ ਵਿੱਚ ਅਜੇ ਕੁੱਝ ਦਿਨ ਹੋਰ ਲੱਗ ਸਕਦੇ ਹਨ।
ਸਾਂਸਦ ਮੀਤ ਹੇਅਰ ਨੂੰ ਹੋਇਆ ਡੇਂਗੂ
ਇਸ ਮੌਕੇ ਆਪ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਨੇ ਕਿਹਾ ਕਿ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਪਿਛਲੇ ਕੁੱਝ ਦਿਨਾਂ ਤੋਂ ਬੀਮਾਰ ਹਨ। ਉਹਨਾਂ ਨੂੰ ਡੇਂਗੂ ਦੀ ਸ਼ਿਕਾਇਤ ਕਾਰਨ ਡਾਕਟਰਾਂ ਨੇ ਰੈਸਟ ਦੀ ਸਲਾਹ ਦਿੱਤੀ ਹੈ। ਜਿਸ ਕਰਕੇ ਉਹ ਅੱਜ ਪਹੁੰਚ ਨਹੀਂ ਸਕੇ। ਉਹਨਾਂ ਕਿਹਾ ਕਿ ਅੱਜ ਹੀ ਉਹ ਮੀਤ ਹੇਅਰ ਦਾ ਹਾਲ ਚਾਲ ਲੈਕੇ ਆਏ ਹਨ ਤੇ ਉਹ ਪਹਿਲਾਂ ਨਾਲੋਂ ਠੀਕ ਹਨ। ਉਹਨਾਂ ਕਿਹਾ ਕਿ ਬਹੁਤ ਜਲਦ ਤੰਦਰੁਸਤ ਹੋ ਕੇ ਚੋਣ ਪ੍ਰਚਾਰ ਕਰਨਗੇ। ਵਿਧਾਇਕ ਸੁਖਾਨੰਦ ਨੇ ਕਿਹਾ ਕਿ ਬਰਨਾਲਾ ਹਲਕੇ ਤੋਂ ਲਗਾਤਾਰ ਆਮ ਆਦਮੀ ਪਾਰਟੀ ਨੂੰ ਜਿੱਤ ਮਿਲਦੀ ਰਹੀ ਹੈ ਅਤੇ ਇਸ ਵਾਰ ਵੀ ਬਰਨਾਲਾ ਦੇ ਲੋਕ ਆਮ ਆਦਮੀ ਪਾਰਟੀ ਨੂੰ ਮਾਣ ਬਖ਼ਸਣਗੇ।
ਪਾਰਟੀ ਵਰਕਰ ਨੂੰ ਦਿੱਤੀ ਟਿਕਟ
ਉਥੇ ਇਸ ਮੌਕੇ ਮਹਿਲ ਕਲਾਂ ਤੋਂ ਆਮ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਕਿਹਾ ਕਿ ਅੱਜ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਿੰਦਰ ਸਿੰਘ ਧਾਲੀਵਾਲ ਦੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ ਹਨ। ਉਹਨਾਂ ਕਿਹਾ ਕਿ ਪਾਰਟੀ ਦੇ ਇੱਕ ਵਰਕਰ ਨੂੰ ਟਿਕਟ ਦਿੱਤੀ ਹੈ। ਹਰਿੰਦਰ ਧਾਲੀਵਾਲ ਪਾਰਟੀ ਦੀ ਹੋਂਦ ਵੇਲੇ ਤੋਂ ਕੰਮ ਕਰਨ ਲੱਗਿਆ ਹੋਇਆ ਹੈ। ਉਹਨਾਂ ਕਿਹਾ ਕਿ ਸਰਕਾਰ ਦੇ ਅਜੇ ਢਾਈ ਸਾਲ ਪਏ ਹਨ, ਜਿਸ ਕਰਕੇ ਸਰਕਾਰ ਦੇ ਉਮੀਦਵਾਰ ਦੀ ਜਿੱਤ ਹੋਵੇਗੀ।
ਤਨਦੇਹੀ ਨਾਲ ਕਰਨਗੇ ਚੋਣ ਪ੍ਰਚਾਰ
ਪੰਡੋਰੀ ਨੇ ਪਾਰਟੀ ਦੀ ਬਗਾਵਤ ਨੂੰ ਲੈ ਕੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਹਰ ਵਰਕਰ ਨੂੰ ਮਾਣ ਬਖਸ਼ਿਆ ਹੈ। ਉਹਨਾਂ ਕਿਹਾ ਕਿ ਇਸ ਚੋਣ ਦੌਰਾਨ ਪਾਰਟੀ ਦੇ ਮੰਤਰੀ ਅਤੇ ਵਿਧਾਇਕ ਪੂਰੀ ਤਨਦੇਹੀ ਨਾਲ ਚੋਣ ਪ੍ਰਚਾਰ ਕਰਨਗੇ। ਉਥੇ ਨਾਲ ਹੀ ਉਹਨਾਂ ਕਿਹਾ ਕਿ ਉਹ ਖ਼ੁਦ ਵੀ ਗੁਰਦੀਪ ਸਿੰਘ ਬਾਠ ਨੂੰ ਮਨਾਉਣ ਦੀ ਕੋਸ਼ਿਸ਼ ਕਰਨਗੇ। ਉਥੇ ਮੀਤ ਹੇਅਰ ਦੇ ਨਾ ਹਾਜ਼ਰ ਹੋਣ ਸਬੰਧੀ ਉਹਨਾਂ ਕਿਹਾ ਕਿ ਉਹਨਾਂ ਦੀ ਸਿਹਤ ਕੁੱਝ ਦਿਨਾਂ ਤੋਂ ਠੀਕ ਨਾ ਹੋਣ ਕਾਰਨ ਉਹ ਘਰ ਵਿੱਚ ਰੈਸਟ ਕਰ ਰਹੇ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਚੋਣ ਪ੍ਰਚਾਰ ਕਰਨਗੇ।