ਫਤਿਹਗੜ੍ਹ ਸਾਹਿਬ: ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਖਾਨਪੁਰ ਦੇ ਬਲਜਿੰਦਰ ਸਿੰਘ ਨੂੰ ਪਾਕਿਸਤਾਨ ਬੈਠੇ ਨੂੰ ਪਤਾ ਲੱਗਿਆ ਕਿ ਉਹ ਪਿੰਡ ਦੇ ਸਰਪੰਚ ਬਣ ਗਏ ਹਨ। ਦਰਅਸਲ ਬਲਜਿੰਦਰ ਸਿੰਘ ਪੰਜਾਬ ਸਿੱਖਿਆ ਬੋਰਡ ਦੇ ਸੇਵਾ ਮੁਕਤ ਸੁਪਰਡੈਂਟ ਹਨ, ਜੋ 4 ਅਕਤੂਬਰ ਨੂੰ ਪਿੰਡ ਖਾਨਪੁਰ ਵਿੱਚ ਸਰਪੰਚ ਦੇ ਨਾਮਜ਼ਦਗੀ ਪੱਤਰ ਭਰ ਕੇ ਪਰਿਵਾਰ ਸਮੇਤ 6 ਅਕਤੂਬਰ ਨੂੰ ਪਾਕਿਸਤਾਨ ਤੀਰਥ ਯਾਤਰਾ 'ਤੇ ਚਲੇ ਗਏ ਸਨ ਅਤੇ 15 ਅਕਤੂਬਰ ਨੂੰ ਜਦੋਂ ਨਤੀਜਾ ਆਇਆ ਤਾਂ ਬਲਜਿੰਦਰ ਸਿੰਘ ਸਰਪੰਚ ਬਣ ਗਏ।
ਬਲਵਿੰਦਰ ਸਿੰਘ ਦਾ ਪਿੰਡ ਵਾਸੀਆਂ ਵੱਲੋਂ ਸਨਮਾਨ
ਦੱਸ ਦੇਈਏ ਕਿ ਬਲਜਿੰਦਰ ਸਿੰਘ ਨੂੰ ਸਰਪੰਚ ਬਣਨ ਦੀ ਸੂਚਨਾ ਪਾਕਿਸਤਾਨ ਵਿੱਚ ਹੀ ਮਿਲੀ। ਜ਼ਿਕਰਯੋਗ ਹੈ ਬਲਜਿੰਦਰ ਸਿੰਘ ਦਾ ਪ੍ਰਚਾਰ ਪਿੰਡ ਦੇ ਲੋਕਾਂ ਵੱਲੋਂ ਹੀ ਕੀਤਾ ਗਿਆ। ਸਰਪੰਚ ਬਲਜਿੰਦਰ ਸਿੰਘ 18 ਅਕਤੂਬਰ ਰਾਤ ਨੂੰ ਪਾਕਿਸਤਾਨ ਤੋਂ ਪਿੰਡ ਪਹੁੰਚੇ ਤਾਂ ਨਵੇਂ ਬਣੇ ਸਰਪੰਚ ਬਲਜਿੰਦਰ ਸਿੰਘ ਦਾ ਪਿੰਡ ਵਾਸੀਆਂ ਵੱਲੋਂ ਸਨਮਾਨ ਵੀ ਕੀਤਾ ਗਿਆ। ਸਰਪੰਚ ਬਲਜਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਸਭ ਤੋਂ ਪਹਿਲਾਂ ਜੋ ਕੰਮ ਕਰਨਾ ਹੈ ਉਹ ਇਹ ਕਿ ਪਿੰਡ ਵਿੱਚ ਇੱਕ ਜਿੰਮ ਅਤੇ ਗਰਾਊਂਡ ਬਣਾਉਣਾ ਹੈ। ਇਹ ਸਹੂਲਤਾਂ ਪਿੰਡ ਵਿੱਚ ਨਾ ਹੋਣ ਕਾਰਨ ਵੀ ਨੌਜਵਾਨ ਨਸ਼ਿਆਂ ਵੱਲ ਜਾ ਰਹੇ ਹਨ। ਜੇਕਰ ਪਿੰਡ ਵਿੱਚ ਗਰਾਊਂਡ ਅਤੇ ਜਿੰਮ ਹੋਵੇਗਾ ਤਾਂ ਨੌਜਵਾਨਾਂ ਦਾ ਧਿਆਨ ਨਸ਼ਿਆਂ ਵੱਲ ਘੱਟ ਜਾਵੇਗਾ।
ਅਧੂਰੇ ਕਾਰਜ ਕੀਤੇ ਜਾਣਗੇ ਪੂਰੇ
ਇਸ ਮੌਕੇ ਗੱਲਬਾਤ ਕਰਦੇ ਹੋਏ ਸਰਪੰਚ ਬਲਜਿੰਦਰ ਸਿੰਘ ਦਾ ਕਹਿਣਾ ਹੈ ਕਿ ਜੋ ਵੀ ਪਿੰਡ ਦੇ ਵਿੱਚ ਵਿਕਾਸ ਕਾਰਜ ਅਧੂਰੇ ਪਏ ਹਨ, ਉਨ੍ਹਾਂ ਨੂੰ ਪਹਿਲ ਦੇ ਅਧਾਰ 'ਤੇ ਪੂਰਾ ਕੀਤਾ ਜਾਵੇਗਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਪਿੰਡ ਦੇ ਵਿੱਚੋਂ ਜੋ ਵੀ ਵਿਅਕਤੀ ਨਸ਼ਾ ਕਰਦੇ ਹਨ ਜਾਂ ਵੇਚਦੇ ਹਨ ਉਨ੍ਹਾਂ ਖਿਲਾਫ ਵੀ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉੱਥੇ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਪਿੰਡ ਵਿੱਚ ਜੋ ਅੱਠਵੀਂ ਤੱਕ ਸਕੂਲ ਹੈ, ਉਸਨੂੰ 10 ਤੱਕ ਕਰਵਾਇਆ ਜਾਵੇ ਤਾਂ ਜੋ ਬੱਚਿਆਂ ਨੂੰ ਬਾਹਰ ਹੋਰ ਪਿੰਡਾਂ ਵਿੱਚ ਜਾ ਕੇ ਨਾ ਪੜ੍ਹਨਾ ਪਵੇ।
ਪਿੰਡ ਨੂੰ ਪੰਜਾਬ ਦਾ ਨੰਬਰ ਇੱਕ ਪਿੰਡ ਬਣਾਵਾਂਗੇ
ਪਿੰਡ ਵਾਸੀਆਂ ਨੇ ਕਿਹਾ ਕਿ ਸਰਪੰਚ ਬਲਜਿੰਦਰ ਸਿੰਘ ਨੇ ਜੋ ਵਾਅਦੇ ਕਰੇ ਹਨ, ਉਨ੍ਹਾਂ ਵਾਅਦਿਆਂ 'ਤੇ ਉਹ ਜ਼ਰੂਰ ਪੂਰੇ ਉਤਰਨਗੇ। ਉਨ੍ਹਾਂ ਨੇ ਕਿਹਾ ਕਿ ਉਹ ਬਲਜਿੰਦਰ ਸਿੰਘ ਦਾ ਮੋਢੇ ਨਾਲ ਮੋਢਾ ਲਾ ਕੇ ਸਾਥ ਦੇਣਗੇ ਅਤੇ ਪਿੰਡ ਨੂੰ ਪੰਜਾਬ ਦਾ ਨੰਬਰ ਇੱਕ ਪਿੰਡ ਬਣਾਉਣਗੇ।