ਮੌੜ ਮੰਡੀ (ਬਠਿੰਡਾ): ਦਿਨੋਂ-ਦਿਨ ਚੋਰਾਂ ਦੇ ਹੌਸਲੇ ਇਸ ਕਦਰ ਬੁਲੰਦ ਹਨ ਕਿ ਉਨ੍ਹਾਂ ਵੱਲੋਂ ਚੋਰੀ ਦੀ ਘਟਨਾ ਨੂੰ ਅੰਜਾਮ ਦੇਣ ਲਈ ਹੁਣ ਰਾਤ ਦੇ ਹਨੇਰੇ ਦੀ ਉਡੀਕ ਨਹੀਂ ਕੀਤੀ ਜਾਂਦੀ। ਬਠਿੰਡਾ ਦੇ ਕਸਬਾ ਮੌੜ ਮੰਡੀ ਵਿਖੇ ਆਪਟੀਕਲ ਦੁਕਾਨ ਤੇ ਦੋ ਨੌਜਵਾਨਾਂ ਵੱਲੋਂ ਦਿਨ ਦਿਹਾੜੇ ਦੁਕਾਨ ਦਾ ਜਿੰਦਰਾ ਤੋੜ ਕੇ ਗੱਲੇ ਵਿੱਚੋਂ 30 ਤੋਂ 35000 ਅਤੇ ਦੋ ਐਣਕਾਂ ਚੋਰੀ ਕਰਕੇ ਮੋਟਰਸਾਈਕਲ 'ਤੇ ਫਰਾਰ ਹੋਣ ਦਾ ਸਮਾਚਾਰ ਸਾਹਮਣੇ ਆਇਆ ਹੈ।
ਜਿੰਦਰਾ ਤੋੜ ਕੇ ਕੀਤੀ ਚੋਰੀ: ਸ਼੍ਰੀ ਗਣੇਸ਼ ਆਪਟੀਕਲ ਦੇ ਮਾਲਕ ਰਕੇਸ਼ ਕੁਮਾਰ ਨੇ ਦੱਸਿਆ ਕਿ ਉਹ ਅੱਜ ਦੁਪਹਿਰੇ ਕਰੀਬ 2 ਵਜੇ ਆਪਣੇ ਘਰ ਖਾਣਾ ਖਾਣ ਗਏ ਸਨ ਅਤੇ ਦੁਕਾਨਦਾਰ ਸ਼ੀਸ਼ਾ ਲੌਕ ਕਰਕੇ ਗਏ ਸਨ। ਕਰੀਬ 2:40 ਮਿੰਟ 'ਤੇ ਜਦੋਂ ਉਹ ਖਾਣਾ ਖਾ ਕੇ ਆਪਣੀ ਦੁਕਾਨ 'ਤੇ ਆਏ ਤਾਂ ਦੇਖਿਆ ਦੁਕਾਨ ਦਾ ਸ਼ੀਸ਼ਾ ਖੁੱਲਾ ਸੀ ਅਤੇ ਗੱਲੇ ਵਿੱਚੋਂ 30 ਤੋਂ 35000 ਰੁਪਏ ਅਤੇ ਦੋ ਐਨਕਾਂ ਗਾਇਬ ਸਨ। ਜਦੋਂ ਉਨ੍ਹਾਂ ਵੱਲੋਂ ਦੁਕਾਨ ਵਿੱਚ ਲੱਗੇ ਹੋਏ ਸੀਸੀਟੀਵੀ ਕੈਮਰੇ ਚੈੱਕ ਕੀਤੇ ਤਾਂ ਇਹ ਗੱਲ ਸਾਹਮਣੇ ਆਈ ਕਿ ਦੋ ਨੌਜਵਾਨ ਉਨ੍ਹਾਂ ਦੀ ਦੁਕਾਨ ਤੇ ਗੈਰ-ਮੌਜੂਦਗੀ ਵਿੱਚ ਆਏ ਸਨ। ਜਿੰਨਾ ਵਿੱਚੋਂ ਇੱਕ ਨੌਜਵਾਨ ਦੁਕਾਨ ਦੇ ਬਾਹਰ ਮੌਜੂਦ ਰਿਹਾ ਅਤੇ ਦੂਸਰੇ ਨੇ ਸ਼ੀਸ਼ੇ ਵਾਲਾ ਗੇਟ ਦਾ ਜਿੰਦਰਾ ਤੋੜ ਕੇ ਗੱਲੇ ਵਿੱਚ ਪਏ 30 ਤੋਂ 35000 ਅਤੇ ਡਿਸਪਲੇ ਵਿੱਚ ਲੱਗੀਆਂ ਐਨਕਾਂ ਵਿੱਚੋਂ ਦੋ ਐਣਕਾਂ ਚੋਰੀ ਕਰ ਲਈਆਂ ਅਤੇ ਮੋਟਰਸਾਈਕਲ 'ਤੇ ਫਰਾਰ ਹੋ ਗਏ।
ਦੁਕਾਨਾਂ ਦਿਨ ਦਿਹਾੜੇ ਵੀ ਸੁੰਨੀਆਂ ਨਹੀਂ ਛੱਡ ਸਕਦੇ: ਉਨਾਂ ਵੱਲੋਂ ਇਸ ਘਟਨਾ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਗਈ ਹੈ ਅਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਦਿਨ ਦਿਹਾੜੇ ਵਾਪਰੀ ਇਸ ਘਟਨਾ ਨਾਲ ਮਾਰਕੀਟ ਵਿੱਚ ਦਹਿਸ਼ਤ ਦਾ ਮਾਹੌਲ ਹੈ ਅਤੇ ਵਪਾਰੀ ਆਪਣੀਆਂ ਦੁਕਾਨਾਂ ਦਿਨ ਦਿਹਾੜੇ ਵੀ ਸੁੰਨੀਆਂ ਨਹੀਂ ਛੱਡ ਸਕਦੇ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਚੋਰਾਂ ਖਿਲਾਫ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਵੇ।
ਦੁਕਾਨ ਦੇ ਆਲੇ ਦੁਆਲੇ ਲੱਗੇ ਹੋਏ ਸੀਸੀਟੀਵੀ ਕੈਮਰੇ ਫਰੋਲੇ: ਉੱਧਰ ਦੂਸਰੇ ਪਾਸੇ ਥਾਣਾ ਮੌੜ ਵਿਖੇ ਤੈਨਾਤ ਏਐਸਆਈ ਲਛਮਣ ਸਿੰਘ ਨੇ ਕਿਹਾ ਕਿ ਚੋਰੀ ਸਬੰਧੀ ਉਨ੍ਹਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਦੁਕਾਨ ਦੇ ਆਲੇ ਦੁਆਲੇ ਲੱਗੇ ਹੋਏ ਸੀਸੀਟੀਵੀ ਕੈਮਰੇ ਫਰੋਲੇ ਜਾ ਰਹੇ ਹਨ ਅਤੇ ਜਲਦ ਹੀ ਚੋਰਾਂ ਨੂੰ ਗ੍ਰਿਫਤਾਰ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।