ਮਾਨਸਾ : ਪੰਜਾਬੀ ਸਿੰਗਰ ਆਰ ਨੇਤ ਵੱਲੋਂ ਸਿੱਧੂ ਮੂਸੇ ਵਾਲਾ ਦੀ ਯਾਦ ਨੂੰ ਸਮਰਪਿਤ ਆਪਣੇ ਪਿੰਡ ਧਰਮਪੁਰਾ ਦੇ ਵਿੱਚ ਖੂਨ ਦਾਨ ਕੈਂਪ ਦਾ ਆਯੋਜਨ ਕੀਤਾ ਗਿਆ ਅਤੇ ਅੱਠ ਜਰੂਰਤਮੰਦ ਲੜਕੀਆਂ ਦੇ ਵਿਆਹ ਕੀਤੇ ਗਏ ਹਨ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੀ ਕਮਾਈ ਵਿੱਚੋਂ ਦਸਵੰਦ ਕੱਢ ਕੇ ਮਨ ਨੂੰ ਸਕੂਨ ਮਿਲਦਾ ਹੈ। ਹਰ ਸਾਲ ਸਮਾਜ ਸੇਵਾ ਚੋਂ ਅਹਿਮ ਰੋਲ ਅਦਾ ਕਰਨ ਵਾਲੇ ਪੰਜਾਬ ਦੇ ਮਸ਼ਹੂਰ ਗਾਇਕ ਆਰ ਨੇਤ ਵੱਲੋਂ ਆਪਣੀ ਕਮਾਈ ਵਿੱਚੋਂ ਦਸਵਾਂ ਦਸਵੰਧ ਕੱਢਦੇ ਹੋਏ ਅੱਜ ਆਪਣੇ ਪਿੰਡ ਧਰਮਪੁਰਾ ਦੇ ਵਿੱਚ ਅੱਠ ਜਰੂਰਤਮੰਦ ਧੀਆਂ ਦੇ ਵਿਆਹ ਕੀਤੇ ਗਏ ਅਤੇ ਆਪਣੇ ਦੋਸਤ ਸਿੱਧੂ ਮੂਸੇ ਵਾਲਾ ਦੀ ਯਾਦ ਨੂੰ ਸਮਰਪਿਤ ਪਿੰਡ ਦੇ ਵਿੱਚ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ ਹੈ।
ਗਰੀਬ ਦੇ ਹੰਜੂ ਪੂੰਝ ਕੇ ਮਨ ਨੂੰ ਮਿਲਦਾ ਹੈ ਸਕੂਨ
ਗਾਇਕ ਆਰ ਨੇਤ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਕਿਸੇ ਗਰੀਬ ਦੇ ਹੰਜੂ ਪੂੰਜ ਕੇ ਜੋ ਮਨ ਨੂੰ ਸਕੂਨ ਮਿਲਦਾ ਹੈ ਅਜਿਹਾ ਸਕੂਨ ਕਿਤੇ ਵੀ ਨਹੀਂ ਮਿਲਦਾ। ਆਰ ਨੇਤ ਨੇ ਕਿਹਾ ਕਿ ਦਿਨ ਰਾਤ ਸੜਕਾਂ 'ਤੇ ਚਲਦੇ ਹੋਏ ਮਿਹਨਤ ਕਰਦੇ ਆਪਣੀ ਮਿਹਨਤ ਦੀ ਕਮਾਈ ਵਿੱਚੋਂ ਦਸਵੰਧ ਕੱਢ ਕੇ ਅਜਿਹੇ ਜਰੂਰਤਮੰਦ ਲੋਕਾਂ ਦੀ ਮਦਦ ਕਰਨੀ ਤਾਂ ਕਿ ਜਰੂਰਤਮੰਦ ਪਰਿਵਾਰ ਦੀਆਂ ਬੇਟੀਆਂ ਵੀ ਆਪਣੇ ਘਰਾਂ ਦੇ ਵਿੱਚ ਖੁਸ਼ੀ ਖੁਸ਼ੀ ਰਹਿ ਸਕਣ।
ਨੌਜਵਾਨਾਂ ਨੇ ਵੱਧ ਚੜ ਕੇ ਕੀਤਾ ਖੂਨਦਾਨ
ਗਾਇਕ ਆਰ ਨੇਤ ਨੇ ਕਿਹਾ ਕਿ ਅੱਜ ਖੂਨਦਾਨ ਕੈਂਪ ਦਾ ਵੀ ਅਯੋਜਨ ਕੀਤਾ ਗਿਆ ਸੀ, ਜਿਸ ਵਿੱਚ ਨੌਜਵਾਨਾਂ ਨੇ ਵੱਧ ਚੜ ਕੇ ਖੂਨਦਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਇਹ ਕਾਰਜ ਹਰ ਸਾਲ ਜਾਰੀ ਰਹਿਣਗੇ। ਇਸ ਦੌਰਾਨ ਨੇਕੀ ਫਾਊਂਡੇਸ਼ਨ ਦੇ ਮੈਂਬਰਾਂ ਨੇ ਵੀ ਸਿੱਧੂ ਮੂਸੇ ਵਾਲਾ ਦੀ ਯਾਦ ਵਿੱਚ ਲਗਾਏ ਗਏ ਖੂਨਦਾਨ ਕੈਂਪ ਵਿੱਚ ਖੂਨਦਾਨ ਕਰਦੇ ਹੋਏ ਅਤੇ ਆਰ ਨੇਤ ਵੱਲੋਂ ਕੀਤੇ ਗਏ ਜਰੂਰਤਮੰਦ ਧੀਆਂ ਦੇ ਵਿਆਹ ਦੀ ਸਰਹਾਨਾ ਕਰਦੇ ਹੋਏ ਕਿਹਾ ਕਿ ਆਰਨੇਤ ਵੱਲੋਂ ਹਰ ਸਾਲ ਧੀਆਂ ਦੇ ਵਿਆਹ ਕੀਤੇ ਜਾਂਦੇ ਹਨ।
8 ਜਰੂਰਤਬੰਦ ਲੜਕੀਆਂ ਦੇ ਵਿਆਹ
ਸੋਸਲ ਵਰਕਰ ਵਾਲਿਆਂ ਨੇ ਵੀ ਦੱਸਿਆ ਹੈ ਕਿ ਉਹ ਅੱਜ ਵਿਸੇਸ ਤੌਰ 'ਤੇ ਆਰ ਨੇਤ ਦੇ ਪਿੰਡ ਧਰਮਪੁਰਾ ਪਹੁੰਚੇ ਹਨ। ਉਨ੍ਹਾਂ ਨੇ ਕਿਹਾ ਕਿ ਅੱਜ ਸਿੱਧੂ ਮੂਸੇਵਾਲਾ ਦੀ ਯਾਦ ਵਿੱਚ 8 ਜਰੂਰਤਬੰਦ ਲੜਕੀਆਂ ਦੇ ਵਿਆਹ ਕੀਤੇ ਜਾ ਰਹੇ ਹਨ, ਨਾਲ ਹੀ ਖੂਨਦਾਨ ਕੈਂਪ ਵੀ ਲਗਾਇਆ ਗਿਆ ਹੈ। ਸੋਸਲ ਵਰਕਰ ਨੇ ਕਿਹਾ ਕਿ ਖੂਨਦਾਨ ਮਹਾਦਾਨ ਹੈ ਜਿਸ ਨਾਲ ਅਨਮੋਲ ਮਨੁੱਖੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਹਰੇਕ ਸਿਹਤਮੰਦ ਵਿਅਕਤੀ ਨੂੰ ਖੂਨਦਾਨ ਜਰੂਰ ਕਰਨਾ ਚਾਹੀਦਾ ਹੈ ਕਿਉਂਕਿ ਇਸ ਨਾਲ ਸਿਹਤ ਤੇ ਕੋਈ ਮਾੜਾ ਪ੍ਰਭਾਵ ਨਹੀਂ ਪੈਂਦਾ। ਉਨ੍ਹਾਂ ਕਿਹਾ ਕਿ ਖੂਨਦਾਨ ਲੋੜਵੰਦ ਵਿਅਕਤੀਆਂ ਦੀ ਜਾਨ ਬਚਾਉਣ ਦੇ ਕੰਮ ਆ ਸਕਦਾ ਹੈ ਅਤੇ ਕਿਸੇ ਵਿਅਕਤੀ ਦੀ ਜਾਨ ਬਚਾਉਣ ਤੋਂ ਵੱਡਾ ਹੋਰ ਕੋਈ ਪੁੰਨ ਨਹੀਂ ਹੈ। ਇਸ ਲਈ ਉਨ੍ਹਾਂ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਹੀ ਖੂਨਦਾਨ ਕਰਨਾ ਚਾਹੀਦਾ ਹੈ।
ਸਿਵਲ ਹਸਪਤਾਲ ਮਾਨਸਾ ਦੀ ਡਾਕਟਰ ਨੇ ਕਿਹਾ ਕਿ ਅੱਜ ਦਾ ਕੈਂਪ ਉਨ੍ਹਾਂ ਲਈ ਬਹੁਤ ਵਧੀਆ ਰਿਹਾ ਹੈ। ਇਸ ਖੂਨਦਾਨ ਕੈਂਪ ਵਿੱਚ ਉਨ੍ਹਾਂ ਨੂੰ ਆਰ ਨੇਤ ਨੇ ਹੀ ਬੁਲਾਵਾ ਦਿੱਤਾ ਸੀ, ਉਹ ਖੂਨ ਕਲੈਕਟ ਕਰਨ ਲਈ ਆਏ ਹਨ। ਉਨ੍ਹਾਂ ਨੇ ਦੱਸਿਆ ਕਿ ਜਿੰਨ੍ਹਾਂ ਨੇ ਵੀ ਅੱਜ ਖੂਨਦਾਨ ਕੀਤਾ ਹੈ, ਉਨ੍ਹਾਂ ਵਿੱਚ ਬਹੁਤ ਹੀ ਵਧੀਆਂ ਜਜਬਾ ਦੇਖਣ ਨੂੰ ਮਿਲਿਆ ਹੈ। ਉਨ੍ਹਾਂ ਕਿਹਾ ਇਹ ਸੁਸਾਇਟੀ ਲਈ ਬਹੁਤ ਹੀ ਵਧੀਆ ਉਪਰਾਲਾ ਹੈ।