ਬਰਨਾਲਾ: ਝੋਨੇ ਦੀ ਖਰੀਦ ਮੰਡੀਆਂ ਸੁਚਾਰੂ ਤਰੀਕੇ ਨਾਲ ਕਰਵਾਉਣ ਅਤੇ ਪਰਾਲੀ ਸਾੜਨ ਦੇ ਮਾਮਲਿਆਂ ਨੂੰ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਸਖਤ ਹੈ। ਤੈਅ ਮਾਪਦੰਡਾਂ ਨਾਲੋਂ ਵੱਧ ਨਮੀਂ ਦੇ ਮਾਮਲੇ ਵਿੱਚ ਇਕ ਫਰਮ ਖਿਲਾਫ ਸਖਤ ਨੋਟਿਸ ਲਿਆ ਗਿਆ ਹੈ। 17 ਫ਼ੀਸਦੀ ਤੋਂ ਵੱਧ ਨਮੀਂ ਵਾਲੇ ਝੋਨੇ ਨੂੰ ਮੰਡੀਆ ਵਿੱਚ ਨਾ ਲਾਹੁਣ ਦੇ ਹੁਕਮ ਦਿੱਤੇ ਹਨ। ਜਿਸਦਾ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੇ ਸਖ਼ਤ ਵਿਰੋਧ ਕੀਤਾ ਹੈ।
ਫਰਮ ਦਾ ਲਾਇਸੈਂਸ ਰੱਦ ਕਰਨ ਸਬੰਧੀ ਨੋਟਿਸ
ਡਿਪਟੀ ਕਮਿਸ਼ਨਰ ਬਰਨਾਲਾ ਪੂਨਮਦੀਪ ਕੌਰ ਨੇ ਦੱਸਿਆ ਕਿ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਅਨਾਜ ਮੰਡੀ ਬਰਨਾਲਾ ਵਿਚ ਕੰਮ ਕਰਦੀ ਫਰਮ ਬਚਨਾ ਰਾਮ ਐਂਡ ਕੰਪਨੀ ਵਲੋਂ ਆਪਣੇ ਫੜ ’ਤੇ ਪਿੰਡ ਵਜੀਦਕੇ ਕਲਾਂ ਦੇ ਕਿਸਾਨ ਦੇ 21 ਫੀਸਦੀ ਨਮੀਂ ਵਾਲੀ ਵਾਲੇ ਝੋਨੇ ਦੀ ਜਿਣਸ ਢੇਰੀ ਕਰਵਾਈ ਗਈ। ਮਾਪਦੰਡਾਂ ਨੂੰ ਅੱਖੋਂ-ਪਰੋਖੇ ਕਰਨ ਦੇ ਮਾਮਲੇ ਵਿਚ ਸਬੰਧਤ ਫਰਮ ਦਾ ਲਾਇਸੈਂਸ ਰੱਦ ਕਰਨ ਸਬੰਧੀ ਨੋਟਿਸ ਜਾਰੀ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮਾਪਦੰਡਾਂ ਅਨੁਸਾਰ ਝੋਨੇ ਦੀ ਫ਼ਸਲ ਵਿੱਚ 17 ਫੀਸਦੀ ਤੋਂ ਵੱਧ ਨਮੀਂ ਨਹੀਂ ਹੋਣੀ ਚਾਹੀਦੀ।
ਲਾਇਸੈਂਸ ਦੀ ਸ਼ਰਤ
ਉਨ੍ਹਾਂ ਦੱਸਿਆ ਕਿ ਪੰਜਾਬ ਖੇਤੀਬਾੜੀ ਉਪਜ ਮੰਡੀਆਂ ਐਕਟ, 1961 ਅਤੇ ਇਸ ਐਕਟ ਅਧੀਨ ਬਣੇ ਪੰਜਾਬ ਖੇਤੀਬਾੜੀ ਉਪਜ ਮੰਡੀਆਂ (ਜਨਰਲ ਰੂਲਜ਼), 1962 ਅਤੇ ਪੰਜਾਬ ਮਾਰਕਿਟ ਕਮੇਟੀਜ਼ ਬਾਈਲਾਅਜ, 1963 ਦੀਆਂ ਧਾਰਾਵਾਂ, ਰੂਲਜ਼ ਅਤੇ ਉਪਬੰਧਾਂ ਦੀ ਪਾਲਣਾ ਕਰਨ ਦੀ ਫਰਮ ਪਾਬੰਦ ਹੈ। ਲਾਇਸੈਂਸ ਦੀ ਸ਼ਰਤ ਨੰਬਰ 1 ਅਨੁਸਾਰ ਫਰਮ ਦੀ ਡਿਊਟੀ ਬਣਦੀ ਹੈ ਕਿ ਉਹ ਐਕਟ, ਰੂਲਜ਼, ਬਾਈਲਾਅਜ ਅਤੇ ਸਮੇਂ ਸਮੇਂ ਸਿਰ ਜਾਰੀ ਕੀਤੀਆਂ ਹਦਾਇਤਾਂ ਦੀ ਇੰਨ ਬਿੰਨ ਪਾਲਣਾ ਕਰੇ। ਲਾਇਸੈਂਸ ਦੀ ਸ਼ਰਤ ਨੰਬਰ 2 ਅਨੁਸਾਰ ਉਸ ਦੀ ਇਹ ਵੀ ਡਿਊਟੀ ਬਣਦੀ ਹੈ ਕਿ ਐਕਟ, ਰੂਲਜ਼ ਅਤੇ ਬਾਈਲਾਅਜ਼ ਦੀ ਉਲੰਘਣਾ ਨਹੀਂ ਕਰੇਗੀ, ਜੇਕਰ ਕੋਈ ਉਲੰਘਣਾ ਨੋਟਿਸ ਵਿੱਚ ਆਉਂਦੀ ਹੈ ਤਾਂ ਉਸ ਦੀ ਲਿਖਤੀ ਰਿਪੋਰਟ ਮਾਰਕਿਟ ਕਮੇਟੀ ਨੂੰ ਦੇਵੇਗੀ। ਲਾਇਸੈਂਸ ਦੀ ਸ਼ਰਤ ਨੰਬਰ 04 ਅਨੁਸਾਰ ਲਾਇਸੰਸੀ ਨੇ ਆਪਣਾ ਵਪਾਰ ਇਮਾਨਦਾਰੀ ਤੇ ਸਹੀ ਢੰਗ ਨਾਲ ਕਰਨਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸਬੰਧਤ ਫਰਮ ਵਲੋਂ ਸ਼ਰਤ ਨੰਬਰ 1, 2 ਤੇ 4 ਦੀ ਉਲੰਘਣਾ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਫਰਮ ਤੋਂ 24 ਘੰਟਿਆਂ ਦੇ ਅੰਦਰ ਜਵਾਬ ਮੰਗਿਆ ਗਿਆ ਹੈ ਤੇ ਜਵਾਬ ਤਸੱਲੀਬਖ਼ਸ਼ ਨਾ ਹੋਣ ਦੀ ਹਾਲਤ ਵਿੱਚ ਅਗਲੀ ਕਾਰਵਾਈ ਕੀਤੀ ਜਾਵੇਗੀ।
ਸੰਘਰਸ਼ ਦੇ ਰਾਹ ਉੱਤੇ ਕਿਸਾਨ
ਦੂਜੇ ਪਾਸੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਇਸ ਫ਼ੈਸਲੇ ਦਾ ਵਿਰੋਧ ਕੀਤਾ ਹੈ। ਜੱਥੇਬੰਦੀ ਦੇ ਜ਼ਿਲ੍ਹਾ ਆਗੂ ਜਰਨੈਲ ਸਿੰਘ ਬਦਰਾ ਨੇ ਕਿਹਾ ਕਿ ਜੋ ਸਰਕਾਰ ਵੱਲੋਂ ਹੁਕਮ ਜਾਰੀ ਕੀਤੇ ਗਏ ਹਨ ਇਹ ਛੋਟੇ ਕਿਸਾਨ ਲਈ ਮਾਰੂ ਹਨ ਅਤੇ ਨਿਰੀ ਧੱਕੇਸ਼ਾਹੀ ਹੈ ਕਿਉਂਕਿ ਉਨ੍ਹਾਂ ਕੋਲ ਸਾਧਨ ਨਹੀਂ ਹੁੰਦੇ, ਕਟਾਈ ਸੀਮਤ ਸਮੇਂ ’ਚ ਫ਼ਸਲ ਕਿਰਾਏ ਅਤੇ ਹਾਰਵੈਸਟਰ ਮਸ਼ੀਨ ਦੀ ਉਪਲਬਧਤਾ ਅਨੁਸਾਰ ਫਸਲ ਵਢਾਉਣੀ ਪੈਂਦੀ ਹੈ। ਸਰਕਾਰ ਨੂੰ ਕਿਸਾਨ ਵਿਰੋਧੀ ਹਦਾਇਤ ਫ਼ੌਰੀ ਵਾਪਸ ਲੈਣ ਦੀ ਮੰਗ ਕਰਦਿਆਂ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਨੂੰ ਚਿਤਾਵਨੀ ਵੀ ਹੈ ਕਿ ਉਹ ਕਿਸਾਨ ਦੀ ਝੋਨੇ ਦੀ ਫ਼ਸਲ ਸਬੰਧੀ ਖੱਜਲ ਖੁਆਰੀ ਨਹੀਂ ਹੋਣ ਦਿੱਤੀ ਜਾਵੇਗੀ।
- ਕੰਗਨਾ ਰਣੌਤ ਨੇ ਮਹਾਤਮਾ ਬਾਰੇ ਵੱਡੀ ਗੱਲ ਆਖ ਸਾਰੀਆਂ ਹੱਦਾਂ ਕੀਤੀਆਂ ਪਾਰ, ਕਾਂਗਰਸ ਨੇ ਕਿਹਾ- ਹੋਵੇਗੀ ਕਾਰਵਾਈ ਤੇ ਭਾਜਪਾ ਵੀ ਕਰ ਰਹੀ ਕੰਗਨਾ ਦਾ ਵਿਰੋਧ - Kangana statement on Mahatma Gandhi
- ਰਵਨੀਤ ਬਿੱਟੂ ਨੇ ਮੁੜ ਤੋਂ ਰਾਹੁਲ ਗਾਂਧੀ ਨਾਲ ਪਾਇਆ ਪੇਚਾ, ਕਿਹਾ- ਰਾਹੁਲ ਨੂੰ ਤਾਂ ਆ ਵੀ ਨਹੀਂ ਪਤਾ ਜਲੇਬੀ ਕਿਸ ਫੈਕਟਰੀ 'ਚ ਬਣਦੀ ਹੈ - ravneet bittus on rahul gandhi
- ਕਿਸਾਨ ਆਗੂ ਵਲੋਂ ਰੇਲ ਰੋਕੋ ਅੰਦੋਲਨ ਦਾ ਐਲ਼ਾਨ, ਜਾਣੋ ਭਲਕੇ ਕਿੰਨੇ ਸਮੇਂ ਲਈ ਕਿੱਥੇ-ਕਿੱਥੇ ਰੋਕੀਆਂ ਜਾਣਗੀਆਂ ਰੇਲਾਂ - Rail Roko Andolan
ਪ੍ਰਸ਼ਾਸਨ ਨੂੰ ਚਿਤਾਵਨੀ
ਉਹਨਾਂ ਦੱਸਿਆ ਕਿ ਬਲਾਕ ਮਹਿਲ ਕਲਾਂ ਪਿੰਡ ਵਜੀਦਕੇ ਕਲਾਂ ਦੇ ਕਿਸਾਨ ਸਰੂਪ ਸਿੰਘ ਪੁੱਤਰ ਜੱਗਰ ਸਿੰਘ ਵੱਲੋਂ ਆਪਣੇ ਪੰਜ ਏਕੜ ਖੇਤ ਦਾ ਝੋਨਾ ਵੱਢ ਕੇ ਤਿੰਨ ਟਰਾਲੀਆਂ ਵਿੱਚ ਬਰਨਾਲਾ ਮੰਡੀ ਵਿੱਚ ਤਿੰਨ ਢੇਰੀਆਂ ਬਣਾਕੇ ਮੰਡੀ ਫ਼ੜ ਉੱਤੇ ਲਾਹਿਆ ਸੀ, ਜਿਹਨਾਂ ਵਿੱਚ ਨਮੀਂ 17, 18 ਤੇ 21 ਆਈ ਹੈ। ਪੰਜਾਬ ਸਰਕਾਰ ਅਤੇ ਮੰਡੀ ਬੋਰਡ ਦੇ ਅਧਿਕਾਰੀਆਂ ਵੱਲੋਂ ਸਖ਼ਤੀ ਦਿਖਾਉਂਦਿਆਂ ਕਿਸਾਨ ਨੂੰ ਕਿਹਾ ਗਿਆ ਕਿ ਤੇਰੇ ਝੋਨੇ ਵਿੱਚ ਨਮੀਂ ਵੱਧ ਹੈ। ਪ੍ਰਸ਼ਾਸ਼ਨ ਨੇ ਇਸ ਝੋਨੇ ਨੂੰ ਮੰਡੀ ਵਿੱਚੋਂ ਲਿਜਾਉਣ ਦੇ ਹੁਕਮ ਜਾਰੀ ਕੀਤੇ ਹਨ ਪਰ ਇਹ ਕਿਸਾਨ ਛੋਟੀ ਕਿਸਾਨੀ ਵਿਚੋਂ ਹੈ, ਉਹ ਦੁਹਰਾ ਖ਼ਰਚ ਨਹੀਂ ਕਰ ਸਕਦਾ। ਕਿਸਾਨ ਜੱਥੇਬੰਦੀ ਨੇ ਸੰਘਰਸ਼ ਕਰਕੇ ਪੰਜਾਬ ਸਰਕਾਰ ਅਤੇ ਮੰਡੀਕਰਨ ਬੋਰਡ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਚਿਤਾਵਨੀ ਦਿੱਤੀ ਹੈ ਕਿ ਕਿਸੇ ਵੀ ਕਿਸਾਨ ਦੀ ਝੋਨੇ ਫਸਲ ਸਬੰਧੀ ਖੱਜਲ ਖੁਆਰੀ ਨਹੀਂ ਹੋਣ ਦਿਆਂਗੇ। ਜੇਕਰ ਮੰਡੀ ਬੋਰਡ ਵੱਲੋਂ ਆਪਣੀ ਸਖ਼ਤਾਈ ਨਰਮ ਨਾਂ ਕੀਤੀ ਗਈ ਤਾਂ ਇਸ ਲਈ ਸਖ਼ਤ ਤੋਂ ਸਖ਼ਤ ਐਕਸ਼ਨ ਕਰਨ ਲਈ ਮਜਬੂਰ ਹੋਵਾਂਗੇ।