ਬਰਨਾਲਾ: ਬਰਨਾਲਾ ਵਿਖੇ 1158 ਸਹਾਇਕ ਪ੍ਰੋਫ਼ੈਸਰ ਤੇ ਲਾਇਬ੍ਰੇਰੀਅਨ ਫ਼ਰੰਟ ਪੰਜਾਬ ਵੱਲੋਂ ਸੂਬਾ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਵੱਲੋਂ ਪੰਜਾਬ ਸਰਕਾਰ ਉੱਪਰ ਵਾਅਦਾ ਖਿਲਾਫੀ ਕਰਨ ਦੇ ਇਲਜ਼ਾਮ ਲਗਾਏ ਗਏ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ 1158 ਸਹਾਇਕ ਪ੍ਰੋਫੈਸਰ ਤੇ ਲਾਇਬ੍ਰੇਰੀਅਨ ਫਰੰਟ ਪੰਜਾਬ ਵੱਲੋਂ ਸ਼੍ਰੀ ਅਨੰਦਪੁਰ ਸਾਹਿਬ ਲਗਾਏ ਪੱਕੇ ਮੋਰਚੇ ਨੂੰ 8 ਮਹੀਨੇ ਤੋਂ ਉੱਪਰ ਦਾ ਵਕਫਾ ਹੋ ਗਿਆ ਹੈ। ਪਰ ਹਾਲੇ ਵੀ ਇਨ੍ਹਾਂ ਦਾ ਮਸਲਾ ਹੱਲ ਨਹੀਂ ਕੀਤਾ ਗਿਆ। ਚੋਣਾਂ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਫਰੰਟ ਦੇ ਮੈਂਬਰਾਂ ਨੇ ਹੁਣ ਪੰਜਾਬ ਦੇ ਲੋਕ ਸਭਾ ਹਲਕਿਆਂ ਵਿੱਚ ਜਾ-ਜਾ ਕੇ ਪੰਜਾਬ ਸਰਕਾਰ ਦੀਆਂ ਸਿੱਖਿਆ ਨੀਤੀਆਂ ਦੀ ਪੋਲ-ਖੋਲ੍ਹ ਰੈਲੀ ਕੱਢਣ ਦਾ ਐਲਾਨ ਕੀਤਾ ਹੈ। ਜਿਸ ਦੇ ਤਹਿਤ ਬੀਤੀ ਪੰਜ ਮਈ ਨੂੰ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਪੋਲ-ਖੋਲ੍ਹ ਰੈਲੀ ਕੀਤੀ ਗਈ ਸੀ। ਇਸ ਲੜੀ ਨੂੰ ਅੱਗੇ ਤੋਰਦਿਆਂ ਹੋਇਆ ਸੰਗਰੂਰ ਵਿਖੇ ਮਾਰਚ ਕੱਢਿਆ ਗਿਆ। ਧੂਰੀ ਮਾਲੇਰਕੋਟਲਾ ਆਦਿ ਇਲਾਕਿਆਂ ਵਿੱਚ ਰੈਲੀ ਕੱਢ ਕੇ ਲੋਕਾਂ ਨੂੰ ਪੰਜਾਬ ਸਰਕਾਰ ਦੀਆਂ ਸਿੱਖਿਆ ਵਿਰੋਧੀ ਨੀਤੀਆਂ ਬਾਰੇ ਜਾਣੂ ਕਰਵਾਇਆ ਗਿਆ ਅਤੇ ਸਿੱਖਿਆ ਮੰਤਰੀ ਦਾ ਪੁਤਲਾ ਫੂਕ ਕੇ ਆਪਣੇ ਨਾਲ ਹੋ ਰਹੀ ਵਧੀਕੀ ਦਾ ਪ੍ਰਦਰਸ਼ਨ ਕੀਤਾ ਗਿਆ।
ਪੰਜਾਬ ਸਰਕਾਰ ਦੀ ਉਚੇਰੀ ਸਿੱਖਿਆ ਦੀਆ ਗ਼ਲਤ ਨੀਤੀਆਂ: ਉਨ੍ਹਾਂ ਨੇ ਲੋਕਾਂ ਦੀ ਅਦਾਲਤ ਅੱਗੇ ਇਹ ਅਰਜੋਈ ਕੀਤੀ ਕਿ ਪੰਜਾਬ ਵਿੱਚ ਸਿੱਖਿਆ ਦਾ ਪੱਧਰ ਦਿਨੋ-ਦਿਨ ਗਰਕਦਾ ਜਾ ਰਿਹਾ ਹੈ। ਪੰਜਾਬ ਸਰਕਾਰ ਦੀ ਉਚੇਰੀ ਸਿੱਖਿਆ ਦੀਆ ਗ਼ਲਤ ਨੀਤੀਆਂ ਕਰਕੇ ਹੀ ਫਰੰਟ ਦੇ ਮਰਹੂਮ ਪ੍ਰੋਫੈਸਰ ਬਲਵਿੰਦਰ ਕੌਰ ਨੇ ਜੀਵਨ ਲੀਲ੍ਹਾ ਸਮਾਪਤ ਕੀਤੀ ਸੀ। ਉਨ੍ਹਾਂ ਕਿਹਾ ਕਿ ਹਾਲੇ ਤੱਕ ਵੀ ਪੰਜਾਬ ਸਰਕਾਰ ਵੱਲੋਂ ਅਜਿਹਾ ਕੋਈ ਵੀ ਕਦਮ ਨਹੀਂ ਚੁੱਕਿਆ ਗਿਆ ਜਿਸ ਨਾਲ ਮੈਡਮ ਦੀ ਆਤਮਾ ਨੂੰ ਸ਼ਾਂਤੀ ਨਸੀਬ ਹੋ ਸਕੇ। ਮੌਜੂਦਾ ਸਿੱਖਿਆ ਮੰਤਰੀ ਉੱਤੇ ਸਵਾਲੀਆ ਚਿੰਨ੍ਹ ਉਲੀਕਦੇ ਹੋਏ ਕਨਵੀਨਰ ਨੇ ਕਿਹਾ ਕਿ ਸਾਨੂੰ ਬੱਸ ਲਾਰੇ ਲੱਪੇ ਹੀ ਦਿੱਤੇ ਜਾ ਰਹੇ ਹਨ। ਨਾ ਤਾਂ ਕੋਈ ਠੋਸ ਆਸ਼ਵਾਸਨ ਦਿੱਤਾ ਜਾ ਰਿਹਾ ਹੈ ਨਾ ਹੀ ਕੋਰਟ ਵਿੱਚ ਕੇਸ ਦੀ ਸੁਹਿਰਦਤਾ ਨਾਲ ਪੈਰਵਾਈ ਕੀਤੀ ਜਾ ਰਹੀ ਹੈ। ਜਿਸ ਕਰਕੇ ਸਾਨੂੰ ਇੰਨਾਂ ਸਮਾਂ ਲੰਘਣ ਦੇ ਬਾਅਦ ਵੀ ਨਿਆਂ ਨਹੀਂ ਮਿਲਿਆ।
ਉਨ੍ਹਾਂ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਜਲਦ ਹੀ ਸਾਨੂੰ ਕਾਲਜਾਂ ਵਿੱਚ ਨਹੀਂ ਭੇਜਿਆ ਗਿਆ ਤਾਂ ਨਤੀਜੇ ਗੰਭੀਰ ਹੋ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਫਰੰਟ ਹਰ ਲੋਕ ਸਭਾ ਹਲਕੇ ਵਿੱਚ ਜਾ ਕੇ ਪੰਜਾਬ ਦੀ ਸਿੱਖਿਆ ਨੀਤੀ ਦੀ ਪੋਲ-ਖੋਲ੍ਹ ਰੈਲੀ ਕੱਢੇਗਾ ਅਤੇ ਸਿੱਖਿਆ ਮੰਤਰੀ ਦੇ ਪੁਤਲੇ ਫੂਕੇਗਾ ਨਾਲ ਹੀ ਲੋਕਾਂ ਨੂੰ ਅਪੀਲ ਕਰੇਗਾ ਕਿ ਸਾਡੇ ਨਾਲ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਧੱਕੇ ਖ਼ਿਲਾਫ਼ ਸਾਡਾ ਸਾਥ ਦਿੱਤਾ ਜਾਵੇ।
- ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਜਸਬੀਰ ਸਿੰਘ ਡਿੰਪਾ ਪੁੱਜੇ ਡੇਰਾ ਬਿਆਸ, ਡੇਰਾ ਮੁਖੀ ਨਾਲ ਕੀਤੀ ਮੁਲਾਕਾਤ - Jasbir Singh reached Dera Beas
- ਪੰਜਾਬ 'ਚ ਕਿਸਾਨਾਂ ਵਲੋਂ ਭਾਜਪਾ ਲੀਡਰਾਂ ਦਾ ਘਿਰਾਓ ਜਾਰੀ, ਸੰਗਰੂਰ 'ਚ ਅਰਵਿੰਦ ਖੰਨਾ ਦਾ ਵਿਰੋਧ - Lok Sabha Elections
- ਮੀਤ ਹੇਅਰ ਇੱਕ ਨਿਕੰਮਾ ਮੰਤਰੀ ਸਾਬਤ ਹੋਇਆ : ਸੁਖਪਾਲ ਖਹਿਰਾ, ਪੰਜਾਬ ਦੇ ਕਿਸੇ ਵੀ ਮੁੱਦੇ 'ਤੇ ਨਾ ਬੋਲਣ ਦੇ ਲਗਾਏ ਦੋਸ਼ - Big statement of Sukhpal Khaira