ਬਰਨਾਲਾ: ਬਰਨਾਲਾ ਵਿਖੇ ਸੀਵਰੇਜ ਸਮੱਸਿਆ ਤੋਂ ਦੁਖੀ ਲੋਕਾਂ ਅਤੇ ਕੌਂਸਲਰ ਅਧਿਕਾਰੀਆਂ ਵੱਲੋਂ ਅੱਜ ਸੀਵਰੇਜ ਵਿਭਾਗ ਦੇ ਦਫ਼ਤਰ ਨੂੰ ਜਿੰਦਾ ਲਗਾ ਦਿੱਤਾ ਗਿਆ। ਲੋਕਾਂ ਦੇ ਰੋਸ ਨੂੰ ਦੇਖਦਿਆਂ ਅਧਿਕਾਰੀ ਲਾਈਟਾਂ, ਪੱਖੇ ਅਤੇ ਏਸੀ ਚੱਲਦੇ ਛੱਡ ਕੇ ਦਫ਼ਤਰਾਂ ਤੋਂ ਖਿਸਕ ਗਏ। ਪ੍ਰਦਰਸ਼ਨਕਾਰੀ ਲੋਕਾਂ ਨੇ ਅਧਿਕਾਰੀਆਂ ਅਤੇ ਪ੍ਰਸਾਸ਼ਨ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ। ਇਹ ਮਾਮਲਾ ਸ਼ਹਿਰ ਦੇ ਸੇਖਾ ਰੋਡ ਉਪਰ ਵਾਰਡ ਨੰਬਰ 20 ਦਾ ਹੈ, ਜਿੱਥੇ ਲੋਕ ਸੀਵਰੇਜ ਦੀ ਸਮੱਸਿਆ ਹੱਲ ਨਾ ਹੋਣ ਤੋਂ ਦੁਖੀ ਹਨ।
ਜਲਦ ਤੋਂ ਜਲਦ ਮਸਲੇ ਦੇ ਹੱਲ ਦੀ ਕੀਤੀ ਮੰਗ : ਇਸ ਮੌਕੇ ਪ੍ਰਦਰਸ਼ਨਕਾਰੀ ਲੋਕਾਂ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਉਨ੍ਹਾਂ ਦੇ ਸੇਖਾ ਰੋਡ ਵਾਰਡ ਨੰਬਰ 20 ਦੇ ਗਲੀ ਨੰਬਰ 5 ਵਿੱਚ ਲੰਬੇ ਸਮੇਂ ਤੋਂ ਉਨ੍ਹਾਂ ਦੇ ਘਰਾਂ ਵਿੱਚ ਸੀਵਰੇਜ ਦੇ ਪਾਣੀ ਦੀ ਵੱਡੀ ਸਮੱਸਿਆ ਹੈ। ਬਾਰਿਸ਼ ਦੇ ਮੌਸਮ ਤੋਂ ਬਿਨ੍ਹਾਂ ਹੀ ਘਰਾਂ ਅੱਗੇ ਗੰਦਾ ਪਾਣੀ ਖੜਾ ਰਹਿੰਦਾ ਹੈ। ਸੀਵਰੇਜ ਲੰਬੇ ਸਮੇਂ ਤੋਂ ਬਲੌਕ ਪਿਆ ਹੈ, ਪਰ ਪ੍ਰਸ਼ਾਸ਼ਨ ਦੇ ਅਧਿਕਾਰੀ ਕੋਈ ਸੁਣਵਾਈ ਨਹੀਂ ਕਰ ਰਹੇ। ਸੀਵਰੇਜ ਕਰਕੇ ਉਨ੍ਹਾਂ ਦੇ ਘਰਾਂ ਵਿੱਚ ਬੀਮਾਰੀਆਂ ਫੈਲ ਰਹੀਆਂ ਹਨ। ਜਿਸ ਕਰਕੇ ਅੱਜ ਰੋਸ ਵਜੋਂ ਉਨ੍ਹਾਂ ਵੱਲੋਂ ਸੀਵਰੇਜ ਬੋਰਡ ਦੇ ਦਫ਼ਤਰ ਅੱਗੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸੇ ਕਰਕੇ ਉਨ੍ਹਾਂ ਨੇ ਦੁਖੀ ਹੋ ਕੇ ਸੀਵਰੇਜ ਬੋਰਡ ਦੇ ਦਫ਼ਤਰ ਨੂੰ ਜਿੰਦਾ ਲਗਾਇਆ ਹੈ। ਉਨ੍ਹਾਂ ਨੇ ਜਲਦ ਤੋਂ ਜਲਦ ਮਸਲੇ ਦੇ ਹੱਲ ਦੀ ਮੰਗ ਕੀਤੀ, ਕਿਹਾ ਜੇਕਰ ਸਾਡੇ ਸੀਵਰੇਜ ਦਾ ਹੱਲ ਅਜੇ ਤੱਕ ਨਾ ਕੀਤਾ ਤਾਂ ਉਹ ਆਪਣਾ ਸੰਘਰਸ਼ ਹੋਰ ਤੇਜ਼ ਅਤੇ ਤਿੱਖਾ ਕਰਨਗੇ।
ਸੀਵਰੇਜ ਬੋਰਡ ਦੇ ਅਧਿਕਾਰੀਆਂ ਦੇ ਦਫ਼ਤਰ ਨੂੰ ਲਗਾਇਆ ਜਿੰਦਾ: ਉੱਥੇ ਹੀ ਇਸ ਮੌਕੇ ਵਾਰਡ ਦੇ ਐਮਸੀ ਜਗਰਾਜ ਸਿੰਘ ਪੰਡੋਰੀ ਨੇ ਕਿਹਾ ਕਿ ਸੀਵਰੇਜ ਵਿਭਾਗ ਦੇ ਅਧਿਕਾਰੀ ਪਿਛਲੇ ਲੰਬੇ ਸਮੇਂ ਤੋਂ ਮੇਰੇ ਵਾਰਡ ਨੰਬਰ 20 ਵਿੱਚ ਸੀਵਰੇਜ ਦੀ ਸਮੱਸਿਆ ਦੀ ਕੋਈ ਸੁਣਵਾਈ ਨਹੀਂ ਕਰ ਰਹੇ। ਕਈ ਵਾਰ ਅਧਿਕਾਰੀਆਂ ਨੂੰ ਸੀਵਰੇਜ ਦੀ ਸਮੱਸਿਆ ਬਾਰੇ ਦੱਸਣ ਦੇ ਬਾਵਜੂਦ ਅਧਿਕਾਰੀਆਂ ਨੇ ਹੱਲ ਨਹੀਂ ਕੀਤਾ। ਜਦਕਿ ਵਿਭਾਗ ਦੇ ਅਧਿਕਾਰੀ ਆਪਣੇ ਏਸੀ ਦਫ਼ਤਰਾਂ ਵਿੱਚੋਂ ਬਾਹਰ ਵੀ ਨਹੀਂ ਨਿਕਲਦੇ ਅਤੇ ਜਦੋਂ ਅਧਿਕਾਰੀ ਮੌਕਾ ਦੇਖਣ ਚਲੇ ਵੀ ਜਾਣ ਤਾਂ ਫ਼ੋਟੋ ਕਰਵਾ ਕੇ ਵਾਪਸ ਆ ਜਾਂਦੇ ਹਨ। ਜਦਕਿ ਸਮੱਸਿਆ ਜਿਉਂ ਦੀ ਤਿਉਂ ਬਣੀ ਰਹਿੰਦੀ ਹੈ। ਜਿਸ ਕਰਕੇ ਉਨ੍ਹਾਂ ਨੇ ਅੱਜ ਰੋਸ ਵਜੋਂ ਆਪਣੇ ਵਾਰਡ ਦੇ ਲੋਕਾਂ ਨੂੰ ਨਾਲ ਲੈ ਕੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਦੇ ਦਫ਼ਤਰ ਨੂੰ ਜਿੰਦਾ ਲਗਾਇਆ ਹੈ।
ਪਿਛਲੇ ਢਾਈ ਮਹੀਨੇ ਤੋਂ ਗਲੀਆਂ ਵਿੱਚ ਖੜਾ ਗੰਦਾ ਪਾਣੀ : ਪੰਡੋਰੀ ਨੇ ਕਿਹਾ ਕਿ ਵਾਰਡ ਵਿੱਚ ਪਿਛਲੇ ਢਾਈ ਮਹੀਨੇ ਤੋਂ ਗੰਦਾ ਪਾਣੀ ਗਲੀਆਂ ਵਿੱਚ ਖੜਾ ਹੈ। ਸੀਵਰੇਜ ਦੀ ਸਫ਼ਾਈ ਦਾ ਕੰਮ ਸ਼ੁਰੂ ਹੋਏ ਨੂੰ ਲੰਬਾ ਸਮਾਂ ਹੋ ਗਿਆ ਹੈ, ਪਰ ਅਜੇ ਤੱਕ ਸਾਡੇ ਵਾਰਡ ਤੱਕ ਸਫ਼ਾਈ ਦਾ ਕੰਮ ਉਸਦੇ ਵਾਰਡ ਤੱਕ ਨਹੀਂ ਆਇਆ। ਕਿਹਾ ਕਿ ਜੇਕਰ ਸਾਡੇ ਵਾਰਡ ਵਿੱਚ ਇਹ ਸੀਵਰੇਜ ਦੀ ਸਮੱਸਿਆ ਦਾ ਹੱਲ ਨਾ ਕੀਤਾ ਤਾਂ ਉਹ ਸੀਵਰੇਜ ਦਾ ਪਾਣੀ ਅਧਿਕਾਰੀਆਂ ਦੇ ਘਰਾਂ ਤੱਕ ਲੈ ਕੇ ਜਾਵਾਂਗੇ। ਉਨ੍ਹਾਂ ਇਹ ਵੀ ਕਿਹਾ ਕਿ ਜੋ ਨਿੱਜੀ ਕੰਪਨੀ ਸੀਵਰੇਜ ਦੀ ਸਫ਼ਾਈ ਅਤੇ ਰਿਪੇਅਰ ਦਾ ਕੰਮ ਕਰ ਰਹੀ ਹੈ, ਉਹ ਸਿਰਫ਼ ਖਾਨਾਪੂਰਤੀ ਤੱਕ ਸੀਮਤ ਹੈ। ਉਨ੍ਹਾਂ ਕਿਹਾ ਕਿ ਜੇਕਰ ਸਾਡਾ ਹੱਲ ਨਾ ਹੋਇਆ ਤਾਂ ਵਿਭਾਗ ਦੇ ਦਫ਼ਤਰ ਨੂੰ ਪੱਕੇ ਤੌਰ 'ਤੇ ਜਿੰਦਾ ਲਗਾਉਣ ਤੋਂ ਵੀ ਪਿੱਛੇ ਨਹੀਂ ਹੱਟਣਗੇ।
ਅਧਿਕਾਰੀਆਂ ਨੂੰ ਕੀਤੀ ਜਾਵੇਗੀ ਤਾੜਨਾ: ਉੱਥੇ ਇਸ ਸਬੰਧੀ ਬਰਨਾਲਾ ਦੇ ਐਸਡੀਐਮ ਗੁਰਬੀਰ ਸਿੰਘ ਕੋਹਲੀ ਨੇ ਕਿਹਾ ਕਿ ਮੇਰੇ ਅੱਜ ਹੀ ਸੇਖਾ ਰੋਡ ਦੇ ਗਲੀ ਨੰਬਰ 4 ਅਤੇ 5 ਵਿੱਚ ਸੀਵਰੇਜ ਦੀ ਸਮੱਸਿਆ ਹੈ। ਜਿਸ ਸਬੰਧੀ ਉਨ੍ਹਾਂ ਨੇ ਸੀਵਰੇਜ ਬੋਰਡ ਦੇ ਐਸਡੀਓ ਨੂੰ ਤੁਰੰਤ ਹੱਲ ਕਰਨ ਦੇ ਹੁਕਮ ਦਿੱਤੇ ਹਨ। ਸੀਵਰੇਜ ਬੋਰਡ ਦੇ ਅਧਿਕਾਰੀਆਂ ਦੇ ਖਾਲੀ ਦਫ਼ਤਰਾਂ ਵਿੱਚ ਚੱਲਦੇ ਏਸੀ, ਪੱਖੇ ਅਤੇ ਲਾਈਟਾਂ ਸਬੰਧੀ ਉਨ੍ਹਾੰ ਕਿਹਾ ਕਿ ਇਸ ਸਬੰਧੀ ਵੀ ਸਬੰਧਤ ਅਧਿਕਾਰੀਆਂ ਨੂੰ ਤਾੜਨਾ ਕੀਤੀ ਜਾਵੇਗੀ।