ਲੁਧਿਆਣਾ: ਕ੍ਰਿਸ਼ਚਨ ਸਮਾਜ ਦੇ ਆਗੂ ਅਰੁਣ ਹੈਨਰੀ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਅਤੇ ਵਿਦੇਸ਼ੀ ਨੰਬਰਾਂ ਤੋਂ ਕਾਲ ਦੇ ਜ਼ਰੀਏ ਧਮਕੀਆਂ ਮਿਲ ਰਹੀਆਂ ਹਨ। ਜਿਸ ਵਿੱਚ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਮਿਲ ਰਹੀਆਂ ਹਨ। ਧਮਕੀਆਂ ਤੋਂ ਬਾਅਦ ਉਹਨਾਂ ਨੇ ਪੁਲਿਸ ਸਟੇਸ਼ਨ ਅਤੇ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ ਹੈ। ਜਿਸ ਵਿੱਚ ਪੁਲਿਸ ਨੇ ਮਾਮਲਾ ਦਰਜ ਕਰਨ ਦੀ ਗੱਲ ਕਹੀ ਹੈ, ਹਾਲਾਂਕਿ ਪੁਲਿਸ ਨੇ ਇਸ ਘਟਨਾ ਨੂੰ ਲੈ ਕੇ ਮੀਡੀਆ ਤੋਂ ਦੂਰੀ ਬਣਾਈ ਹੈ।
ਧਮਕੀਆਂ ਦੇਣ ਵਾਲਿਆਂ ਦੀ ਨਹੀਂ ਹੋਈ ਪਹਿਚਾਣ
ਇਸ ਸਬੰਧ ਵਿੱਚ ਗੱਲਬਾਤ ਕਰਦਿਆਂ ਅਰੁਣ ਹੈਨਰੀ ਨੇ ਕਿਹਾ ਕਿ ਪਿਛਲੇ ਦੋ ਹਫਤਿਆਂ ਤੋਂ ਉਹਨਾਂ ਨੂੰ ਵਿਦੇਸ਼ੀ ਨੰਬਰਾਂ ਤੋਂ ਲਗਾਤਾਰ ਫੋਨ ਆ ਰਹੇ ਹਨ ਅਤੇ ਉਹਨਾਂ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਉੱਤੇ ਵੀ ਧਮਕੀਆਂ ਮਿਲ ਰਹੀਆਂ ਹਨ। ਇਸ ਮਾਮਲੇ ਨੂੰ ਲੈ ਕੇ ਉਹਨਾਂ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ। ਉਹਨਾਂ ਕਿਹਾ ਪੁਲਿਸ ਨੇ ਬੇਸ਼ੱਕ ਮਾਮਲਾ ਦਰਜ ਕਰ ਲਿਆ ਹੈ ਪਰ ਹਾਲੇ ਵੀ ਧਮਕੀਆਂ ਦੇਣ ਵਾਲੇ ਦੀ ਪਹਿਚਾਣ ਨਹੀਂ ਹੋ ਸਕੀ ਹੈ।
ਪਰਿਵਾਰ ਦੀ ਹੋ ਰਹੀ ਰੇਕੀ
ਅਰੁਣ ਹੈਨਰੀ ਨੇ ਆਖਿਆ ਕਿ ਉਹਨਾਂ ਦੀ ਕਿਸੇ ਨਾਲ ਵੀ ਕੋਈ ਨਿੱਜੀ ਰੰਜਿਸ਼ ਨਹੀਂ ਹੈ। ਕ੍ਰਿਸ਼ਚਨ ਸਮਾਜ ਦੇ ਆਗੂ ਨੇ ਕਿਹਾ ਕਿ ਉਨ੍ਹਾਂ ਨੂੰ ਯਕੀਨ ਹੈ ਕਿ ਉਸ ਦੇ ਪਰਿਵਾਰ ਦੀ ਲਗਾਤਾਰ ਰੇਕੀ ਹੋ ਰਹੀ ਹੈ ਕਿਉਂਕਿ ਧਮਕੀਆਂ ਦੇਣ ਵਾਲੇ ਸ਼ਖ਼ਸ ਨੂੰ ਉਨ੍ਹਾਂ ਸਬੰਧੀ ਸਾਰੀ ਜਾਣਕਾਰੀ ਹੈ। ਇਸ ਦੌਰਾਨ ਉਹਨਾਂ ਪੁਲਿਸ ਪ੍ਰਸ਼ਾਸਨ ਕੋਲੋਂ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਇਸ ਸਬੰਧ ਵਿੱਚ ਜਦੋਂ ਏਸੀਪੀ ਸੈਂਟਰਲ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਚਾਰ ਦਿਨ ਦੀ ਛੁੱਟੀ ਦਾ ਹਵਾਲਾ ਦਿੱਤਾ ਤਾਂ ਦੂਸਰੇ ਪਾਸੇ ਥਾਣਾ ਮੁਖੀ ਨੇ ਸੀਨੀਅਰ ਪੁਲਿਸ ਅਧਿਕਾਰੀਆਂ ਦਾ ਹਵਾਲਾ ਦਿੱਤਾ ਅਤੇ ਕੈਮਰੇ ਸਾਹਮਣੇ ਬੋਲਣ ਤੋਂ ਇਨਕਾਰ ਕਰ ਦਿੱਤਾ, ਕਿਹਾ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ।