ਲੁਧਿਆਣਾ: ਬਲੱਡ ਬੈਂਕ ਦੀਆਂ ਲੋੜਾਂ ਨੂੰ ਪੂਰਾ ਕਰਨ ਦੇ ਲਈ ਲੁਧਿਆਣਾ ਦੇ ਡੀਏਵੀ ਸਕੂਲ ਵੱਲੋਂ ਅੱਜ ਵਿਸ਼ੇਸ਼ ਤੌਰ ਉੱਤੇ ਖੂਨਦਾਨ ਕੈਂਪ ਦਾ ਪ੍ਰਬੰਧ ਕੀਤਾ ਗਿਆ ਜਿਸ ਵਿੱਚ ਸਕੂਲ ਦੇ ਸਟਾਫ ਅਤੇ ਵਿਦਿਆਰਥੀਆਂ ਦੇ ਨਾਲ ਉਨ੍ਹਾਂ ਮਾਪਿਆਂ ਵੱਲੋਂ ਵੱਧ ਚੜ ਕੇ ਹਿੱਸਾ ਲਿਆ ਗਿਆ ਅਤੇ ਖੂਨਦਾਨ ਕੀਤਾ ਗਿਆ। ਇੱਕ ਚੰਗੇ ਕੰਮ ਲਈ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨ ਲਈ ਇਸ ਖੂਨਦਾਨ ਦਾ ਪ੍ਰਬੰਧ ਕੀਤਾ ਗਿਆ। ਵੱਡੀ ਗਿਣਤੀ ਵਿੱਚ ਸਕੂਲ ਸਟਾਫ ਮੈਂਬਰਾਂ ਵੱਲੋਂ ਅਤੇ ਨਾਲ ਹੀ ਵਿਦਿਆਰਥੀ ਦੇ ਮਾਪਿਆਂ ਵੱਲੋਂ ਖੂਨਦਾਨ ਕੀਤਾ ਗਿਆ।
ਖੂਨਦਾਨ ਕਰਨਾ ਜ਼ਿੰਦਗੀ ਬਚਾਉਣ ਵਰਗਾ
ਇਸ ਮੌਕੇ ਗੱਲਬਾਤ ਕਰਦੇ ਹੋਏ ਸਕੂਲ ਦੀ ਪ੍ਰਿੰਸੀਪਲ ਸਤਵੰਤ ਕੌਰ ਭੁੱਲਰ ਨੇ ਲੋਕਾਂ ਨੂੰ ਸੁਨੇਹਾ ਦਿੱਤਾ ਕਿ ਖੂਨਦਾਨ ਕਰਨਾ ਕਿਸੇ ਦੀ ਜ਼ਿੰਦਗੀ ਬਚਾਉਣ ਵਰਗਾ ਹੀ ਹੈ। ਉਹਨਾਂ ਕਿਹਾ ਕਿ ਅੱਜ ਦੇ ਇਸ ਖੂਨਦਾਨ ਕੈਂਪ ਦੇ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਹਿੱਸਾ ਲਿਆ ਹੈ ਤਾਂ ਜੋ ਵਿਦਿਆਰਥੀਆਂ ਨੂੰ ਇਸ ਬਾਰੇ ਜਾਣਕਾਰੀ ਮਿਲ ਸਕੇ। ਉਹਨਾਂ ਕਿਹਾ ਕਿ ਵਿਦਿਆਰਥੀਆਂ ਨੂੰ ਉਹਨਾਂ ਦੇ ਕਰਤੱਵ ਬਾਰੇ ਸੁਚੇਤ ਕਰਨ ਲਈ ਇਹ ਉਪਰਾਲਾ ਕੀਤਾ ਗਿਆ ਹੈ ਤਾਂ ਜੋ ਉਹਨਾਂ ਨੂੰ ਪਤਾ ਲੱਗ ਸਕੇ ਕਿ ਉਹਨਾਂ ਵੱਲੋਂ ਵੀ ਅਜਿਹੇ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ।
ਸਾਰਿਆਂ ਦਾ ਸਾਂਝਾ ਫਰਜ਼
ਉਹਨਾਂ ਕਿਹਾ ਕਿ ਜੇਕਰ ਅੱਜ ਤੋਂ ਹੀ ਇਹਨਾਂ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਜਾਵੇਗਾ ਤਾਂ ਹੀ ਇਹ ਵੱਡੇ ਹੋ ਕੇ ਸਮਾਜ ਸੇਵਾ ਦੇ ਕੰਮਾਂ ਵਿੱਚ ਆਪਣੀ ਭੂਮਿਕਾ ਅਦਾ ਕਰਨਗੇ। ਉੱਥੇ ਹੀ ਸਕੂਲ ਦੀ ਅਧਿਆਪਿਕਾ ਸ਼ਵੇਤਾ ਨੇ ਦੱਸਿਆ ਕਿ ਅਕਸਰ ਹੀ ਬਲੱਡ ਬੈਂਕ ਦੇ ਵਿੱਚ ਕਮੀ ਕਰਕੇ ਲੋਕਾਂ ਦੀ ਜਾਨ ਖਤਰੇ ਵਿੱਚ ਪੈ ਜਾਂਦੀ ਹੈ। ਅਜਿਹੇ 'ਚ ਬਲੱਡ ਬੈਂਕ ਦੀਆਂ ਲੋੜਾਂ ਨੂੰ ਪੂਰਾ ਕਰਨ ਸਾਡਾ ਸਾਰਿਆਂ ਦਾ ਕਰਤੱਵ ਹੈ। ਇਹ ਸਾਰੇ ਲੋਕਾਂ ਨੂੰ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਵੱਧ ਤੋਂ ਵੱਧ ਖੂਨਦਾਨ ਕਰੋ ਕਿਉਂਕਿ ਨਾਲ ਕੋਈ ਫਰਕ ਨਹੀਂ ਪੈਂਦਾ ਸਗੋਂ ਇਸ ਨਾਲ ਕੀਮਤੀ ਜਾਨਾਂ ਜਰੂਰ ਬਚ ਸਕਦੀਆਂ ਹਨ ਅਤੇ ਇਹ ਸਾਡਾ ਸਾਰਿਆਂ ਦਾ ਸਾਂਝਾ ਫਰਜ਼ ਵੀ ਹੈ।