ਮਾਨਸਾ: ਮਾਨਸਾ ਜ਼ਿਲ੍ਹੇ ਦੇ ਬੁਢਲਾਡਾ ਦੇ ਨਜ਼ਦੀਕ ਪਿੰਡ ਰਾਮਗੜ੍ਹ ਦਰੀਆਪੁਰ ਦੇ ਵਿੱਚ ਰਜਬਾਹੇ ਚੋਂ 100 ਫੁੱਟ ਦੇ ਕਰੀਬ ਪਾੜ ਪੈਣ ਦੇ ਕਾਰਨ ਕਿਸਾਨਾਂ ਦੀ ਝੋਨੇ ਅਤੇ ਨਰਮੇ ਦੀ 100 ਏਕੜ ਦੇ ਕਰੀਬ ਪੱਕਣ 'ਤੇ ਆਈ ਫਸਲ ਪਾਣੀ ਦੇ ਵਿੱਚ ਡੁੱਬ ਕੇ ਬਰਬਾਦ ਹੋ ਗਈ ਹੈ। ਨਿਰਾਸ਼ ਹੋਏ ਕਿਸਾਨਾਂ ਨੇ ਨਹਿਰੀ ਵਿਭਾਗ 'ਤੇ ਇਲਜ਼ਾਮ ਲਾਇਆ ਹੈ ਕਿ ਵਿਭਾਗ ਦੀ ਅਣਗਹਿਲੀ ਦੇ ਕਾਰਨ ਰਜਬਾਹੇ ਦੇ ਵਿੱਚ ਦਰਾਰ ਪਈ ਹੈ।
ਬੁਢਲਾਡਾ ਬਰਾਂਚ ਦੇ ਰਜਬਾਹੇ ਵਿੱਚ ਦਰਾਰ
ਦੱਸਿਆ ਜਾ ਰਿਹਾ ਹੈ ਕਿ ਮਾਨਸਾ ਜ਼ਿਲ੍ਹੇ ਦੇ ਸਬ ਡਿਵੀਜ਼ਨ ਬੁਢਲਾਡਾ ਨਜ਼ਦੀਕ ਪੈਂਦੇ ਪਿੰਡ ਰਾਮਗੜ੍ਹ ਦਰੀਆਪੁਰ ਦੇ ਵਿੱਚ ਕਿਸਾਨਾਂ ਦੀ 100 ਏਕੜ ਝੋਨੇ ਦੀ ਫਸਲ ਵਿੱਚ ਬਹੁਤ ਸਾਰਾ ਪਾਣੀ ਭਰ ਗਿਆ ਹੈ। ਬੁਢਲਾਡਾ ਬਰਾਂਚ ਦੇ ਰਜਬਾਹੇ ਵਿੱਚ ਦਰਾਰ ਪੈਣ ਕਾਰਨ ਨਰਮੇ ਦੀ ਅਤੇ ਝੋਨੇ ਦੀ ਪੱਕਣ 'ਤੇ ਆਈ ਫਸਲ ਪਾਣੀ ਦੇ ਵਿੱਚ ਡੁੱਬਣ ਕਾਰਨ ਖਰਾਬ ਹੋ ਗਈ ਹੈ।
ਰਜਬਾਹੇ ਦਾ ਪਾਣੀ ਟੁੱਟਿਆ
ਪੱਤਰਕਾਰਾਂ ਨਾਲ ਕਿਸਾਨਾਂ ਨੇ ਦੱਸਿਆ ਕਿ ਰਾਤ 11 ਵਜੇ ਦੇ ਕਰੀਬ ਰਜਬਾਹੇ ਦਾ ਪਾਣੀ ਟੁੱਟਿਆ ਸੀ ਅਤੇ ਉਨ੍ਹਾਂ ਨੂੰ ਢੇਡ ਵਜੇ ਦੇ ਕਰੀਬ ਪਤਾ ਲੱਗਿਆ। ਉਨ੍ਹਾਂ ਕਿਹਾ ਕਿ ਉਸੇ ਸਮੇਂ ਅਸੀਂ ਨਹਿਰ ਵਿਭਾਗ ਮਹਿਕਮੇ ਨੂੰ ਫੋਨ ਕਰ ਦਿੱਤਾ ਸੀ, ਪਰ ਇਹ ਦਿਨੇ 8 ਵਜੇ ਪਹੁੰਚੇ ਸਨ। ਉਨ੍ਹਾਂ ਕਿਹਾ ਕਿ ਅਸੀਂ ਪੂਰੇ ਇੱਕ ਮਹੀਨੇ ਤੋਂ ਪ੍ਰਸ਼ਾਸ਼ਨ ਨੂੰ ਕਹਿ ਰਹੇ ਹਾਂ ਕਿ ਅੱਗੇ ਜੋ ਪੁਲ ਬੰਦ ਹੈ ਉਸ ਪੁਲ ਨੂੰ ਖੋਲ ਦਿਓ ਪਰ ਕਿਸੇ ਨੇ ਵੀ ਉਹ ਪੁਲ ਨਹੀਂ ਖੋਲ੍ਹਿਆ। ਪੁਲ ਬੰਦ ਹੋਣ ਕਰਕੇ ਹੀ ਇਹ ਨਹਿਰ ਟੁੱਟੀ ਹੈ।
ਨਹਿਰੀ ਵਿਭਾਗ ਦੀ ਅਣਗਹਿਲੀ
ਕਿਸਾਨਾਂ ਦਾ ਕਹਿਣਾ ਹੈ ਕਿ ਨਹਿਰੀ ਵਿਭਾਗ ਦੀ ਅਣਗਹਿਲੀ ਦੇ ਕਾਰਨ ਉਨਾਂ ਦੀ ਫਸਲ ਬਰਬਾਦ ਹੋਈ ਹੈ। ਉਨ੍ਹਾਂ ਕਿਹਾ ਕਿ ਰਜਬਾਹੇ ਦੇ ਵਿੱਚ ਅੱਗੇ ਚਾਲ ਅਤੇ ਪੁੱਲ ਦੇ ਵਿੱਚ ਸਫਾਈ ਨਾ ਕੀਤੇ ਜਾਣ ਕਾਰਨ ਪਾਣੀ ਦੀ ਡਾਫ ਲੱਗ ਗਈ ਹੈ। ਜਿਸ ਕਾਰਨ ਰਜਬਾਹੇ ਦੇ ਵਿੱਚ ਵੱਡੀ ਦਰਾਰ ਪਈ ਹੈ ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਪੱਕਣ ਤੇ ਆਈ ਝੋਨੇ ਅਤੇ ਨਰਮੇ ਦੀ ਫਸਲ ਪਾਣੀ ਦੇ ਵਿੱਚ ਡੁੱਬ ਕੇ ਬਰਬਾਦ ਹੋ ਗਈ ਹੈ।
ਬਰਬਾਦ ਹੋਈ ਫਸਲਾਂ ਦਾ ਮੁਆਵਜ਼ਾ
ਕਿਸਾਨਾਂ ਦਾ ਕਹਿਣਾ ਹੈ ਕਿ ਇਹ ਸਭ ਕੁਝ ਨਹਿਰੀ ਵਿਭਾਗ ਦੀ ਅਣਗਹਿਲੀ ਦੇ ਕਾਰਨ ਹੋਇਆ ਹੈ। ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਦੀ ਬਰਬਾਦ ਹੋਈ ਫਸਲਾਂ ਦਾ ਸਰਕਾਰ ਮੁਆਵਜ਼ਾ ਦੇਣ ਦਾ ਐਲਾਨ ਕਰੇ।
ਜਲਦ ਪਾੜ ਨੂੰ ਕੀਤਾ ਜਾਵੇਗਾ ਬੰਦ
ਉੱਧਰ ਨਹਿਰੀ ਵਿਭਾਗ ਦੇ ਅਧਿਕਾਰੀ ਗੁਰਜੀਤ ਸਿੰਘ ਨੇ ਕਿਹਾ ਕਿ ਰਜਬਾਹੇ ਦੇ ਵਿੱਚ ਪਾੜ ਪੈਣ ਦੀ ਸੂਚਨਾ ਮਿਲਦਿਆਂ ਹੀ ਉਹ ਰਜਬਾਹੇ 'ਤੇ ਪਹੁੰਚ ਗਏ ਹਨ ਅਤੇ ਜਲਦ ਹੀ ਮਿੱਟੀ ਦੇ ਗੱਟੇ ਭਰ ਕੇ ਰਜਬਾਹੇ ਵਿੱਚ ਪਏ ਪਾੜ ਨੂੰ ਬੰਦ ਕਰ ਦਿੱਤਾ ਜਾਵੇਗਾ।