ਸੰਗਰੂਰ/ਖਨੌਰੀ : ਭਾਰਤ ਸਰਕਾਰ ਵੱਲੋਂ ਕਿਸਾਨਾਂ ਦੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਨਾ ਕਰਨ ਦੇ ਵਿਰੋਧ 'ਚ ਦੇਸ਼ ਭਰ ਦੇ ਕਿਸਾਨਾਂ ਨੇ ਕੇਂਦਰ ਸਰਕਾਰ ਖਿਲਾਫ ਅੰਦੋਲਨ 2 ਦੀ ਸ਼ੁਰੂਆਤ ਕੀਤੀ ਹੈ। ਇਸ ਦੇ ਚੱਲਦਿਆਂ ਕਿਸਾਨਾਂ ਵੱਲੋਂ ਦਿੱਲੀ ਕੂਚ ਕਰਨ ਦੌਰਾਨ ਹਰਿਆਣਾ ਸਰਕਾਰ ਵੱਲੋਂ ਪੰਜਾਬ ਸੀਮਾ ਉੱਤੇ ਕੀਤੀ ਗਈ ਸਖਤ ਨਾਕਾਬੰਦੀ ਕਾਰਨ ਦਿੱਲੀ ਸੰਗਰੂਰ ਕੌਮੀ ਮੁੱਖ ਮਾਰਗ 'ਤੇ ਸਬ ਡਵੀਜ਼ਨ ਪਾਤੜਾਂ ਦੇ ਪਿੰਡ ਢਾਬੀ ਗੁੱਜਰਾਂ ਬਾਰਡਰ 'ਤੇ ਚੱਲ ਰਹੇ ਕਿਸਾਨ ਮੋਰਚੇ ਦੌਰਾਨ ਇੱਕ ਕਿਸਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ। ਦੱਸਣਯੋਗ ਹੈ ਮ੍ਰਿਤਕ ਕਿਸਾਨ ਦੀ ਪਛਾਣ ਮਨਜੀਤ ਸਿੰਘ ਵੱਜੋਂ ਹੋਈ ਹੈ ਜੋ ਕਿ ਪਟਿਆਲਾ ਦੇ ਪਿੰਡ ਕੰਗਠਲਾ ਦਾ ਰਹਿਣ ਵਾਲਾ ਸੀ।
ਅਚਾਨਕ ਵਿਗੜੀ ਸਿਹਤ : ਮਿਲੀ ਜਾਣਕਾਰੀ ਮੁਤਾਬਿਕ ਮ੍ਰਿਤਕ ਕਿਸਾਨ ਮਨਜੀਤ ਸਿੰਘ 12 ਫਰਵਰੀ ਤੋਂ ਹੀ ਢਾਬੀ ਗੁੱਜਰਾਂ ਬਾਰਡਰ 'ਤੇ ਅੰਦੋਲਨ 'ਚ ਡਟਿਆ ਹੋਇਆ ਸੀ ਇਸ ਦੌਰਾਨ ਕਿਸਾਨਾਂ ਉੱਤੇ ਪੁਲਿਸ ਵੱਲੋਂ ਢਾਏ ਹਰ ਤਸ਼ੱਦਦ ਦਾ ਡਟ ਕੇ ਸਾਹਮਣਾ ਵੀ ਕੀਤਾ। ਪਰ ਬੀਤੇ ਦਿਨ ਬਾਅਦ ਦੁਪਹਿਰ 4 ਵਜੇ ਦੇ ਕਰੀਬ ਅਚਾਨਕ ਉਹਨਾਂ ਦੀ ਸਿਹਤ ਵਿਗੜ ਗਈ। ਇਸ ਦੌਰਾਨ ਸਾਥੀ ਕਿਸਾਨਾਂ ਵੱਲੋਂ ਉਹਨਾਂ ਨੂੰ ਫੌਰੀ ਤੌਰ 'ਤੇ ਮੁੱਢਲੀ ਸਹਾਇਤਾ ਦਿੰਦੇ ਹੋਏ ਪਾਤੜਾਂ ਵਿਖੇ ਇਲਾਜ ਲਈ ਭਰਤੀ ਕਰਵਾਇਆ ਗਿਆ ਜਿੱਥੇ ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਹੋਇਆਂ ਪਟਿਆਲਾ ਰੈਫਰ ਕਰ ਦਿੱਤਾ ਗਿਆ। ਇਸ ਦੌਰਾਨ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਪਹੁੰਚਣ 'ਤੇ ਡਾਕਟਰਾਂ ਨੇ ਉਹਨ ਨੂੰ ਮ੍ਰਿਤਕ ਐਲਾਨ ਦਿੱਤਾ।
ਸ਼ੰਭੂ ਬਾਰਡਰ 'ਤੇ ਕਿਸਾਨ ਸ਼ਹੀਦ : ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਹਰਿਆਣਾ ਦੀਆਂ ਸਰਹੱਦਾਂ 'ਤੇ ਬੈਠੇ ਕਿਸਾਨਾਂ ਵਿੱਚ ਵੀ ਇੱਕ ਬਜ਼ੁਰਗ ਕਿਸਾਨ ਦੀ ਮੌਤ ਹੋਈ ਸੀ। ਮ੍ਰਿਤਕ ਕਿਸਾਨ ਗਿਆਨ ਸਿੰਘ ਜੋ ਕਿ ਘੁਮਾਣ, ਜਿਲ੍ਹਾ ਗੁਰਦਾਸਪੁਰ ਡੀ ਰਹਿਣ ਵਾਲੇ ਸਨ। ਉਹਨਾਂ ਦੀ ਵੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਈ ਸੀ। ਕਿਸਾਨ ਗਿਆਨ ਸਿੰਘ ਦੀ ਉਮਰ 79 ਸਾਲ ਸੀ ਅਤੇ ਇਹਨਾਂ ਨੇ 11 ਫਰਵਰੀ ਨੂੰ ਆਪਣੇ ਪਿੰਡ ਤੋਂ ਚਾਲੇ ਦਿੱਲੀ ਨੂੰ ਪਾਏ ਸਨ। ਉਹਨਾਂ ਦੀ ਸ਼ਹਾਦਤ 'ਤੇ ਕਿਸਾਨ ਆਗੂਆਂ ਵੱਲੋਂ ਸਲਾਮੀ ਦਿੰਦੇ ਹੋਏ ਪਹਿਲੇ ਸ਼ਹੀਦ ਦਾ ਦਰਜਾ ਦੇਕੇ ਅੰਤਿਮ ਵਿਦਾਈ ਦਿੱਤੀ ਗਈ ਸੀ।