ਅੰਮ੍ਰਿਤਸਰ: ਹਲਕਾ ਬਾਬਾ ਬਕਾਲਾ ਦੇ ਕਸਬਾ ਧੂਲਕਾ ਦੇ ਇੱਕ ਨੌਜਵਾਨ ਦੀ ਗੁਜਰਾਤ ਦੇ ਸ਼ਹਿਰ ਵਾਪੀ ਵਿੱਚ ਹਾਦਸੇ ਦੌਰਾਨ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਜਸਬੀਰ ਸਿੰਘ ਜੱਸਾ ਵਜੋਂ ਹੋਈ ਹੈ। ਪਰਿਵਾਰਿਕ ਮੈਂਬਰਾਂ ਦੀ ਮੰਨੀ ਜਾਵੇ ਤਾਂ ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਮ੍ਰਿਤਕ ਟਰੱਕ ਦੇ ਸਮਾਨ ਨੂੰ ਉਤਾਰਨ ਵਾਸਤੇ ਗੱਡੀ ਉੱਤੇ ਚੜਿਆ ਅਤੇ ਹਾਈਵੋਲਟੇਜ਼ ਬਿਜਲੀ ਤਾਰਾਂ ਦੀ ਲਪੇਟ ਵਿੱਚ ਆ ਗਿਆ।
ਸਥਾਨਕਵਾਸੀਆਂ ਦਾ ਕਹਿਣਾ ਹੈ ਕਿ ਨੌਜਵਾਨ ਦੀ ਗੁਜਰਾਤ ਵਿੱਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਜਸਬੀਰ ਸਿੰਘ ਵਜੋਂ ਹੋਈ ਹੈ ਅਤੇ ਉਹ ਟਰੱਕ ਡਰਾਈਵਰ ਸੀ। ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਪਿਛਲੇ ਕਾਫੀ ਸਮੇਂ ਤੋਂ ਟਰੱਕ ਚਲਾ ਰਿਹਾ ਸੀ ਅਤੇ ਬੀਤੇ ਦਿਨੀਂ ਜਦੋਂ ਗੁਜਰਾਤ ਵਿੱਚ ਟਰੱਕ ਲੈ ਕੇ ਗਿਆ ਸੀ। ਰਸਤੇ ਵਿੱਚ ਗੱਡੀ ਅੰਦਰ ਕੋਈ ਖਰਾਬੀ ਆਉਣ ਕਾਰਨ ਉਸ ਨੂੰ ਠੀਕ ਕਰਵਾ ਰਿਹਾ ਸੀ। ਇਸੇ ਦਰਮਿਆਨ ਟਰੱਕ ਨੂੰ ਠੀਕ ਕਰਨ ਵਾਲਾ ਮਕੈਨਿਕ ਕੁੱਝ ਸਾਮਾਨ ਲੈਣ ਲਈ ਚਲਾ ਗਿਆ।
ਟਰੱਕ ਦੇ ਉੱਪਰੋਂ ਹਾਈਵੋਲਟੇਜ ਦੀਆਂ ਤਾਰਾਂ ਲੰਘ ਰਹੀਆਂ ਸਨ। ਜਦੋਂ ਜਸਬੀਰ ਸਿੰਘ ਟਰੱਕ ਦੇ ਉਪਰੋਂ ਕੁਝ ਸਾਮਾਨ ਲੈਣ ਗਿਆ ਤਾਂ ਉਸ ਦਾ ਹੱਥ ਹਾਈਵੋਲਟੇਜ ਦੀਆਂ ਤਾਰਾਂ ਨੂੰ ਲੱਗ ਗਿਆ, ਜਿਸ ਕਾਰਨ ਉਸਨੂੰ ਝਟਕਾ ਲੱਗਾ ਅਤੇ ਉਹ ਇਕਦਮ ਜ਼ਮੀਨ ਉੱਤੇ ਡਿੱਗ ਗਿਆ। ਸਿਰ ਵਿਚ ਸੱਟ ਵੱਜਣ ਕਾਰਨ ਜਸਬੀਰ ਸਿੰਘ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਪਰਿਵਾਰ ਵਾਲਿਆਂ ਨੂੰ ਟਰੱਕ ਮਾਲਕ ਵੱਲੋਂ ਸੂਚਿਤ ਕੀਤਾ ਗਿਆ। ਮ੍ਰਿਤਕ ਦੇ ਚਾਚੇ ਦੇ ਮੁੰਡੇ ਨੇ ਦੱਸਿਆ ਕਿ ਮ੍ਰਿਤਕ ਦਾ ਭਰਾ ਵੀ ਇਟਲੀ ਤੋਂ ਕਿਸੇ ਸਮਾਗਮ ਵਿੱਚ ਹਿੱਸਾ ਲੈਣ ਲਈ ਪਹੁੰਚਿਆ ਹੋਇਆ ਸੀ ਪਰ ਇਹ ਦੁਖਦ ਘਟਨਾ ਵਾਪਰ ਗਈ। ਮ੍ਰਿਤਕ ਦੇਹ ਗੁਜਰਾਤ ਤੋਂ ਪੰਜਾਬ ਲਿਆਂਦੀ ਜਾ ਰਹੀ ਹੈ।
ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਦੇ ਪਰਿਵਾਰ ਵਿੱਚ ਵਿਆਹ ਧਰਿਆ ਹੋਇਆ ਸੀ ਅਤੇ ਖੁਸ਼ੀਆਂ ਵਿਚਾਲੇ ਹੁਣ ਸੋਗ ਦੀ ਲਹਿਰ ਅਚਾਨਕ ਦੌੜ ਗਈ ਹੈ। ਮ੍ਰਿਤਕ ਡਰਾਈਵਰ ਦੀ ਲਾਸ਼ ਗੁਜਰਾਤ ਤੋਂ ਪੰਜਾਬ ਲਿਆਉਣ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਪ੍ਰਸ਼ਾਸਨ ਅੱਗੇ ਅਪੀਲ ਕੀਤੀ ਜਾ ਰਹੀ ਹੈ ਕਿ ਡਰਾਈਵਰਾਂ ਦੀ ਜਾਨ ਨੂੰ ਸੁਰੱਖਿਤ ਕਰਨ ਵਾਸਤੇ ਕੋਈ ਨਾ ਕੋਈ ਬੀਮੇ ਦਾ ਐਲਾਨ ਜਰੂਰ ਹੋਣਾ ਚਾਹੀਦਾ ਹੈ। ਪਰਿਵਾਰ ਦੀ ਸਰਕਾਰ ਤੋਂ ਮੰਗ ਹੈ ਕਿ ਇਨਸਾਫ ਕੀਤਾ ਜਾਵੇ ਅਤੇ ਪਰਿਵਾਰ ਨੂੰ ਢੁੱਕਵਾਂ ਮੁਆਵਜ਼ਾ ਦਿੱਤਾ ਜਾਵੇ।