ਅੰਮ੍ਰਿਤਸਰ: ਆਮ ਆਦਮੀ ਪਾਰਟੀ ਅਕਸਰ ਹੀ ਆਪਣੇ-ਆਪ ਨੂੰ ਕੱਟਰ ਇਮਾਨਦਾਰ ਪਾਰਟੀ ਦੱਸਦੀ ਹੈ, ਅਤੇ ਇਨ੍ਹਾਂ ਵੱਲੋਂ ਇਸੇ ਗੱਲ ਦਾ ਪ੍ਰਚਾਰ ਕੀਤਾ ਜਾਂਦਾ ਹੈ। ਆਮ ਆਦਮੀ ਪਾਰਟੀ ਦੀ ਇਸੇ ਨੀਤੀ 'ਤੇ ਹੁਣ ਖੁਦ ਪਾਰਟੀ ਦੇ ਵਰਕਰ ਨੇ ਹੀ ਸਵਾਲ ਖੜ੍ਹੇ ਕੀਤੇ ਹਨ। ‘ਆਪ’ ਵਿਧਾਇਕ ਦੇ ਕਰੀਬੀ ਮੰਨੇ ਜਾਂਦੇ ਯੂਥ ਸਕੱਤਰ ਯੂਥ ਗੌਰਵ ਅਗਰਵਾਲ ਨੇ ਲੋਕਲ ਬਾਡੀ ਚੋਣਾਂ ‘ਚ ਆਮ ਆਦਮੀ ਪਾਰਟੀ ਦੀ ਦੂਜੀ ਟਿਕਟ ਆਉਣ ‘ਤੇ ਉਨ੍ਹਾਂ ਦਾ ਨਾਂ ਸਾਹਮਣੇ ਨਾ ਆਉਣ ‘ਤੇ ਵਿਧਾਇਕ ਤੇ ਉਨ੍ਹਾਂ ਦੇ ਇਕ ਹੋਰ ਨਜ਼ਦੀਕੀ ‘ਤੇ ਇਲਜ਼ਾਮ ਲਗਾਏ ਹਨ।
25 ਲੱਖ ਰੁਪਏ ਦੀ ਮੰਗ
ਦੱਸ ਦੇਈਏ ਕਿ ਅਗਰਵਾਲ ਨੇ ਵਰੁਣ ਬਮਰਾਹ 'ਤੇ ਟਿਕਟ ਦੇਣ ਦੇ ਬਦਲੇ 25 ਲੱਖ ਰੁਪਏ ਦੀ ਰਕਮ ਦੇਣ ਵਰਗੇ ਗੰਭੀਰ ਇਲਜ਼ਾਮ ਲਾਏ ਹਨ। ਇਹ ਮਾਮਲਾ ‘ਆਪ’ ਪਾਰਟੀ ਦੇ ਅੰਦਰੂਨੀ ਕਲੇਸ਼ ਦੱਸਿਆ ਜਾ ਰਿਹਾ ਹੈ। ਇਸ ਸਬੰਧੀ ਬੁਲਾਈ ਗਈ ਪ੍ਰੈੱਸ ਕਾਨਫਰੰਸ ਦੌਰਾਨ ਗੌਰਵ ਅਗਰਵਾਲ ਨੇ ਵਿਧਾਇਕ ਤੇ ਉਨ੍ਹਾਂ ਦੇ ਕਰੀਬੀ ਸਾਥੀ ਅਤੇ ਸਲਾਹਕਾਰ ਵਰੁਣ ਬਮਰਾਹ 'ਤੇ ਸਿੱਧੇ ਇਲਜ਼ਾਮ ਲਾਉਂਦਿਆਂ ਕਿਹਾ ਕਿ ਨਿਗਮ ਚੋਣਾਂ 'ਚ ਵਾਰਡ ਨੰ: 2 ਦੀ ਟਿਕਟ ਲਈ ਉਨ੍ਹਾਂ ਤੋਂ ਸਿੱਧੇ ਤੌਰ 'ਤੇ 25 ਲੱਖ ਰੁਪਏ ਦੀ ਮੰਗ ਕੀਤੀ ਜਾ ਰਹੀ ਹੈ।
"ਮੇਰੇ ਪੈਸੇ 'ਤੇ ਦੁਬਈ ਘੁੰਮੇ"
ਅਗਰਵਾਲ ਨੇ ਕਿਹਾ ਕਿ ਪਿਛਲੇ ਸਾਲਾਂ ਤੋਂ ਉਹ ਹਰ ਤਰ੍ਹਾਂ ਨਾਲ ਪਾਰਟੀ ਦੇ ਹੁਕਮਾਂ 'ਤੇ ਕੰਮ ਕਰਦੇ ਆ ਰਹੇ ਸਨ। ਪਾਰਟੀ ਦੇ ਨਾਂ 'ਤੇ ਜਦੋਂ ਵੀ ਆਰਥਿਕ ਮਦਦ ਮੰਗੀ ਗਈ ਤਾਂ ਉਹ ਵੀ ਮੇਰੇ ਵੱਲੋਂ ਦਿੱਤੀ ਗਈ। ਗੁਜਰਾਤ ਚੋਣਾਂ ਦੌਰਾਨ, ਹਿਮਾਚਲ ਚੋਣਾਂ ਦੌਰਾਨ ਅਤੇ ਹੁਣ ਪਿਛਲੀਆਂ ਡੇਰਾ ਬਾਬਾ ਨਾਨਕ ਦੀਆਂ ਚੋਣਾਂ ਦੌਰਾਨ ਵੀ ਉਹ ਆਪਣੇ ਖਰਚੇ 'ਤੇ ਉਨ੍ਹਾਂ ਥਾਵਾਂ 'ਤੇ ਹੀ ਰਹੇ ਅਤੇ ਪਾਰਟੀ ਹਾਈਕਮਾਂਡ ਅਧੀਨ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਈ। ਉਨ੍ਹਾਂ ਨੇ ਇੱਥੋਂ ਤੱਕ ਦਾਅਵਾ ਕੀਤਾ ਅਤੇ ਇਲਜ਼ਾਮ ਲਾਇਆ ਕਿ "ਉਹ ਵਿਧਾਇਕ ਅਤੇ ਉਸ ਦੇ ਪੂਰੇ ਪਰਿਵਾਰ ਨੂੰ ਆਪਣੇ ਖਰਚੇ 'ਤੇ ਦੁਬਈ ਲੈ ਕੇ ਗਏ" ਅਤੇ ਵਾਰਡ ਨੰ: 2 ਦੇ ਵਿਕਾਸ ਕਾਰਜ ਕਰਵਾਉਣ ਤੋਂ ਇਲਾਵਾ ਵਾਰਡ ਦੀ ਨੁਹਾਰ ਬਦਲਣ ਲਈ ਦਿਨ-ਰਾਤ ਕੰਮ ਕੀਤਾ।
ਇਲਜ਼ਾਮਾਂ 'ਤੇ ਸਫ਼ਾਈ
ਦੂਜੇ ਪਾਸੇ ਜਦੋਂ ਇਸ ਮਾਮਲੇ ਵਿੱਚ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਜਿਹੀ ਕੋਈ ਗੱਲ ਨਹੀਂ ਹੈ। ਇੱਕ ਵਾਰਡ ਵਿੱਚੋਂ ਇੱਕ ਤੋਂ ਦੱਸ ਉਮੀਦਵਾਰ ਟਿਕਟ ਦੇ ਚਾਹਵਾਨ ਸਨ। ਸਾਡੀ ਸਕਰੀਨਿੰਗ ਕਮੇਟੀ ਨੇ ਸੋਚ ਸਮਝ ਕੇ ਸਾਰਿਆਂ ਨੂੰ ਟਿਕਟਾਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਅਜਿਹੀ ਗੱਲ ਮੇਰੇ ਧਿਆਨ ਵਿੱਚ ਨਹੀਂ ਹੈ, ਜੇਕਰ ਗੌਰਵ ਅਗਰਵਾਲ ਨੇ ਅਜਿਹਾ ਕਿਹਾ ਹੈ ਤਾਂ ਇਸ ਦੀ ਜਾਂਚ ਕਰਵਾਈ ਜਾਵੇਗੀ।
- ਨਗਰ ਨਿਗਮ ਚੋਣਾਂ ਲਈ 'ਆਪ' ਨੇ ਦਿੱਤੀਆਂ 5 ਗਰੰਟੀਆਂ, ਅਮਨ ਅਰੋੜਾ ਨੇ ਕੀਤੀ ਪ੍ਰੈਸ ਕਾਨਫਰੰਸ, ਬੁੱਢੇ ਨਾਲੇ ਦੇ ਮਸਲੇ ਤੇ ਵੀ ਕੀਤੀ ਗੱਲਬਾਤ
- ਹੈਲੀਪੈਡ ਦੇ ਨਜ਼ਦੀਕ ਹੀ ਬਣੀ ਬੁਢਲਾਡਾ ਦੀ ਸਰਕਾਰੀ ਆਈਟੀਆਈ ਤੇ ਹਸਪਤਾਲ ਵਿਖੇ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ
- ਨਗਰ ਨਿਗਮ ਚੋਣ ਮੈਦਾਨ 'ਚ ਉਤਰੇ ਨੌਜਵਾਨ ਉਮੀਦਵਾਰ, ਇਲਾਕੇ ਦੇ ਲੋਕਾਂ ਨੇ ਦੱਸੀਆਂ ਮੁਸ਼ਕਿਲਾਂ, ਉਮੀਦਵਾਰ ਨੇ ਦਿੱਤਾ ਭਰੋਸਾ...