ਲੁਧਿਆਣਾ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕਾਲਜ ਆਫ ਐਗਰੀਕਲਚਰ ਵਿਭਾਗ ਦੇ ਅੰਦਰ 9 ਫਰਵਰੀ ਨੂੰ ਹੋਣ ਵਾਲੀ ਐਲਮਨੀ ਮੀਟ ਦੀਆਂ ਤਿਆਰੀਆਂ ਜ਼ੋਰਾਂ ਸ ਨਾਲ ਚੱਲ ਰਹੀਆਂ ਹਨ। ਇਸ ਵਾਰ ਕਾਲਜ ਦੇ ਸਭ ਤੋਂ ਪੁਰਾਣੇ ਵਿਦਿਆਰਥੀ ਜਿਨ੍ਹਾਂ ਦੀ ਉਮਰ 90 ਸਾਲ ਤੋਂ ਜ਼ਿਆਦਾ ਹੈ ਡਾਕਟਰ ਅਬਦੁਲ ਕਿਊਮ ਦੇ ਆਉਣ ਦੀ ਸੰਭਾਵਨਾ ਹੈ। ਉਹ ਇਸ ਵਕਤ ਪਾਕਿਸਤਾਨ ਦੇ ਵਿੱਚ ਰਹਿੰਦੇ ਹਨ ਅਤੇ ਇਸ ਮੀਟ ਦੇ ਵਿੱਚ ਆਉਣ ਲਈ ਉਹਨਾਂ ਵੱਲੋਂ ਵੀਜ਼ਾ ਵੀ ਅਪਲਾਈ ਕੀਤਾ ਗਿਆ ਹੈ ਜੇਕਰ ਉਹਨਾਂ ਦਾ ਵੀਜ਼ਾ ਲੱਗ ਜਾਂਦਾ ਹੈ ਤਾਂ ਉਹ ਇਸ ਸਮਾਗਮ ਦੇ ਮੁੱਖ ਮਹਿਮਾਨ ਹੋਣਗੇ ।
ਯੂਨੀਵਰਸਿਟੀ ਵੱਲੋਂ ਹਮੇਸ਼ਾ ਹੀ ਜੋ ਸਭ ਤੋਂ ਪੁਰਾਣਾ ਵਿਦਿਆਰਥੀ ਹੁੰਦਾ ਹੈ ਉਸ ਨੂੰ ਇਹ ਮਾਣ ਮਹਿਸੂਸ ਕਰਵਾਇਆ ਜਾਂਦਾ ਹੈ। ਉਸ ਦਾ ਵਿਸ਼ੇਸ਼ ਤੌਰ ਉੱਤੇ ਸਨਮਾਨ ਵੀ ਕੀਤਾ ਜਾਂਦਾ ਹੈ। ਪੰਜਾਬ ਐਗਰੀਕਲਚਰ ਕਾਲਜ ਦੇ ਡੀਨ ਡਾਕਟਰ ਚਰਨਜੀਤ ਸਿੰਘ ਔਲਖ ਨੇ ਦੱਸਿਆ ਕਿ ਇਹਨਾਂ ਸਮਾਗਮਾਂ ਨੂੰ ਲੈ ਕੇ ਵੱਡੇ ਪੱਧਰ ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਉਹਨਾਂ ਨੇ ਕਿਹਾ ਕਿ ਅਸੀਂ ਪੁਰਾਣੇ ਵਿਦਿਆਰਥੀਆਂ ਦੇ ਨਾਲ ਅਤੇ ਪੁਰਾਣੇ ਪ੍ਰੋਫੈਸਰਾਂ ਦੇ ਨਾਲ ਮਿਲ ਕੇ ਇਹ ਸਮਾਗਮ ਮਨਾਉਂਦੇ ਹਾਂ ਤਾਂ ਜੋ ਉਹਨਾਂ ਨਾਲ ਉਹ ਜੁੜੇ ਰਹਿਣ। ਉਹ ਆਪਣਾ ਯੋਗਦਾਨ ਯੂਨੀਵਰਸਿਟੀ ਦੇ ਵਿੱਚ ਵੱਧ ਤੋਂ ਵੱਧ ਪਾ ਸਕਣ ਖਾਸ ਕਰਕੇ ਵਿੱਦਿਆ ਦਾ ਵਿਚਾਰ ਅਤੇ ਪ੍ਰਸਾਰ ਵਧ ਸਕੇ।
ਡਾਕਟਰ ਔਲਖ ਨੇ ਕਿਹਾ ਕਿ ਸਾਡੇ ਸਭ ਤੋਂ ਪੁਰਾਣੇ ਵਿਦਿਆਰਥੀ ਪਾਕਿਸਤਾਨ ਦੇ ਵਿੱਚ ਰਹਿੰਦੇ ਹਨ। ਸਾਲ 2012 ਦੇ ਵਿੱਚ ਉਹ ਯੂਨੀਵਰਸਿਟੀ ਆਏ ਸਨ ਉਦੋਂ ਤੋਂ ਉਹਨਾਂ ਦਾ ਦਿਲ ਹੈ ਕਿ ਉਹ ਮੁੜ ਤੋਂ 9 ਫਰਵਰੀ ਨੂੰ ਹੋਣ ਵਾਲੇ ਸਮਾਗਮਾਂ ਦੇ ਵਿੱਚ ਸ਼ਾਮਿਲ ਹੋਣ ਲਈ ਭਾਰਤ ਆਉਣ। ਉਹਨਾਂ ਕਿਹਾ ਕਿ ਭਾਵੇਂ ਸਾਡੀਆਂ ਸਰਹੱਦਾਂ ਵੰਡੀਆਂ ਗਈਆਂ ਹਨ ਪਰ ਸਾਡੀ ਕਿਸਾਨੀ, ਸਾਡੀ ਖੇਤੀ ਅਤੇ ਸਾਡਾ ਵਾਤਾਵਰਣ ਹਾਲੇ ਵੀ ਇੱਕੋ ਜਿਹਾ ਹੈ। ਉਹਨਾਂ ਕਿਹਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਮੁੱਖ ਮਕਸਦ ਹੀ ਕਿਸਾਨ ਅਤੇ ਕਿਸਾਨੀ ਨੂੰ ਪ੍ਰਫੁੱਲਿਤ ਕਰਨਾ ਹੈ ਅਤੇ ਇਸ ਦੇ ਤਹਿਤ ਅਜਿਹੇ ਸਮਾਗਮਾਂ ਦਾ ਹੋਣਾ ਬੇਹਦ ਜਰੂਰੀ ਹੈ, ਜੋ ਆਪਣੇ ਆਪ ਦੇ ਵਿੱਚ ਯਾਦਗਾਰੀ ਹੋਣ ਨਿਬੜਦੇ ਹਨ। ਅਜਿਹੇ ਸਮਾਗਮਾਂ ਨਾਲ ਆਪਣੇ ਪੁਰਾਣੇ ਵਿਦਿਆਰਥੀਆਂ ਨਾਲ ਯੂਨੀਵਰਸਿਟੀ ਦੀ ਸਾਂਝ ਨੂੰ ਮੁੜ ਤੋਂ ਤਾਜ਼ਾ ਕਰਦੇ ਹਨ।