ਲੁਧਿਆਣਾ: ਸ਼ਹਿਰ ਦੇ ਗੁਰਦੇਵ ਸਿੰਘ ਇੰਨ੍ਹੀਂ ਦਿਨੀਂ ਚਰਚਾ 'ਚ ਹਨ। ਉਨ੍ਹਾਂ ਨੇ ਨਵੀਂ ਪੀੜੀ ਨੂੰ ਗੁਰਬਾਣੀ ਦੇ ਲੜ ਲਾਉਣ ਦੇ ਲਈ ਇਕ ਆਫਰ ਕੱਢੀ ਹੈ, ਜਿਸ ਦੇ ਤਹਿਤ ਜੇਕਰ ਕੋਈ ਵੀ ਬੱਚਾ ਗੁਰਬਾਣੀ ਸੁਣਾਉਂਦਾ ਹੈ ਤਾਂ ਉਸ ਨੂੰ ਮੁਫ਼ਤ 'ਚ ਸ਼ਰਦਾਈ ਪਿਲਾਈ ਜਾਂਦੀ ਹੈ। ਇਨ੍ਹਾਂ ਹੀ ਨਹੀਂ ਗੁਰਦੇਵ ਸਿੰਘ ਨੌਜਵਾਨਾਂ ਨੂੰ ਨਸ਼ਿਆਂ ਦੇ ਖਿਲਾਫ ਵੀ ਜਾਗਰੂਕ ਕਰਦੇ ਹਨ। ਗੁਰਦੇਵ ਸਿੰਘ ਨੇ ਦੱਸਿਆ ਕਿ ਨੌਜਵਾਨਾਂ ਨੂੰ ਨਸ਼ੇ ਦੇ ਖਿਲਾਫ ਜਾਗਰੂਕ ਕਰਨ ਦੀ ਬੇਹਦ ਲੋੜ ਹੈ, ਇਸੇ ਦੇ ਤਹਿਤ ਉਹਨਾਂ ਨੇ ਇਹ ਕੰਮ ਸ਼ੁਰੂ ਕੀਤਾ ਹੈ।
ਬਾਜ਼ਾਰਾਂ ਦੇ ਕੈਮੀਕਲ ਡਰਿੰਕਸ ਤੋਂ ਵਧੀਆ: ਉਹਨਾਂ ਨੇ ਕਿਹਾ ਕਿ ਗੁਰੂ ਵੱਲੋਂ ਦਿੱਤੀ ਹੋਈ ਇਹ ਅਜਿਹੀ ਬਖਸ਼ਿਸ਼ ਹੈ ਜੋ ਨਾ ਸਿਰਫ ਤੁਹਾਨੂੰ ਨਸ਼ੇ ਤੋਂ ਦੂਰ ਰੱਖਦੀ ਹੈ, ਸਗੋਂ ਤੁਹਾਡੀ ਸਿਹਤ ਨੂੰ ਵੀ ਤੰਦਰੁਸਤ ਕਰਦੀ ਹੈ। ਉਹਨਾਂ ਦੱਸਿਆ ਕਿ ਉਹ ਇੱਕ ਸਾਲ ਤੋਂ ਇਹ ਕੰਮ ਕਰ ਰਹੇ ਹਨ। ਲੋਕਾਂ ਨੂੰ ਸੁਨੇਹਾ ਦੇ ਰਹੇ ਹਨ ਕਿ ਉਹ ਚੰਗੀ ਚੀਜ਼ ਇਸਤੇਮਾਲ ਕਰਨ ਕਿਉਂਕਿ ਜਿਹੜੇ ਬਾਜ਼ਾਰਾਂ ਦੇ ਵਿੱਚ ਕੈਮੀਕਲ ਵਾਲੇ ਕੋਲਡ ਡਰਿੰਕਸ ਉਪਲਬਧ ਹਨ, ਉਹ ਵਿਗਿਆਪਨ ਉੱਤੇ ਤਾਂ ਕਰੋੜਾਂ ਰੁਪਏ ਖਰਚਦੇ ਹਨ ਪਰ ਲੋਕਾਂ ਦੀ ਸਿਹਤ ਦੇ ਨਾਲ ਵੀ ਖਿਲਵਾੜ ਕਰਦੇ ਹਨ।
ਗਰਮੀਆਂ ਦੇ ਲਈ ਅੰਮ੍ਰਿਤ ਹੈ ਸ਼ਰਦਾਈ: ਗੁਰਦੇਵ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਜੋ ਸ਼ਰਦਾਈ ਤਿਆਰ ਕੀਤੀ ਜਾਂਦੀ ਹੈ, ਉਸ ਵਿੱਚ ਕਈ ਤਰ੍ਹਾਂ ਦਾ ਸਮਾਨ ਪਾਉਂਦੇ ਹਨ। ਜਿਸ ਵਿੱਚ ਬਦਾਮ, ਕਾਜੂ, ਦਾਖਾ, ਸੌਂਫ, ਗੁਲਾਬ ਦੇ ਪੱਤੇ ਅਤੇ ਹੋਰ ਕਾਫੀ ਸਮਾਨ ਪਾ ਕੇ ਤਿਆਰ ਕਰਦੇ ਹਨ, ਜੋ ਕਿ ਗਰਮੀਆਂ ਦੇ ਲਈ ਅੰਮ੍ਰਿਤ ਹੈ। ਉਹਨਾਂ ਕਿਹਾ ਕਿ ਸਾਡੇ ਗ੍ਰੰਥਾਂ ਦੇ ਵਿੱਚ ਵੀ ਇਸ ਦਾ ਜ਼ਿਕਰ ਹੈ, ਇਹ ਪਰੰਪਰਾ ਸ਼ੁਰੂ ਤੋਂ ਚੱਲੀ ਆ ਰਹੀ ਹੈ। ਸਿੱਖ ਕੌਮ ਅਜਿਹੀ ਸ਼ਰਦਾਈ ਤਿਆਰ ਕਰਕੇ ਗਰਮੀ ਦੇ ਵਿੱਚ ਪੀਂਦੀ ਹੈ।
ਕਈ ਬਿਮਾਰੀਆਂ ਤੋਂ ਮਿਲਦੀ ਹੈ ਰਾਹਤ: ਉਹਨਾਂ ਕਿਹਾ ਕਿ ਲੋਕ ਇਸ ਨੂੰ ਕਾਫੀ ਸ਼ੌਂਕ ਦੇ ਨਾਲ ਪੀਂਦੇ ਹਨ। ਗੁਰਦੇਵ ਸਿੰਘ ਨੇ ਕਿਹਾ ਕਿ ਕਈ ਲੋਕ ਉਹਨਾਂ ਕੋਲ ਮੁੜ-ਮੁੜ ਕੇ ਆਉਂਦੇ ਹਨ ਅਤੇ ਦੱਸਦੇ ਹਨ ਕਿ ਉਹਨਾਂ ਨੂੰ ਇਸ ਦੇ ਸੇਵਨ ਦੇ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਵੀ ਰਾਹਤ ਮਿਲੀ ਹੈ। ਉਹਨਾਂ ਕਿਹਾ ਕਿ ਇਹ ਸ਼ਰਦਾਈ ਉਹਨਾਂ ਵੱਲੋਂ ਖੁਦ ਤਿਆਰ ਕੀਤੀ ਜਾਂਦੀ ਹੈ ਅਤੇ ਫਿਰ ਲੋਕਾਂ ਨੂੰ ਪਲਾਈ ਜਾਂਦੀ ਹੈ।
ਇਹ ਇੱਕ ਚੰਗਾ ਡਰਿੰਕ ਵੀ ਹੈ, ਜਿਸ ਨਾਲ ਸਾਨੂੰ ਜਿਥੇ ਗਰਮੀ ਤੋਂ ਰਾਹਤ ਮਿਲਦੀ ਹੈ ਤਾਂ ਉਥੇ ਹੀ ਸਰੀਰ ਨੂੰ ਵੀ ਕਈ ਤਰ੍ਹਾਂ ਦੀ ਬੀਮਾਰੀਆਂ ਤੋਂ ਰਾਹਤ ਮਿਲਦੀ ਹੈ। ਪੰਜਾਬ ਦਾ ਨੌਜਵਾਨ ਨਸ਼ਿਆਂ ਵੱਲ ਵੱਧ ਰਿਹਾ ਹੈ, ਜਿਸ ਕਾਰਨ ਉਨ੍ਹਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਇਹ ਸ਼ਰਦਾਈ ਚੰਗੀ ਚੀਜ ਹੈ। ਇਸ ਦੇ ਨਾਲ ਹੀ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨ ਲਈ ਵੀ ਉਪਰਾਲਾ ਕੀਤਾ ਜਾ ਰਿਹਾ ਹੈ, ਜਿਸ ‘ਚ ਪੰਜ ਤੋਂ ਸੱਤ ਸਾਲ ਦਾ ਬੱਚਾ ਜੇਕਰ ਪਾਠ ਸੁਣਾਉਂਦਾ ਹੈ ਤਾਂ ਉਸ ਨੂੰ ਮੁਫ਼ਤ ਸ਼ਰਦਈ ਦਿੱਤੀ ਜਾਂਦੀ ਹੈ। ਅਸੀਂ ਕੁਝ ਦਿਨ ਪਹਿਲਾਂ ਹੀ ਇਸ ਨੂੰ ਸ਼ੁਰੂ ਕੀਤਾ ਹੈ ਤੇ ਲੋਕਾਂ ਦਾ ਚੰਗਾ ਹੁੰਗਾਰਾ ਮਿਲ ਰਿਹਾ ਹੈ।- ਗੁਰਦੇਵ ਸਿੰਘ
ਗੁਰਬਾਣੀ ਦਾ ਪ੍ਰਚਾਰ ਤੇ ਨਸ਼ਿਆਂ ਖਿਲਾਫ਼ ਜਾਗਰੂਕ: ਗੁਰਦੇਵ ਸਿੰਘ ਨੇ ਦੱਸਿਆ ਕਿ ਉਹ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਵੀ ਜਾਗਰੂਕ ਕਰਦੇ ਹਨ। ਉਹਨਾਂ ਕਿਹਾ ਅੱਜ ਕੱਲ ਨੌਜਵਾਨ ਪੀੜੀ ਨਸ਼ੇ ਦੀ ਗ੍ਰਿਫ਼ਤ ਦੇ ਵਿੱਚ ਫਸਦੀ ਜਾ ਰਹੀ ਹੈ। ਨਸ਼ੇ ਕਰਕੇ ਪੰਜਾਬ ਵੀ ਕਾਫੀ ਬਦਨਾਮ ਹੋ ਰਿਹਾ ਹੈ ਪਰ ਪੰਜਾਬ ਨੂੰ ਮੁੜ ਤੋਂ ਜੇਕਰ ਸਿੱਖੀ ਵੱਲ ਜੋੜਨਾ ਹੈ ਤਾਂ ਸਾਨੂੰ ਸਾਰਿਆਂ ਨੂੰ ਹੀ ਇੱਕਜੁੱਟ ਹੋ ਕੇ ਕੰਮ ਕਰਨਾ ਪਵੇਗਾ। ਉਹਨਾਂ ਕਿਹਾ ਕਿ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਜੋੜਨ ਲਈ ਉਹਨਾਂ ਵੱਲੋਂ ਕਦਮ ਚੁੱਕਿਆ ਗਿਆ ਹੈ ਕਿ ਉਹ ਬੱਚਿਆਂ ਨੂੰ ਮੁਫਤ ਦੇ ਵਿੱਚ ਸ਼ਰਦਾਈ ਪਿਲਾਉਂਦੇ ਹਨ, ਜੇਕਰ ਕੋਈ ਉਹਨਾਂ ਨੂੰ ਗੁਰਬਾਣੀ ਦਾ ਪਾਠ ਸੁਣਾਉਂਦਾ ਹੈ। ਗੁਰਦੇਵ ਸਿੰਘ ਨੇ ਕਿਹਾ ਕਿ ਇਹ ਪੰਜਾਬ ਦਾ ਪੁਰਾਤਨ ਵਿਰਸਾ ਹੈ, ਪੰਜਾਬ ਦਾ ਪੁਰਾਣਾ ਸੱਭਿਆਚਾਰ ਹੈ। ਸਾਡੀ ਕੌਮ ਦਾ ਇਹ ਸਰਮਾਇਆ ਹੈ, ਜਿਸ ਨੂੰ ਅਸੀਂ ਸਾਂਭ ਕੇ ਅੱਜ ਲੋਕਾਂ ਅੱਗੇ ਰੱਖ ਰਹੇ ਹਾਂ। ਉਹਨਾਂ ਕਿਹਾ ਕਿ ਸਿਰਫ ਉਹੀ ਨਹੀਂ ਸਗੋਂ ਪੰਜਾਬ ਦੇ ਵਿੱਚ ਕਈ ਥਾਵਾਂ 'ਤੇ ਅਜਿਹੀ ਸ਼ਰਦਾਈ ਲੋਕਾਂ ਨੂੰ ਗਰਮੀ ਤੋਂ ਬਚਾਉਣ ਲਈ ਪਲਾਈ ਜਾ ਰਹੀ ਹੈ ਕਿਉਂਕਿ ਇਸ ਵਾਰ ਗਰਮੀ ਦਾ ਪ੍ਰਕੋਪ ਵੀ ਜ਼ਿਆਦਾ ਹੈ।
- ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਜ਼ਿਲ੍ਹਾ ਪੁਲਿਸ ਮਾਨਸਾ ਨੇ ਕਰਵਾਇਆ ਵਾਲੀਬਾਲ ਟੂਰਨਾਮੈਂਟ - Mansa Police organized tournament
- ਨਸ਼ੇ ਦੇ ਦੈਂਤ ਨੇ ਹੱਸਦੇ ਵੱਸਦੇ ਘਰ 'ਚ ਵਿਛਾਏ ਸੱਥਰ, ਚਾਰ ਭੈਣਾਂ ਦੇ ਇਕਲੌਤੇ ਭਰਾ ਦੀ ਮੌਤ - Youth death with drug overdose
- ਪੰਜਾਬ ਦੇ 12 ਸੰਸਦ ਮੈਂਬਰਾਂ ਨੇ ਸਾਂਸਦ ਵਜੋਂ ਚੁੱਕੀ ਸਹੁੰ, ਖਡੂਰ ਸਾਹਿਬ ਤੋਂ ਸਾਂਸਦ ਅੰਮ੍ਰਿਤਪਾਲ ਨਹੀਂ ਹੋਏ ਸ਼ਾਮਲ - 12 MPs of Punjab took oath