ਲੁਧਿਆਣਾ: ਆਧਾਰ ਕਾਰਡ ਬਣਾਉਣ ਦਾ ਠੇਕਾ ਰੱਖਣ ਵਾਲੀ ਕੰਪਨੀ ਵੱਲੋਂ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਲੋਕਾਂ ਨੂੰ ਨੌਕਰੀ 'ਤੇ ਰੱਖਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀ ਠੱਗੀ ਕਰਨ ਦੇ ਇਲਜ਼ਾਮ ਲੱਗੇ ਹਨ। ਇਸ ਸਬੰਧ ਵਿੱਚ ਪੀੜਤਾਂ ਵੱਲੋਂ ਅੱਜ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਦਫਤਰ ਪਹੁੰਚ ਕੇ ਮੁਲਜ਼ਮ ਕੰਪਨੀ ਦੇ ਸੰਚਾਲਕਾਂ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਗਈ।
ਨੌਜਵਾਨਾਂ ਵਲੋਂ ਠੱਗੀ ਮਾਰਨ ਦਾ ਇਲਜ਼ਾਮ
ਇਸ ਮੌਕੇ ਪੀੜਤਾਂ ਨੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਕੰਪਨੀ ਪਹਿਲਾਂ ਰਾਜਸਥਾਨ 'ਚ ਵੀ ਕਈ ਲੋਕਾਂ ਦੇ ਨਾਲ ਠੱਗੀ ਮਾਰ ਕੇ ਆਈ ਹੈ। ਇਸ ਦੇ ਬਾਵਜੂਦ ਉਸ 'ਤੇ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ 'ਚ ਕਈ ਨੌਜਵਾਨਾਂ ਦੇ ਨਾਲ ਨੌਕਰੀ ਬਹਾਨੇ ਠੱਗੀ ਮਾਰੀ ਗਈ ਹੈ। ਪੀੜਤਾਂ ਨੇ ਇਲਜ਼ਾਮ ਲਗਾਇਆ ਕਿ ਆਧਾਰ ਕਾਰਡ ਬਣਾਉਣ ਦਾ ਠੇਕਾ ਰੱਖਣ ਵਾਲੀ ਕੰਪਨੀ ਵੱਲੋਂ ਉਹਨਾਂ ਨੂੰ ਨੌਕਰੀ 'ਤੇ ਰੱਖਣ ਦਾ ਝਾਂਸਾ ਦੇ ਕੇ ਕਰੀਬ 2-2 ਲੱਖ ਰੁਪਏ ਪ੍ਰਤੀ ਵਿਅਕਤੀ ਠੱਗੇ ਗਏ ਹਨ।
ਪੁਲਿਸ ਵਲੋਂ ਕਾਰਵਾਈ ਦਾ ਭਰੋਸਾ
ਉਹਨਾਂ ਨੇ ਦਾਅਵਾ ਕੀਤਾ ਕਿ ਪੰਜਾਬ ਦੇ ਨੌ ਜ਼ਿਲ੍ਹਿਆਂ ਵਿੱਚ ਲੱਗਭਗ 42 ਲੋਕਾਂ ਨਾਲ ਠੱਗੀ ਮਾਰੀ ਗਈ ਹੈ। ਜਿਨਾਂ ਵਿੱਚੋਂ ਇੱਕ ਦਰਜਨ ਦੇ ਕਰੀਬ ਲੋਕ ਇੱਥੇ ਆਪਣੀ ਸ਼ਿਕਾਇਤ ਲੈ ਕੇ ਪਹੁੰਚੇ ਹਨ। ਉਥੇ ਹੀ ਮਾਮਲੇ ਨੂੰ ਲੈ ਕੇ ਏਡੀਸੀਪੀ ਅਮਨਦੀਪ ਸਿੰਘ ਬਰਾੜ ਨੇ ਕਿਹਾ ਕਿ ਉਹਨਾਂ ਨੂੰ ਕੁਝ ਲੋਕ ਆ ਕੇ ਮਿਲੇ ਹਨ। ਹਾਲਾਂਕਿ ਇਸ ਸਬੰਧੀ ਲਿਖਤੀ ਤੌਰ 'ਤੇ ਸ਼ਿਕਾਇਤ ਨਹੀਂ ਮਿਲੀ ਹੈ। ਜਿਸ ਤੋਂ ਬਾਅਦ ਅਗਲੇਰੀ ਕਾਰਵਾਈ ਕੀਤੀ ਜਾਵੇਗੀ।