ਬਰਨਾਲਾ: ਲੋਕ ਸਭਾ ਹਲਕਾ ਸੰਗਰੂਰ ਅਧੀਨ ਬਰਨਾਲਾ ਦੇ ਪਿੰਡ ਹਮੀਦੀ ਵਿਖੇ ਲੋਕਾਂ ਵੱਲੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਤੇ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦਾ ਜ਼ਬਰਦਸਤ ਵਿਰੋਧ ਕੀਤਾ ਗਿਆ। ਮੰਤਰੀ ਮੀਤ ਹੇਅਰ ਤੇ ਵਿਧਾਇਕ ਪੰਡੋਰੀ ਦੇ ਪਿੰਡ ਪੁੱਜਣ ਦੀ ਭਣਕ ਪੈਂਦਿਆਂ ਹੀ ਵੱਡੀ ਗਿਣਤੀ 'ਚ ਔਰਤਾਂ ਤੇ ਨੌਜਵਾਨ ਕਾਲੀਆਂ ਝੰਡੀਆਂ ਤੇ ਪੱਗਾਂ ਤੇ ਕਾਲੀਆਂ ਪੱਟੀਆਂ ਬੰਨ ਕੇ ਸੱਥ 'ਚ ਪੁੱਜ ਗਏ। ਲੋਕਾਂ ਦੇ ਵਿਰੋਧ ਨੂੰ ਦੇਖਦਿਆ ਪੁਲਿਸ ਪ੍ਰਸ਼ਾਸਨ ਵੱਲੋਂ ਗੁਰਮੀਤ ਸਿੰਘ ਮੀਤ ਹੇਅਰ ਤੇ ਕੁਲਵੰਤ ਸਿੰਘ ਪੰਡੋਰੀ ਦਾ ਕਾਫਲਾ ਕੁਝ ਸਮੇਂ ਲਈ ਸੱਥ ਤੋਂ ਦੂਰ ਵੀ ਰੋਕੀ ਰੱਖਿਆ, ਪਰ ਨੌਜਵਾਨ ਮੰਤਰੀ ਨੂੰ ਸਵਾਲ ਜਵਾਬ ਕਰਨ ਲਈ ਅੜੇ ਰਹੇ। ਮੀਤ ਹੇਅਰ ਤੇ ਕੁਲਵੰਤ ਸਿੰਘ ਪੰਡੋਰੀ ਜਦੋਂ ਸੱਥ ਚ ਪੁੱਜੇ ਤਾਂ ਆਮ ਆਦਮੀ ਪਾਰਟੀ ਦੇ ਹੀ ਪੁਰਾਣੇ ਵਰਕਰ ਓਮਨਦੀਪ ਸਿੰਘ ਖਾਲਸਾ ਵੱਲੋਂ ਸਟੇਜ ਤੋਂ ਆਮ ਆਦਮੀ ਪਾਰਟੀ ਵੱਲੋਂ ਸਰਕਾਰ ਬਣਾਉਣ ਤੋਂ ਪਹਿਲਾਂ ਲੋਕਾਂ ਨਾਲ ਕੀਤੇ ਵਾਅਦੇ ਯਾਦ ਕਰਵਾਏ।
ਚਾਰ ਹਫਤਿਆਂ 'ਚ ਨਸ਼ਾ ਬੰਦ: ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਸਰਕਾਰ ਬਣਨ ਤੋਂ ਪਹਿਲਾਂ ਲੋਕਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋਈਆਂ ਬੇਅਦਬੀਆਂ ਦਾ ਇਨਸਾਫ, ਚਾਰ ਹਫਤਿਆਂ 'ਚ ਨਸ਼ਾ ਬੰਦ, ਚਿੱਟੇ ਦਾ ਵਪਾਰ ਕਰਨ ਵਾਲਿਆਂ ਨੂੰ ਜੇਲ੍ਹ 'ਚ ਬੰਦ ਸਮੇਤ ਕਈ ਤਰ੍ਹਾਂ ਦੇ ਵਾਅਦੇ ਕੀਤੇ ਗਏ ਸਨ। ਪਰ ਸਰਕਾਰ ਬਣਦਿਆਂ ਹੀ ਸਾਰੇ ਚੋਣ ਵਾਅਦੇ ਭੁਲਾ ਦਿੱਤੇ ਹਨ। ਚੋਣਾਂ ਤੋਂ ਪਹਿਲਾਂ ਬਿਕਰਮਜੀਤ ਸਿੰਘ ਮਜੀਠੀਏ ਨੂੰ ਸਰਕਾਰ ਬਣਦਿਆਂ ਹੀ ਜੇਲ੍ਹ ਭੇਜਣ ਵਾਲੇ ਅਰਵਿੰਦ ਕੇਜਰੀਵਾਲ ਬਾਅਦ ਵਿੱਚ ਮਜੀਠੀਆ ਤੋਂ ਮਾਫੀ ਮੰਗ ਗਏ। ਉਨ੍ਹਾਂ ਕਿਹਾ ਕਿ ਪੰਜਾਬ 'ਚ ਅਜੇ ਵੀ ਚਿੱਟਾ ਵਿਕ ਰਿਹਾ ਹੈ। ਨਸ਼ਾ ਤਸਕਰਾਂ ਦੀ ਬਜਾਏ ਨਸ਼ਿਆਂ ਦਾ ਵਿਰੋਧ ਕਰਨ ਵਾਲਿਆਂ ਤੇ ਪਰਚੇ ਦਿੱਤੇ ਜਾ ਰਹੇ ਹਨ। ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੂੰ ਐਨਐਸਏ ਲਾ ਕੇ ਜੇਲ੍ਹ ਭੇਜਣ ਦਿੱਤਾ ਹੈ, ਅਜੇ ਤੱਕ ਗੁਰੂ ਸਾਹਿਬ ਜੀ ਦੀਆਂ ਹੋਈਆਂ ਬੇਅਦਬੀਆਂ ਦਾ ਕੋਈ ਇਨਸਾਫ ਨਹੀਂ ਮਿਲਿਆ, ਜਦੋਂ ਕਿ ਬੇਅਦਬੀਆਂ ਲਈ ਇਨਸਾਫ ਦੀ ਗੱਲ ਕਰਨ ਵਾਲੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਸਰਕਾਰ 'ਚ ਕੋਈ ਪੁੱਛ ਪ੍ਰਤੀਤ ਨਹੀਂ।
ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਲੋਕਾਂ ਦੇ ਕੰਮ-ਕਾਰ ਕੀਤੇ: ਇਸ ਮੌਕੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਕਿਹਾ ਉਹ ਹਲਕੇ ਦੇ ਲੋਕਾਂ ਦੇ ਧੰਨਵਾਦੀ ਹਨ ਜਿਨ੍ਹਾਂ ਨੇ ਉਨਾਂ ਨੂੰ ਦੂਜੀ ਵਾਰ ਵਿਧਾਇਕ ਬਣਾਇਆ ਹੈ। ਉਨ੍ਹਾਂ ਨੇ ਹਮੇਸ਼ਾ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਲੋਕਾਂ ਦੇ ਕੰਮ-ਕਾਰ ਕੀਤੇ ਹਨ। ਗੁਰਮੀਤ ਸਿੰਘ ਮੀਤ ਤੇ ਹੇਅਰ ਨੇ ਕਿਹਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਨੇ ਸਿਰਫ ਦੋ ਸਾਲਾਂ 'ਚ ਬਹੁਤ ਕੰਮ ਕੀਤੇ ਹਨ। ਸਰਕਾਰ ਨੇ ਨੌਜਵਾਨਾਂ ਨੂੰ ਰੁਜ਼ਗਾਰ ਤੇ ਵਿਕਾਸ ਕਾਰਜਾਂ ਨੂੰ ਪਹਿਲ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅਜੇ ਸਰਕਾਰ ਦਾ ਤਿੰਨ ਸਾਲ ਦਾ ਸਮਾਂ ਬਾਕੀ, ਲੋਕਾਂ ਨਾਲ ਕੀਤੇ ਵਾਅਦੇ ਇੱਕ-ਇੱਕ ਕਰਕੇ ਪੂਰੇ ਕੀਤੇ ਜਾਣਗੇ।
ਸਰਕਾਰ ਖਿਲਾਫ ਜਬਰਦਸਤ ਨਾਅਰੇਬਾਜ਼ੀ: ਇਸ ਸੰਬੋਧਨ ਕਰਨ ਉਪਰੰਤ ਜਿਵੇਂ ਹੀ ਗੁਰਮੀਤ ਸਿੰਘ ਮੀਤ ਹੇਅਰ ਤੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦਾ ਕਾਫਲਾ ਅਗਲੇ ਪਿੰਡ ਲਈ ਰਵਾਨਾ ਹੋਣ ਲੱਗਾ ਤਾਂ ਲੋਕਾਂ ਵੱਲੋਂ ਪੰਜਾਬ ਸਰਕਾਰ ਖਿਲਾਫ ਜਬਰਦਸਤ ਨਾਅਰੇਬਾਜ਼ੀ ਕਰਕੇ ਆਪਣਾ ਗੁੱਸਾ ਜ਼ਾਹਰ ਕੱਢਿਆ। ਨੌਜਵਾਨਾਂ ਦਾ ਕਹਿਣਾ ਸੀ, ਮੁੱਖ ਮੰਤਰੀ ਪਹਿਲਾਂ ਲੀਡਰਾਂ ਨੂੰ ਸਵਾਲ ਕਰਨ ਲਈ ਕਹਿੰਦੇ ਸਨ, ਪਰ ਹੁਣ ਜੇਕਰ ਕੋਈ ਸਰਕਾਰ ਨੂੰ ਸਵਾਲ ਕਰਦਾ ਹੈ ਤਾਂ ਉਸ ਦੀ ਆਵਾਜ਼ ਨੂੰ ਡੰਡੇ ਦੇ ਜ਼ੋਰ ਨਾਲ ਦਬਾਇਆ ਜਾਂਦਾ ਹੈ।
- ਲੁਧਿਆਣਾ ਤੋਂ ਲਖਨਊ ਜਾ ਰਹੀ ਟ੍ਰੇਨ ਵਿੱਚ ਮਹਿਲਾ ਨੇ ਸਮਰਾਲਾ ਨੇੜੇ ਦਿੱਤਾ ਬੱਚੇ ਨੂੰ ਜਨਮ - woman birth child in train
- ਕਾਂਗਰਸੀ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੇ ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ 'ਤੇ ਕੱਸਿਆ ਤੰਜ, ਕਿਹਾ- ਲੋਕਾਂ ਨੂੰ ਸੁਪਨੇ ਵੇਚ ਰਹੇ - Lok Sabha Elections
- ਬੈਂਸ ਭਰਾਵਾਂ ਦੇ ਕਾਂਗਰਸ 'ਚ ਸ਼ਾਮਿਲ ਹੋਣ ਨਾਲ ਬਦਲਣਗੇ ਲੁਧਿਆਣਾ ਦੇ ਸਿਆਸੀ ਸਮੀਕਰਨ ! - ਵਿਸ਼ੇਸ਼ ਰਿਪੋਰਟ - Lok Sabha Election 2024