ਅੰਮ੍ਰਿਤਸਰ: ਪੰਜਾਬ ਵਿੱਚ ਲਗਾਤਾਰ ਲੁੱਟ-ਖੋਹ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਉਥੇ ਹੀ ਅੰਮ੍ਰਿਤਸਰ ਵਿੱਚ ਇੱਕ ਇਸ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਵਿੱਚ ਇੱਕ ਵਿਅਕਤੀ ਦਲੀਪ ਕੁਮਾਰ ਜੋ ਕਿ ਕਿਸੇ ਕਾਰਨ ਜੰਮੂ ਕਸ਼ਮੀਰ ਗਿਆ ਹੋਇਆ ਸੀ ਤਾਂ ਪਿੱਛੋਂ ਉਸ ਦੇ ਘਰ ਵਿੱਚ ਚੋਰੀ ਹੋ ਜਾਂਦੀ ਹੈ। ਇਸ ਚੋਰੀ ਵਿੱਚ ਨਕਦੀ ਸਣੇ ਉਸ ਦਾ ਸਾਰਾ ਸਮਾਨ ਚੋਰ ਲੁੱਟ ਕੇ ਫਰਾਰ ਹੋ ਗਿਆ ਸੀ। ਉਥੇ ਹੀ ਇਸ ਮਾਮਲੇ 'ਚ ਅੰਮ੍ਰਿਤਸਰ ਪੁਲਿਸ ਨੂੰ ਸਫ਼ਲਤਾ ਮਿਲੀ ਤੇ ਕੁਝ ਘੰਟਿਆਂ 'ਚ ਹੀ ਲੁੱਟ ਦੇ ਸਮਾਨ ਸਣੇ ਚੋਰ ਅਤੇ ਉਸ ਦੇ ਸਾਥੀ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ।
ਨੌਜਵਾਨ ਨੇ ਗੁਆਂਢ ‘ਚ ਮਾਰਿਆ ਡਾਕਾ
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀ ਪ੍ਰਵੇਸ਼ ਚੋਪੜਾ ਨੇ ਦੱਸਿਆ ਕਿ ਦਲੀਪ ਕੁਮਾਰ ਦੇ ਘਰ ਇਸ ਚੋਰੀ ਨੂੰ ਅੰਜ਼ਾਮ ਦੇਣ ਵਾਲੇ ਚੋਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ ਨਾਲ ਹੀ ਪੁਲਿਸ ਨੇ ਚੋਰੀ ਕੀਤਾ ਸਮਾਨ ਵੀ ਬਰਾਮਦ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਚੋਰ ਨੇ ਚੋਰੀ ਤੋਂ ਬਾਅਦ ਜਿਸ ਵਿਅਕਤੀ ਕੋਲ ਸਮਾਨ ਰੱਖਿਆ ਸੀ, ਉਸ ਨੂੰ ਵੀ ਕਾਬੂ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੇ ਜਲਦ ਹੀ ਅਮੀਰ ਬਣਨ ਦੇ ਚਾਅ 'ਚ ਇਸ ਵਾਰਦਾਤ ਨੂੰ ਬੜੀ ਹੁਸ਼ਿਆਰੀ ਨਾਲ ਅੰਜ਼ਾਮ ਦਿੱਤਾ ਸੀ ਪਰ ਪੁਲਿਸ ਵਲੋਂ ਬਰੀਕੀ ਨਾਲ ਕੀਤੀ ਜਾਂਚ 'ਚ ਸਾਰਾ ਸੱਚ ਸਾਹਮਣੇ ਆ ਗਿਆ ਤੇ ਮੁਲਜ਼ਮ ਨੇ ਚੋਰੀ ਦੀ ਗੱਲ ਕਬੂਲ ਵੀ ਕਰ ਲਈ ਹੈ।
ਜਲਦੀ ਅਮੀਰ ਬਣਨ ਦੇ ਚੱਕਰ 'ਚ ਵਾਰਦਾਤ
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦਲੀਪ ਸਿੰਘ ਨੇ ਸ਼ਿਕਾਇਤ ਕੀਤੀ ਸੀ ਕਿ ਉਹ 4 ਤਰੀਕ ਨੂੰ ਜੰਮੂ ਗਏ ਸੀ ਤੇ 7 ਤਰੀਕ ਨੂੰ ਜਦੋਂ ਵਾਪਸ ਆਏ ਤਾਂ ਉਨ੍ਹਾਂ ਨੇ ਦੇਖਿਆ ਕਿ ਘਰੋਂ ਨਕਦੀ, ਸੋਨਾ ਤੇ ਚਾਂਦੀ ਦੀ ਚੋਰੀ ਹੋ ਗਈ ਹੈ। ਜਿਸ 'ਤੇ ਪੁਲਿਸ ਨੇ ਕਾਰਵਾਈ ਕਰਦਿਆਂ ਉਨ੍ਹਾਂ ਦੇ ਗੁਆਂਢੀ ਮੁਲਜ਼ਮ ਵਿਕਰਮ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੇ ਵਾਰਦਾਤ ਕਰਨ ਤੋਂ ਬਾਅਦ ਚੋਰੀ ਦਾ ਸਮਾਨ ਪਠਾਨਕੋਟ ਰਹਿੰਦੇ ਆਪਣੇ ਰਿਸ਼ਤੇਦਾਰ ਕਮਲ ਕਿਸ਼ੋਰ ਦੇ ਘਰ ਸਮਾਨ ਰੱਖ ਦਿੱਤਾ।
ਚੋਰੀ ਦੇ ਸਮਾਨ ਸਣੇ ਮੁਲਜ਼ਮ ਕਾਬੂ
ਉਨ੍ਹਾਂ ਦੱਸਿਆ ਕਿ ਪੁਲਿਸ ਨੇ ਦੋਵਾਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ ਤੇ ਚੋਰੀ ਦਾ ਸਮਾਨ ਵੀ ਬਰਾਮਦ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਸੋਨਾ ਤੇ ਚਾਂਦੀ ਤਾਂ ਪੂਰੀ ਹੈ ਪਰ ਮੁਲਜ਼ਮਾਂ ਨੇ ਪੈਸੇ ਖਰਚ ਲਏ ਹਨ, ਜਿਸ ਕਾਰਨ ਉਨ੍ਹਾਂ ਦੀ ਘੱਟ ਬਰਾਮਦਗੀ ਹੋਈ ਹੈ। ਉਨ੍ਹਾਂ ਕਿਹਾ ਕਿ ਇੰਨ੍ਹਾਂ ਮੁਲਜ਼ਮਾਂ ਖਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ ਤੇ ਇਹ ਪਤਾ ਲਗਾਇਆ ਜਾ ਰਿਹਾ ਕਿ ਪੰਜਾਬ 'ਚ ਇੰਨ੍ਹਾਂ ਕਿਸੇ ਹੋਰ ਵਾਰਦਾਤ ਨੂੰ ਅੰਜ਼ਾਮ ਤਾਂ ਨਹੀਂ ਦਿੱਤਾ।