ਅੰਮ੍ਰਿਤਸਰ: ਅੱਜ ਚੋਣ ਕਮਿਸ਼ਨਰ ਵੱਲੋਂ ਲੋਕ ਸਭਾ ਚੋਣਾਂ ਦੀ ਤਾਰੀਕ ਦਾ ਐਲਾਨ ਕੀਤਾ ਗਿਆ, ਜਿਸ ਵਿੱਚ ਉਹਨਾਂ ਦੱਸਿਆ ਕਿ ਪੰਜਾਬ ਵਿੱਚ 1 ਜੂਨ ਨੂੰ ਚੋਣਾਂ ਕਰਵਾਈਆਂ ਜਾਣਗੀਆਂ ਅਤੇ 4 ਜੂਨ ਨੂੰ ਨਤੀਜੇ ਐਲਾਨੇ ਜਾਣਗੇ। ਲੋਕ ਸਭਾ ਚੋਣਾਂ ਨੂੰ ਲੈ ਕੇ ਅੰਮ੍ਰਿਤਸਰ ਦੇ ਵਸਨੀਕਾਂ ਵਿੱਚ ਕਾਫੀ ਉਤਸ਼ਾਹ ਵੇਖਣ ਨੂੰ ਮਿਲਿਆ। ਕਈ ਸਟੂਡੈਂਟ ਪਹਿਲੀ ਵਾਰ ਆਪਣੀ ਵੋਟ ਦਾ ਇਸਤੇਮਾਲ ਕਰਨਗੇ, ਜਿਸ ਨੂੰ ਲੈ ਕੇ ਉਹਨਾਂ ਦੇ ਮਨਾਂ ਵਿੱਚ ਵੀ ਵੋਟ ਪਾਉਣ ਨੂੰ ਲੈ ਕੇ ਕਾਫੀ ਉਤਾਸ਼ਹ ਵੇਖਣ ਨੂੰ ਮਿਲ ਰਿਹਾ ਹੈ। ਲੋਕ ਸਭਾ ਚੋਣਾਂ ਨੂੰ ਲੈ ਕੇ ਅੱਜ ਅੰਮ੍ਰਿਤਸਰ ਦੇ ਵਸਨੀਕਾਂ ਨਾਲ ਵਿਸ਼ੇਸ਼ ਗੱਲਬਾਤ ਕੀਤੀ ਗਈ।
ਅੰਮ੍ਰਿਤਸਰ ਦੇ ਵਸਨੀਕਾਂ ਦਾ ਕਹਿਣਾ ਹੈ ਕਿ ਉਹ ਸਿਰਫ ਇਮਾਨਦਾਰ ਸਰਕਾਰ ਚਾਹੁੰਦੇ ਹਨ। ਉਹ ਚਾਹੁੰਦੇ ਹਨ ਕਿ ਅੰਮ੍ਰਿਤਸਾਰ ਤੋਂ ਜੋ ਵੀ ਉਮੀਦਵਾਰ ਜਿੱਤੇ ਉਹ ਸਿਰਫ ਇਮਾਨਦਾਰ ਹੋਵੇ। ਉਹਨਾਂ ਦਾ ਕਹਿਣਾ ਹੈ ਕਿ ਉਮੀਦਵਾਰ ਆਮ ਲੋਕਾਂ ਨਾਲ ਜੋ ਚੋਣਾਂ ਤੋਂ ਪਹਿਲਾਂ ਵਾਅਦੇ ਕਰਦੇ ਹਨ, ਉਹਨਾਂ ਨੂੰ ਪੂਰੇ ਕਰਨੇ ਚਾਹੀਦੇ ਹੈ, ਜੋ ਗਰੰਟੀਆਂ ਦਿੱਤੀਆਂ ਜਾਂਦੀਆਂ ਹਨ, ਉਹ ਪੂਰੀਆਂ ਕਰਨੀਆਂ ਚਾਹੀਦੀਆਂ ਹਨ। ਉਹਨਾਂ ਨੂੰ ਇਮਾਨਦਾਰ ਉਮੀਦਵਾਰ ਅਤੇ ਸਾਂਸਦ ਚਾਹੀਦਾ ਹੈ, ਜੋ ਆਪਣੇ ਸ਼ਹਿਰ ਦੇ ਮੁੱਦੇ ਸੰਸਦ ਤੱਕ ਪਹੁੰਚਾ ਸਕੇ। ਉਹਨਾਂ ਅੱਗੇ ਕਿਹਾ ਕਿ ਅੰਮ੍ਰਿਤਸਰ ਦੇ ਵਾਸੀਆਂ ਦੀ ਇੱਕ ਬਦਨਸੀਬੀ ਹੈ ਕਿ ਅੰਮ੍ਰਿਤਸਰ ਦਾ ਜਿਹੜਾ ਵੀ ਸਾਂਸਦ ਬਣਦਾ ਹੈ ਉਹ ਕੇਂਦਰ ਸਰਕਾਰ ਤੋਂ ਉਲਟ ਬਣਦਾ ਹੈ ਜਿਸ ਕਰਕੇ ਅੰਮ੍ਰਿਤਸਰ ਦੇ ਵਾਸੀਆਂ ਨੂੰ ਇਸ ਦਾ ਖਮਿਆਜਾ ਭੁਗਤਣਾ ਪੈਂਦਾ ਹੈ।
ਇਸ ਮੌਕੇ ਸ਼ਹਿਰ ਦੇ ਵਪਾਰੀਆਂ ਨੇ ਦੱਸਿਆ ਕਿ ਅੰਮ੍ਰਿਤਸਰ ਇੱਕ ਸਰਹੱਦੀ ਇਲਾਕਾ ਹੈ, ਜੋ ਸਹੂਲਤਾਂ ਸਰਹੱਦੀ ਇਲਾਕੇ ਨੂੰ ਮਿਲਣੀਆਂ ਚਾਹੀਦੀਆਂ ਹੈ, ਉਹ ਸਹੂਲਤਾਂ ਅੱਜ ਤੱਕ ਨਹੀਂ ਮਿਲੀਆਂ। ਉਹਨਾਂ ਕਿਹਾ ਕਿ ਅੱਜ ਤੱਕ ਕਿਸੇ ਵੀ ਸਾਂਸਦ ਨੇ ਅੰਮ੍ਰਿਤਸਰ ਦੀ ਕਾਇਆ ਕਲਪ ਨਹੀਂ ਕੀਤੀ ਗਈ। ਉਹਨਾਂ ਕਿਹਾ ਕਿ ਕੋਈ ਵੀ ਉਮੀਦਵਾਰ ਹੋਵੇ ਪਰ ਅੰਮ੍ਰਿਤਸਰ ਸ਼ਹਿਰ ਦਾ ਹੋਵੇ ਤਾਂ ਜੋ ਕਿ ਅੰਮ੍ਰਿਤਸਰ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਮਝਦਾ ਹੋਵੇ ਅਤੇ ਉਹਨਾਂ ਦੇ ਦੁੱਖ ਤਕਲੀਫ ਵਿੱਚ ਸ਼ਾਮਿਲ ਹੋਣ ਵਾਲਾ ਹੋਵੇ। ਉਹਨਾਂ ਕਿਹਾ ਕਿ ਪੰਜਾਬ ਵਿੱਚ ਬੇਰੁਜ਼ਗਾਰੀ ਤੇ ਨਸ਼ਾ ਸਭ ਤੋਂ ਵੱਡਾ ਮੁੱਦਾ ਬਣ ਕੇ ਰਿਹ ਗਿਆ ਹੈ, ਜਿਸ ਦੇ ਕਾਰਨ ਕਈ ਨੌਜਵਾਨ ਵਿਦੇਸ਼ਾਂ ਨੂੰ ਰੁੱਖ ਕਰ ਰਹੇ ਹਨ ਤੇ ਕਈ ਨੌਜਵਾਨ ਨਸ਼ੇ ਦੇ ਵਿੱਚ ਡੁੱਬਦੇ ਜਾ ਰਹੇ ਹਨ। ਉਹਨਾਂ ਕਿਹਾ ਕਿ ਅੰਮ੍ਰਿਤਸਰ ਤੋਂ ਲੋਕ ਸਭਾ ਦਾ ਜਿਹੜਾ ਵੀ ਉਮੀਦਵਾਰ ਜਿੱਤਦਾ ਹੈ, ਉਹ ਸਭ ਤੋਂ ਪਹਿਲਾਂ ਨਸ਼ੇ ਨੂੰ ਖਤਮ ਕਰੇ ਅਤੇ ਅੰਮ੍ਰਿਤਸਰ ਵਿੱਚ ਇੰਡਸਟਰੀ ਲੈ ਕੇ ਆਵੇ ਤਾਂ ਜੋ ਬੇਰੋਜ਼ਗਾਰੀ ਦੂਰ ਹੋ ਸਕੇ।