ਬਿਆਸ (ਅੰਮ੍ਰਿਤਸਰ): ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਕਿਸਾਨਾਂ ਦਾ ਮਾਝੇ ਜੋਨ ਦਾ ਇੱਕ ਵੱਡਾ ਕਾਫਲਾ ਵੱਖ-ਵੱਖ ਵਾਹਨਾਂ ਉੱਤੇ ਸਵਾਰ ਹੋ ਕੇ ਸ਼ੰਭੂ ਬਾਰਡਰ ਮੋਰਚੇ ਦੇ ਵਿੱਚ ਸ਼ਿਰਕਤ ਕਰਨ ਦੇ ਲਈ ਬਿਆਸ ਦਰਿਆ ਨੇੜੇ ਟੀ ਪੁਆਇੰਟ ਤੋਂ ਬਾਅਦ ਦੁਪਹਿਰ ਰਵਾਨਾ ਹੋਇਆ। ਇਸ ਦੌਰਾਨ ਕਿਸਾਨ ਟਰੈਕਟਰ ਟਰਾਲੀਆਂ, ਜੀਪਾਂ, ਕਾਰਾਂ, ਵੈਨ ਆਦਿ ਉੱਤੇ ਸਵਾਰ ਹੋ ਕੇ ਸ਼ੰਭੂ ਬਾਰਡਰ ਲਈ ਰਵਾਨਾ ਹੋਏ।।
ਇਸ ਦੌਰਾਨ ਗੱਲਬਾਤ ਕਰਦੇ ਹੋਏ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਆਗੂ ਹਰਪ੍ਰੀਤ ਸਿੰਘ ਸਿੱਧਵਾਂ ਨੇ ਕਿਹਾ ਕਿ ਅੱਜ ਤਰਨ ਤਾਰਨ ਅਤੇ ਅੰਮ੍ਰਿਤਸਰ ਜਿਲ੍ਹੇ ਨਾਲ ਸੰਬੰਧਿਤ ਕਿਸਾਨਾਂ ਦਾ ਕਾਫਲਾ ਸ਼ੰਭੂ ਬਾਰਡਰ ਦੇ ਉੱਤੇ ਚੱਲ ਰਹੇ ਮੋਰਚੇ ਵਿੱਚ ਸ਼ਾਮਿਲ ਹੋਣ ਦੇ ਲਈ ਰਵਾਨਾ ਹੋਣ ਕਿਸਾਨਾਂ ਦਾ ਕਾਫਲਾ ਸ਼ੰਭੂ ਬਾਰਡਰ ਦੇ ਉੱਤੇ ਚੱਲ ਰਹੇ ਮੋਰਚੇ ਵਿੱਚ ਸ਼ਾਮਿਲ ਹੋਣ ਦੇ ਲਈ ਰਵਾਨਾ ਹੋਣ ਜਾ ਰਵਾਨਾ ਹੋਇਆ ਹੈ।
ਉਹਨਾਂ ਕਿਹਾ ਕਿ ਕਿਸਾਨ ਬੀਤੇ 16 ਦਿਨਾਂ ਤੋਂ ਦਿੱਲੀ ਕੂਚ ਕਰਨ ਦੇ ਲਈ ਹਰਿਆਣੇ ਦੇ ਬਾਰਡਰ ਉੱਤੇ ਲਗਾਈਆਂ ਰੋਕਾਂ ਮੂਹਰੇ ਡੱਟ ਕੇ ਖੜੇ ਹੋਏ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਦਿੱਲੀ ਕੂਚ ਕਰ ਰਹੇ ਕਿਸਾਨਾਂ ਦੇ ਉੱਤੇ ਕੇਂਦਰ ਸਰਕਾਰ ਵੱਲੋਂ ਉਹਨਾਂ ਨੂੰ ਰੋਕਣ ਦੇ ਲਈ ਲਗਾਤਾਰ ਤਸ਼ੱਦਦ ਢਾਇਆ ਗਿਆ ਜੋ ਕਿ ਸਾਬਤ ਕਰਦਾ ਹੈ ਕਿ ਦੇਸ਼ ਦਾ ਰਾਜਾ ਕਿਸਾਨਾਂ ਤੋਂ ਡਰਿਆ ਹੋਇਆ ਹੈ। ਉਹਨਾਂ ਕਿਹਾ ਕਿ ਆਪਣੀਆਂ ਮੰਗਾਂ ਨੂੰ ਲੈ ਕੇ ਸ਼ਾਂਤਮਈ ਪ੍ਰਦਰਸ਼ਨ ਕਰਨਾ ਹਰ ਇੱਕ ਦਾ ਜਮਹੂਰੀ ਹੱਕ ਹੈ ਅਤੇ ਕਿਸਾਨ ਆਪਣੀਆਂ ਹੱਕੀ ਮੰਗਾਂ ਦੇ ਲਈ ਸ਼ਾਂਤਮਈ ਢੰਗ ਦੇ ਨਾਲ ਪ੍ਰਦਰਸ਼ਨ ਕਰ ਰਹੇ ਹਨ।
ਸਿੱਧਵਾਂ ਨੇ ਕਿਹਾ ਕਿ ਕੱਲ੍ਹ ਦੀ ਮੀਟਿੰਗ ਤੋਂ ਕਿਸਾਨਾਂ ਨੂੰ ਕਾਫੀ ਉਮੀਦਾਂ ਹਨ ਅਤੇ ਅਸੀਂ ਮੰਨਦੇ ਹਾਂ ਕਿ ਗੱਲਬਾਤ ਦੇ ਨਾਲ ਹਰ ਇੱਕ ਮਸਲੇ ਦਾ ਹੱਲ ਨਿਕਲ ਸਕਦਾ ਹੈ। ਉਹਨਾਂ ਕਿਹਾ ਕਿ ਅਸੀਂ ਵੀ ਨਹੀਂ ਚਾਹੁੰਦੇ ਕਿ ਅਸੀਂ ਉੱਥੇ ਜਾ ਕੇ ਬੈਠੇ ਰਹੀਏ ਅਸੀਂ ਚਾਹੁੰਦੇ ਹਾਂ ਕਿ ਸਰਕਾਰ ਕਿਸਾਨਾਂ ਦੀਆਂ ਫਸਲਾਂ ਦਾ ਘੱਟੋ-ਘੱਟ ਸਮਰਥਨ ਮੁੱਲ ਉਹਨਾਂ ਨੂੰ ਦੇਵੇ ਤਾਂ ਜੋ ਕਿਸਾਨ ਵੀ ਆਪਣੇ ਖੇਤਾਂ ਵਿੱਚ ਵਾਪਸ ਆਣ ਕੇ ਆਪਣਾ ਕੰਮਕਾਜ ਸਾਂਭ ਸਕਣ।
ਸਿੱਧਵਾਂ ਨੇ ਕਿਹਾ ਕਿ ਕੇਂਦਰ ਸਰਕਾਰ ਇਹ ਭੁੱਲ ਜਾਵੇ ਕਿ ਸ਼ਾਇਦ ਕਿਸਾਨਾਂ ਨੂੰ ਦਬਾਇਆ ਜਾ ਸਕਦਾ ਹੈ, ਅਜਿਹਾ ਬਿਲਕੁਲ ਨਹੀਂ ਹੋ ਸਕਦਾ ਜਿੰਨੀ ਦੇਰ ਤੱਕ ਕੇਂਦਰ ਸਰਕਾਰ ਕਿਸਾਨਾਂ ਨੂੰ ਉਹਨਾਂ ਦੇ ਹੱਕ ਨਹੀਂ ਦਿੰਦੀ ਉਨੀ ਦੇਰ ਤੱਕ ਕਿਸਾਨ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਇੰਝ ਹੀ ਬੈਠੇ ਰਹਿਣਗੇ ਫਿਰ ਚਾਹੇ ਛੇ ਮਹੀਨੇ ਲੱਗਣ ਜਾਂ ਫਿਰ ਸਾਲ ਪਰ ਕਿਸਾਨ ਆਪਣੇ ਹੱਕ ਲੈਣ ਦੇ ਲਈ ਇਦਾਂ ਹੀ ਡਟੇ ਰਹਿਣਗੇ ਤੇ ਇਦਾਂ ਹੀ ਸਮੇਂ ਸਮੇਂ ਦੇ ਉੱਤੇ ਮੋਰਚੇ ਵਿੱਚ ਸ਼ਾਮਿਲ ਹੋਣ ਦੇ ਲਈ ਜੱਥੇ ਜਾਂਦੇ ਰਹਿਣਗੇ ਅਤੇ ਉੱਥੇ ਸਮਾਂ ਬਿਤਾ ਚੁੱਕੇ ਕਿਸਾਨ ਵਾਪਸ ਆਉਂਦੇ ਵੀ ਰਹਿਣਗੇ। ਉਹਨਾਂ ਕਿਹਾ ਕਿ ਕਿਸਾਨਾਂ ਦੀ ਜਥਿਆਂ ਦੀ ਇਹ ਅਦਲਾ ਬਦਲੀ ਜਾਰੀ ਰਹੇਗੀ ਜਿੰਨੀ ਦੇਰ ਤੱਕ ਮੋਰਚਾ ਚਾਲੂ ਰਹੇਗਾ ਉਨੀ ਦੇਰ ਕਿਸਾਨ ਡੱਟ ਕੇ ਇਸ ਮੋਰਚੇ ਦੇ ਵਿੱਚ ਸ਼ਿਰਕਤ ਕਰਨਗੇ।