ਅੰਮ੍ਰਿਤਸਰ: ਧੀਆਂ ਸਿਰ ਦਾ ਤਾਜ ਅਤੇ ਮਾਪਿਆਂ ਦਾ ਮਾਣ ਹੁੰਦੀਆਂ ਹਨ ਅਤੇ ਇਹ ਧੀਆਂ ਨੇ ਸਾਬਿਤ ਕਰ ਦਿਖਾਇਆ ਹੈ। ਇਸ ਦੀ ਤਾਜ਼ਾ ਮਿਸਾਲ ਬੀਤੇ ਦਿਨੀਂ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਨਵਾਂ ਤਨੇਲ ਦੀ ਵਸਨੀਕ ਇੱਕ ਧੀ ਵੱਲੋਂ ਦਸਵੀਂ ਕਲਾਸ ਦੇ ਨਤੀਜਿਆਂ ਵਿੱਚ ਪੰਜਾਬ ਭਰ ਤੋਂ ਤੀਜਾ ਸਥਾਨ ਅਤੇ ਅੱਜ ਅੱਠਵੀਂ ਕਲਾਸ ਦੇ ਨਤੀਜਿਆਂ ਵਿੱਚੋਂ ਪੰਜਾਬ ਭਰ ਦੇ ਵਿੱਚੋਂ ਦੂਜਾ ਸਥਾਨ ਲੈ ਕੇ ਗੁਰਲੀਨ ਕੌਰ ਨੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ ਹੈ।
8ਵੀਂ ਦੀ ਵਿਦਿਆਰਥਣ ਨੇ ਪੰਜਾਬ ਭਰ 'ਚ ਹਾਸਿਲ ਕੀਤਾ ਦੂਜਾ ਸਥਾਨ: ਜ਼ਿਕਰ ਯੋਗ ਹੈ ਕੀ ਅੱਜ ਪੰਜਾਬ ਭਰ ਵਿੱਚ ਪੰਜਾਬ ਸਿੱਖਿਆ ਬੋਰਡ ਵਿਭਾਗ ਵੱਲੋਂ 8ਵੀਂ ਤੇ 12ਵੀਂ ਜਮਾਤ ਦੇ ਨਤੀਜੇ ਐਲਾਨੇ ਗਏ। ਇਸ ਮੌਕੇ ਅੰਮ੍ਰਿਤਸਰ ਵਿੱਚ ਅੱਠਵੀਂ ਜਮਾਤ ਦੀ ਇੱਕ ਹੋਣਹਾਰ ਲੜਕੀ ਗੁਰਲੀਨ ਕੌਰ ਨੇ ਪੰਜਾਬ ਭਰ ਵਿੱਚ ਦੂਜਾ ਸਥਾਨ ਹਾਸਿਲ ਕੀਤਾ ਹੈ। ਉੱਥੇ ਹੀ, ਇਸ ਮੌਕੇ ਸਕੂਲ ਤੇ ਪਰਿਵਾਰ ਵਿੱਚ ਕਾਫੀ ਖੁਸ਼ੀ ਦਾ ਮਾਹੌਲ ਵੇਖਣ ਨੂੰ ਮਿਲਿਆ। ਸਕੂਲ ਵਿੱਚ ਅਧਿਆਪਿਕਾ ਵਲੋਂ ਵਿਦਿਆਰਥਣਾਂ ਨੂੰ ਫੁੱਲਾਂ ਦਾ ਹਾਰ ਪਾ ਕੇ ਢੋਲ-ਢੱਮਕੇ ਨਾਲ ਖੁਸ਼ੀ ਮਨਾਈ ਗਈ। ਗੁਰਲੀਨ ਕੌਰ ਦੇ ਸਕੂਲ ਨਿਊ ਫਲਾਵਰ ਪਬਲਿਕ ਸੀਨੀਅਰ ਸੈਕਡਰੀ ਸਕੂਲ ਵਿੱਚ ਪਹੁੰਚੇ ਇਨ੍ਹਾਂ ਬੱਚੀਆਂ ਦੇ ਮਾਪੇ ਵੀ ਬੇਹਦ ਖੁਸ਼ ਨਜ਼ਰ ਆਏ।
ਅਧਿਆਪਿਕਾਂ ਤੇ ਪਰਿਵਾਰ ਦਾ ਸਾਥ: ਇਸ ਮੌਕੇ ਪੰਜਾਬ ਵਿੱਚ ਦੂਜਾ ਸਥਾਨ ਹਾਸਿਲ ਕਰਨ ਵਾਲੀ ਵਿਦਿਆਰਥਣ ਗੁਰਲੀਨ ਕੌਰ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸ ਨੂੰ ਬਹੁਤ ਜਿਆਦਾ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਉਸ ਨੇ ਪੰਜਾਬ ਵਿੱਚ ਦੂਜਾ ਸਥਾਨ ਹਾਸਿਲ ਕੀਤਾ ਹੈ। ਉਸ ਨੇ ਕਿਹਾ ਕਿ ਮੇਰੇ ਅਧਿਆਪਿਕਾਂ ਦਾ ਮੈਨੂੰ ਬਹੁਤ ਸਹਿਯੋਗ ਰਿਹਾ, ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਮੈਨੂੰ ਪੜਾਇਆ- ਲਿਖਾਇਆ ਅਤੇ ਅੱਜ ਇਸ ਕਾਬਿਲ ਬਣਾਇਆ ਹੈ ਕਿ ਉਸ ਨੇ ਸਕੂਲ ਤੇ ਮਾਂਪਿਆ ਦਾ ਨਾਮ ਰੌਸ਼ਨ ਕੀਤਾ ਹੈ। ਗੁਰਲੀਨ ਕੌਰ ਨੇ ਦੱਸਿਆ ਕਿ ਉਹ ਵੱਡੀ ਹੋ ਕੇ ਡਾਕਟਰ ਬਣਨਾ ਚਾਹੁੰਦੀ ਹੈ।
ਦੂਜੇ ਪਾਸੇ, 12ਵੀਂ ਚੋਂ ਚੰਗੇ ਨੰਬਰਾਂ ਨਾਲ ਪਾਸ ਹੋਈ ਵਿਦਿਆਰਥਣ ਅਰਸ਼ਦੀਪ ਕੌਰ ਨੇ ਕਿਹਾ ਕਿ ਉਹ ਤੇ ਉਸ ਦੇ ਅਧਿਆਪਿਕ-ਪਰਿਵਾਰ ਸਾਰੇ ਬਹੁਤ ਖੁਸ਼ ਹਨ। ਅਰਸ਼ਦੀਪ ਨੇ ਕਿਹਾ ਕਿ ਉਹ ਵੱਡੀ ਹੋ ਕੇ ਸੀਏ ਬਣਨਾ ਚਾਹੁੰਦੀ ਹੈ।
ਮੈਰਿਟ ਲਿਸਟ ਰਹੇ 6 ਵਿਦਿਆਰਥੀ: ਉੱਥੇ ਹੀ, ਸਕੂਲ ਦੀ ਪ੍ਰਿੰਸੀਪਲ ਨੇ ਕਿਹਾ ਕਿ ਸਾਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਕਿ ਉਨ੍ਹਾਂ ਦੀ ਸਕੂਲ ਦੀ ਗੁਰਲੀਨ ਕੌਰ ਨੇ ਪੰਜਾਬ ਭਰ ਵਿੱਚ ਦੂਜਾ ਸਥਾਨ ਹਾਸਿਲ ਕੀਤਾ ਹੈ ਤੇ ਉਨ੍ਹਾਂ ਦੇ ਸਕੂਲ 5 ਹੋਰ ਸਟੂਡੈਂਟਸ ਨੇ ਮੈਰਿਟ ਲਿਸਟ ਵਿੱਚ ਸਥਾਨ ਹਾਸਿਲ ਕੀਤਾ ਹੈ। ਉਨ੍ਹਾਂ ਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਕਿ ਉਨ੍ਹਾਂ ਦੇ ਸਕੂਲ ਦੇ ਬੱਚੇ ਅੱਜ ਪੰਜਾਬ ਭਰ ਵਿੱਚ ਉਨ੍ਹਾਂ ਦੇ ਸਕੂਲ ਦਾ ਨਾਂਅ ਰੋਸ਼ਨ ਕਰ ਰਹੇ ਹਨ। ਉੱਥੇ ਹੀ, ਸਕੂਲ ਦੇ ਚੇਅਰਮੈਨ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਾਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਕਿ ਸਾਡੇ ਸਕੂਲ ਦੇ ਬੱਚਿਆਂ ਨੇ ਪੰਜਾਬ ਭਰ ਵਿੱਚ ਚੰਗੇ ਨੰਬਰ ਲਿਆਂਦੇ ਹਨ ਤੇ ਸਾਡੇ ਸਕੂਲ ਦਾ ਨਾਂ ਰੋਸ਼ਨ ਕੀਤਾ ਹੈ।