ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਯੂਥ ਆਗੂ ਵਿਕਰਮਜੀਤ ਸਿੰਘ ਉਰਫ਼ ਵਿੱਕੀ ਮਿੱਡੂਖੇੜਾ ਦਾ ਚਾਰ ਸਾਲ ਪਹਿਲਾਂ ਮੁਹਾਲੀ ਵਿਖੇ ਦਿਨ ਦਿਹਾੜੇ ਗੈਂਗਸਟਰਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਇਸ ਮਾਮਲੇ ਵਿੱਚ ਮੁਹਾਲੀ ਜ਼ਿਲ੍ਹਾ ਅਦਾਲਤ ਨੇ ਤਿੰਨ ਗੈਂਗਸਟਰਾਂ ਨੂੰ ਕਤਲ ਅਤੇ ਅਸਲਾ ਐਕਟ ਤਹਿਤ ਦੋਸ਼ੀ ਕਰਾਰ ਦਿੱਤਾ ਹੈ। ਜਦਕਿ 3 ਮੁਲਜ਼ਮ ਸਬੂਤਾਂ ਦੀ ਘਾਟ ਕਾਰਨ ਅਦਾਲਤ ਵਲੋਂ ਬਰੀ ਕਰ ਦਿੱਤੇ ਗਏ।
ਤਿੰਨ ਦੋਸ਼ੀਆਂ ਨੂੰ ਹੋਵੇਗੀ ਸਜ਼ਾ
ਵਿੱਕੀ ਮਿੱਡੂਖੇੜਾ ਕਤਲ ਮਾਮਲੇ ਦੇ ਦੋਸ਼ੀਆਂ ਵਿੱਚ ਅਜੈ ਉਰਫ਼ ਸੰਨੀ ਉਰਫ਼ ਲੈਫਟੀ, ਸੱਜਣ ਉਰਫ਼ ਭੋਲੂ ਅਤੇ ਅਨਿਲ ਲਾਠ ਦੇ ਨਾਮ ਸ਼ਾਮਲ ਹਨ। ਦੋਸ਼ੀਆਂ ਨੂੰ ਸੋਮਵਾਰ ਯਾਨੀ ਕਿ 27 ਜਨਵਰੀ ਨੂੰ ਅਦਾਲਤ ਵੱਲੋਂ ਸਜ਼ਾ ਸੁਣਾਈ ਜਾਵੇਗੀ। ਜਦੋਂ ਕਿ ਇਸ ਮਾਮਲੇ 'ਚ ਗੈਂਗਸਟਰ ਭੂਪੀ ਰਾਣਾ, ਅਮਿਤ ਡਾਗਰ ਅਤੇ ਕੌਸ਼ਲ ਚੌਧਰੀ ਨੂੰ ਸਬੂਤਾਂ ਦੀ ਘਾਟ ਦੇ ਚੱਲਦਿਆਂ ਅਦਾਲਤ ਨੇ ਬਰੀ ਕਰ ਦਿੱਤਾ ਹੈ।
ਚਾਰ ਸਾਲ ਪਹਿਲਾਂ ਹੋਇਆ ਸੀ ਕਤਲ
ਜ਼ਿਕਰਯੋਗ ਹੈ ਕਿ ਵਿੱਕੀ ਮਿੱਡੁਖੇੜਾ ਦਾ ਕਤਲ 4 ਸਾਲ ਪਹਿਲਾਂ 7 ਅਗਸਤ 2021 ਨੂੰ ਮੁਹਾਲੀ ਦੇ ਸੈਕਟਰ-70 ਵਿੱਚ ਹੋਇਆ ਸੀ ਜਦੋਂ ਉਹ ਆਪਣੇ ਪ੍ਰਾਪਰਟੀ ਡੀਲਰ ਦੋਸਤ ਕੋਲ ਗਿਆ ਸੀ। ਇਸ ਦੌਰਾਨ ਜਿਵੇਂ ਹੀ ਉਹ ਦਫ਼ਤਰ ਤੋਂ ਬਾਹਰ ਨਿਕਲਿਆ ਤਾਂ ਉੱਥੇ ਪਹਿਲਾਂ ਤੋਂ ਮੌਜੂਦ ਗੈਂਗਸਟਰਾਂ ਨੇ ਉਸ 'ਤੇ ਤਾਬੜਤੌੜ ਗੋਲੀਆਂ ਚਲਾ ਦਿੱਤੀਆਂ। ਇਸ ਗੋਲੀਬਾਰੀ ਦੌਰਾਨ ਵਿੱਕੀ ਨੇ ਭੱਜਣ ਦੀ ਬਹੁਤ ਕੋਸ਼ਿਸ਼ ਵੀ ਕੀਤੀ ਸੀ ਪਰ ਉਹ ਆਪਣੇ ਆਪ ਨੂੰ ਹਮਲਾਵਰਾਂ ਤੋਂ ਬਚਾਅ ਨਾ ਸਕਿਆ। ਇਸ ਪੂਰੇ ਮਾਮਲੇ ਦੀਆਂ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਸਨ, ਜਿਸ ਵਿੱਚ ਹਮਲਾਵਰ ਉਸ ਦਾ ਪਿੱਛਾ ਕਰਦੇ ਨਜ਼ਰ ਆ ਰਹੇ ਸਨ।
- ਵਿੱਕੀ ਮਿੱਡੂਖੇੜਾ ਕਤਲ ਮਾਮਲੇ ’ਚ ਲਾਰੇਂਸ ਬਿਸ਼ਨੋਈ ਨੇ ਦਿੱਤੀ ਧਮਕੀ, ਕਿਹਾ...
- ਅਕਾਲੀ ਆਗੂ ਕਤਲ ਮਾਮਲਾ: ਇਸ ਗਰੁੱਪ ਨੇ ਲਈ ਜ਼ਿੰਮੇਵਾਰੀ - ਅਕਾਲੀ ਆਗੂ ਕਤਲ ਮਾਮਲਾ
ਹਮਲਾਵਰਾਂ ਨੇ ਕੁੱਲ 20 ਗੋਲੀਆਂ ਚਲਾਈਆਂ ਸਨ, ਜਿਨ੍ਹਾਂ 'ਚੋਂ 9 ਗੋਲੀਆਂ ਵਿੱਕੀ ਨੂੰ ਲੱਗੀਆਂ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ। ਕਤਲ ਤੋਂ ਅਗਲੇ ਦਿਨ, ਬੰਬੀਹਾ ਗੈਂਗ ਨੇ ਘਟਨਾ ਦੀ ਜ਼ਿੰਮੇਵਾਰੀ ਲਈ ਸੀ। ਸ਼ੁਰੂਆਤੀ ਜਾਂਚ ਵਿੱਚ ਬੰਬੀਹਾ ਗੈਂਗ ਚਲਾਉਣ ਵਾਲੇ ਲੱਕੀ ਪਟਿਆਲ ਦਾ ਨਾਮ ਸਾਹਮਣੇ ਆਇਆ ਸੀ। ਦੋਵੇਂ ਗਿਰੋਹ ਇੱਕ ਦੂਜੇ ਦੇ ਵਿਰੋਧੀ ਹਨ। ਜ਼ਿਕਰਯੋਗ ਹੈ ਕਿ ਵਿੱਕੀ ਦਾ ਕਤਲ ਲੰਬੇ ਸਮੇਂ ਤੱਕ ਇੱਕ ਪਹੇਲੀ ਬਣਿਆ ਸੀ। ਇਸ ਤੋਂ ਬਾਅਦ ਮੁਹਾਲੀ ਪੁਲਿਸ ਦਿੱਲੀ ਦੀ ਤਿਹਾੜ ਜੇਲ੍ਹ ਸਮੇਤ ਕਈ ਥਾਵਾਂ ਤੋਂ ਲੱਗਭਗ 26 ਗੈਂਗਸਟਰਾਂ ਨੂੰ ਪੁੱਛਗਿੱਛ ਲਈ ਮੁਹਾਲੀ ਲੈ ਕੇ ਆਈ ਸੀ। ਗੈਂਗਸਟਰਾਂ ਤੋਂ ਆਹਮੋ-ਸਾਹਮਣੇ ਪੁੱਛਗਿੱਛ ਕੀਤੀ ਗਈ ਪਰ ਫਿਰ ਵੀ ਕੋਈ ਸੁਰਾਗ ਨਹੀਂ ਮਿਲਿਆ।