ਰਾਜਕੋਟ: ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੇ ਸਕੱਤਰ ਜੈ ਸ਼ਾਹ ਨੇ ਪੁਸ਼ਟੀ ਕੀਤੀ ਹੈ ਕਿ ਰਾਹੁਲ ਦ੍ਰਾਵਿੜ ਇਸ ਸਾਲ ਜੂਨ ਵਿੱਚ ਹੋਣ ਵਾਲੇ ਟੀ-20 ਵਿਸ਼ਵ ਕੱਪ ਤੱਕ ਭਾਰਤ ਦੇ ਮੁੱਖ ਕੋਚ ਬਣੇ ਰਹਿਣਗੇ। ਦ੍ਰਾਵਿੜ ਦਾ ਇਕਰਾਰਨਾਮਾ ਪਿਛਲੇ ਸਾਲ ਵਨਡੇ ਵਿਸ਼ਵ ਕੱਪ ਤੋਂ ਬਾਅਦ ਖਤਮ ਹੋ ਗਿਆ ਸੀ ਪਰ ਆਪਣਾ ਕਾਰਜਕਾਲ ਫਿਕਸ ਕੀਤੇ ਬਿਨਾਂ ਉਨ੍ਹਾਂ ਨੂੰ ਦਸੰਬਰ-ਜਨਵਰੀ 'ਚ ਦੱਖਣੀ ਅਫਰੀਕਾ ਦੇ ਦੌਰੇ ਤੱਕ ਆਪਣੇ ਸਹਾਇਕ ਸਟਾਫ ਦੇ ਨਾਲ ਅਹੁਦੇ 'ਤੇ ਬਣੇ ਰਹਿਣ ਲਈ ਕਿਹਾ ਗਿਆ ਸੀ। ਸ਼ਾਹ ਨੇ ਕਿਹਾ ਕਿ ਉਨ੍ਹਾਂ ਨੇ ਵੈਸਟਇੰਡੀਜ਼ ਅਤੇ ਅਮਰੀਕਾ 'ਚ ਹੋਣ ਵਾਲੇ ਟੀ-20 ਵਿਸ਼ਵ ਕੱਪ ਤੱਕ ਦ੍ਰਾਵਿੜ ਨੂੰ ਮੁੱਖ ਕੋਚ ਬਣਾਏ ਰੱਖਣ ਦਾ ਫੈਸਲਾ ਕਰਨ ਤੋਂ ਪਹਿਲਾਂ ਸਾਬਕਾ ਕਪਤਾਨ ਨਾਲ ਗੱਲ ਕੀਤੀ ਸੀ।
ਇਸ ਸਬੰਧੀ ਜੈ ਸ਼ਾਹ ਨੇ ਬੁੱਧਵਾਰ ਨੂੰ ਇੱਥੇ ਇਕ ਪ੍ਰੋਗਰਾਮ ਦੌਰਾਨ ਕਿਹਾ, 'ਵਿਸ਼ਵ ਕੱਪ ਤੋਂ ਬਾਅਦ ਰਾਹੁਲ ਭਾਈ ਨੂੰ ਤੁਰੰਤ ਦੱਖਣੀ ਅਫਰੀਕਾ ਦੌਰੇ 'ਤੇ ਜਾਣਾ ਪਿਆ। ਇਸ ਦੌਰਾਨ ਸਾਡੀ ਮੁਲਾਕਾਤ ਨਹੀਂ ਹੋ ਸਕੀ, ਜੋ ਆਖਰਕਾਰ ਅੱਜ ਸੰਭਵ ਹੋ ਗਈ। ਰਾਹੁਲ ਦ੍ਰਾਵਿੜ ਵਰਗੇ ਸੀਨੀਅਰ ਵਿਅਕਤੀ ਦੇ ਇਕਰਾਰਨਾਮੇ ਨੂੰ ਲੈ ਕੇ ਤੁਸੀਂ ਕਿਉਂ ਚਿੰਤਤ ਹੋ? ਉਹ ਟੀ-20 ਵਿਸ਼ਵ ਕੱਪ 'ਚ ਵੀ ਕੋਚ ਬਣੇ ਰਹਿਣਗੇ।'
ਉਨ੍ਹਾਂ ਨੇ ਅੱਗੇ ਕਿਹਾ, ਜਦੋਂ ਵੀ ਮੈਨੂੰ ਸਮਾਂ ਮਿਲੇਗਾ, ਮੈਂ ਉਨ੍ਹਾਂ ਨਾਲ ਗੱਲ ਕਰਾਂਗਾ। ਇਸ ਸਮੇਂ ਲਗਾਤਾਰ ਸੀਰੀਜ਼ ਹੋ ਰਹੀਆਂ ਹਨ। ਪਹਿਲਾਂ ਉਹ ਦੱਖਣੀ ਅਫਰੀਕਾ 'ਚ ਸਨ ਅਤੇ ਫਿਰ ਅਫਗਾਨਿਸਤਾਨ ਖਿਲਾਫ ਸੀਰੀਜ਼ ਸੀ ਅਤੇ ਹੁਣ ਅਸੀਂ ਇੰਗਲੈਂਡ ਖਿਲਾਫ ਖੇਡ ਰਹੇ ਹਾਂ। ਇਸ ਦੌਰਾਨ ਸਾਡੀ ਕੋਈ ਗੱਲਬਾਤ ਨਹੀਂ ਹੋਈ। ਸ਼ਾਹ ਨੇ ਹਾਲਾਂਕਿ ਸੰਕੇਤ ਦਿੱਤਾ ਕਿ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਉਨ੍ਹਾਂ ਵਿਚਾਲੇ ਕੁਝ ਦੌਰ ਦੀ ਗੱਲਬਾਤ ਹੋਵੇਗੀ। ਤੁਹਾਨੂੰ ਦੱਸ ਦਈਏ ਕਿ ਟੀ-20 ਵਿਸ਼ਵ ਕੱਪ 2024 ਵੈਸਟਇੰਡੀਜ਼ ਅਤੇ ਸੰਯੁਕਤ ਰਾਜ ਅਮਰੀਕਾ (ਯੂਐਸਏ) ਵਿੱਚ ਆਯੋਜਿਤ ਹੋਣ ਜਾ ਰਿਹਾ ਹੈ। ਇਸ ਵਿਸ਼ਵ ਕੱਪ ਵਿੱਚ ਟੀਮ ਇੰਡੀਆ ਨੂੰ ਇੱਕ ਅਜਿਹੀ ਟੀਮ ਵਜੋਂ ਦੇਖਿਆ ਜਾ ਰਿਹਾ ਹੈ ਜੋ ਟਰਾਫੀ ਦੀ ਹੱਕਦਾਰ ਹੈ।