ਨਵੀਂ ਦਿੱਲੀ: ਪਾਕਿਸਤਾਨ 'ਚ ਅਗਲੇ ਸਾਲ ਹੋਣ ਵਾਲੀ ਚੈਂਪੀਅਨਸ ਟਰਾਫੀ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਦੀ ਟੀਮ ਆਉਣ ਵਾਲੇ ਹਫਤਿਆਂ 'ਚ ਪਾਕਿਸਤਾਨ ਦਾ ਦੌਰਾ ਕਰਨ ਜਾ ਰਹੀ ਹੈ। ਸਪੋਰਟਸ ਟਾਕ ਦੀ ਰਿਪੋਰਟ ਦੇ ਅਨੁਸਾਰ, ਤਿਆਰੀਆਂ ਅਤੇ ਹੋਰ ਮਹੱਤਵਪੂਰਨ ਪਹਿਲੂਆਂ ਦਾ ਨਿਰੀਖਣ ਕਰਨ ਲਈ ਆਈਸੀਸੀ ਟੀਮ ਅਗਲੇ ਕੁਝ ਦਿਨਾਂ (ਵੱਧ ਤੋਂ ਵੱਧ 10 ਦਿਨਾਂ ਦੇ ਅੰਦਰ) ਪਾਕਿਸਤਾਨ ਪਹੁੰਚ ਸਕਦੀ ਹੈ।
ਦੌਰੇ ਤੋਂ ਬਾਅਦ, ਕ੍ਰਿਕਟ ਦੀ ਸਰਵਉੱਚ ਸੰਸਥਾ ਟੂਰਨਾਮੈਂਟ ਦੇ ਪ੍ਰੋਗਰਾਮ ਅਤੇ ਟਿਕਟਾਂ ਦੀ ਵਿਕਰੀ ਦਾ ਐਲਾਨ ਕਰ ਸਕਦੀ ਹੈ। ਇਸ ਸਾਲ ਦੇ ਸ਼ੁਰੂ ਵਿੱਚ, ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਨੇ ਤਿੰਨ ਸਟੇਡੀਅਮਾਂ - ਲਾਹੌਰ ਦੇ ਗੱਦਾਫੀ ਸਟੇਡੀਅਮ, ਕਰਾਚੀ ਵਿੱਚ ਨੈਸ਼ਨਲ ਸਟੇਡੀਅਮ ਅਤੇ ਰਾਵਲਪਿੰਡੀ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ - ਨੂੰ ਅਪਗ੍ਰੇਡ ਕਰਨ ਲਈ 12.80 ਬਿਲੀਅਨ ਰੁਪਏ ਦਾ ਬਜਟ ਰੱਖਿਆ ਸੀ, ਜਿੱਥੇ ਇਹ ਟੂਰਨਾਮੈਂਟ ਖੇਡਿਆ ਜਾਵੇਗਾ।
ਹਾਲਾਂਕਿ, ਟੂਰਨਾਮੈਂਟ ਵਿੱਚ ਭਾਰਤ ਦੀ ਭਾਗੀਦਾਰੀ ਅਜੇ ਤੈਅ ਨਹੀਂ ਹੈ, ਕਿਉਂਕਿ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਇਸ ਬਾਰੇ ਕੇਂਦਰ ਸਰਕਾਰ ਦੇ ਨਿਰਦੇਸ਼ਾਂ ਦੀ ਉਡੀਕ ਕਰ ਰਿਹਾ ਹੈ। ਇਸ ਦੌਰਾਨ ਪੀਸੀਬੀ ਦੇ ਚੇਅਰਮੈਨ ਮੋਹਸਿਨ ਨਕਵੀ ਨੇ ਕਿਹਾ ਹੈ ਕਿ ਉਹ ਬੀਸੀਸੀਆਈ ਦੇ ਸੰਪਰਕ ਵਿੱਚ ਹਨ ਅਤੇ ਭਾਰਤ ਦੀ ਭਾਗੀਦਾਰੀ ਨੂੰ ਲੈ ਕੇ ਗੱਲਬਾਤ ਚੱਲ ਰਹੀ ਹੈ।
ਜੀਓ ਨਿਊਜ਼ ਨੇ ਨਕਵੀ ਦੇ ਹਵਾਲੇ ਨਾਲ ਕਿਹਾ, 'ਚੈਂਪੀਅਨਜ਼ ਟਰਾਫੀ ਪਾਕਿਸਤਾਨ 'ਚ ਹੋਵੇਗੀ ਅਤੇ ਅਸੀਂ ਟੂਰਨਾਮੈਂਟ 'ਚ ਹਿੱਸਾ ਲੈਣ ਵਾਲੀਆਂ ਸਾਰੀਆਂ ਟੀਮਾਂ ਦੇ ਬੋਰਡਾਂ ਦੇ ਸੰਪਰਕ 'ਚ ਹਾਂ। ਅਸੀਂ ਜੈ ਸ਼ਾਹ ਦੇ ਸੰਪਰਕ ਵਿੱਚ ਹਾਂ ਅਤੇ ਉਨ੍ਹਾਂ ਨੂੰ ਆਈਸੀਸੀ ਚੇਅਰਮੈਨ ਬਣਨ ਨਾਲ ਕੋਈ ਸਮੱਸਿਆ ਨਹੀਂ ਹੈ। 8 ਅਤੇ 9 ਸਤੰਬਰ ਨੂੰ ਏਸ਼ੀਅਨ ਕ੍ਰਿਕਟ ਕੌਂਸਲ (ਏ. ਸੀ. ਸੀ.) ਦੀ ਬੈਠਕ ਹੋਵੇਗੀ, ਜਿਸ 'ਚ ਸਲਮਾਨ ਨਾਸਿਰ ਸ਼ਿਰਕਤ ਕਰਨਗੇ। ਇਸ ਮੀਟਿੰਗ ਵਿੱਚ ਨਵੇਂ ਪ੍ਰਧਾਨ ਨਾਲ ਸਬੰਧਤ ਮਾਮਲੇ ਤੈਅ ਕੀਤੇ ਜਾਣਗੇ।
- ਭਾਰਤੀ ਹਾਕੀ ਟੀਮ ਨੇ ਏਸ਼ੀਆਈ ਚੈਂਪੀਅਨਸ ਟਰਾਫੀ 'ਚ ਕੀਤਾ ਧਮਾਕਾ, ਜਪਾਨ ਨੂੰ 5-1 ਨਾਲ ਹਰਾਇਆ, ਅਭਿਸ਼ੇਕ ਰਹੇ ਜਿੱਤ ਦੇ ਹੀਰੋ - India vs Japan Hockey
- ਦਲੀਪ ਟਰਾਫੀ 'ਚ ਧਮਾਕੇਦਾਰ ਪ੍ਰਦਰਸ਼ਨ ਲਈ 2 ਖਿਡਾਰੀਆਂ ਨੂੰ ਮਿਲਿਆ ਇਨਾਮ, ਟੀਮ ਇੰਡੀਆ 'ਚ ਐਂਟਰੀ - IND vs BAN Test
- ਜ਼ਬਰਦਸਤ ਪ੍ਰਦਰਸ਼ਨ ਦੇ ਬਾਵਜੂਦ ਤਿੰਨ ਕ੍ਰਿਕਟ ਖਿਡਾਰੀਆਂ ਨੂੰ ਨਹੀਂ ਮਿਲਿਆ ਟੈੱਸਟ ਟੀਮ 'ਚ ਮੌਕਾ, ਚੋਣਕਾਰਾਂ 'ਤੇ ਉੱਠ ਰਹੇ ਸਵਾਲ - IND vs BAN Test Series
ਪਿਛਲੇ ਮਹੀਨੇ ਬੀਸੀਸੀਆਈ ਸਕੱਤਰ ਜੈ ਸ਼ਾਹ ਆਈਸੀਸੀ ਦੇ ਨਵੇਂ ਚੇਅਰਮੈਨ ਬਣੇ ਹਨ, ਜਿਸ ਕਾਰਨ ਉਨ੍ਹਾਂ ਨੂੰ ਏਸੀਸੀ ਅਤੇ ਬੀਸੀਸੀਆਈ ਵਿੱਚ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣਾ ਪਵੇਗਾ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਭਾਰਤ ਨੇ ਏਸ਼ੀਆ ਕੱਪ ਲਈ ਪਾਕਿਸਤਾਨ ਜਾਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਉਨ੍ਹਾਂ ਦੇ ਮੈਚ ਕੋਲੰਬੋ, ਸ਼੍ਰੀਲੰਕਾ 'ਚ ਖੇਡੇ ਗਏ ਸਨ, ਜਦਕਿ ਬਾਕੀ ਟੂਰਨਾਮੈਂਟ ਪਾਕਿਸਤਾਨ 'ਚ ਹੋਇਆ ਸੀ।