ਨਵੀਂ ਦਿੱਲੀ: ਖੱਬੇ ਹੱਥ ਦੇ ਸਾਬਕਾ ਆਸਟ੍ਰੇਲੀਆਈ ਕ੍ਰਿਕਟਰ ਡੇਵਿਡ ਵਾਰਨਰ 'ਤੇ ਲਾਈਫ ਟਾਈਮ ਲੀਡਰਸ਼ਿਪ ਪਾਬੰਦੀ ਹਟਾ ਲਈ ਗਈ ਹੈ। ਵਾਰਨਰ 'ਤੇ ਇਹ ਪਾਬੰਦੀ 2018 'ਚ ਬਾਲ ਟੈਂਪਰਿੰਗ ਦੇ ਦੋਸ਼ ਲੱਗਣ ਤੋਂ ਬਾਅਦ ਲਗਾਈ ਗਈ ਸੀ। ਇਸ ਪਾਬੰਦੀ ਦੇ ਕਾਰਨ ਵਾਰਨਰ ਕਿਸੇ ਵੀ ਸਮੇਂ ਅਤੇ ਕਿਸੇ ਵੀ ਟੂਰਨਾਮੈਂਟ ਵਿੱਚ ਆਸਟਰੇਲੀਆ ਅਤੇ ਲੀਗ ਮੈਚਾਂ ਵਿੱਚ ਟੀਮ ਦੀ ਕਪਤਾਨੀ ਨਹੀਂ ਕਰ ਸਕੇ ਸਨ। ਇਸ ਪਾਬੰਦੀ ਦੇ ਹਟਣ ਤੋਂ ਬਾਅਦ ਉਨ੍ਹਾਂ ਦੀ ਕਪਤਾਨੀ ਦਾ ਰਸਤਾ ਸਾਫ਼ ਹੋ ਗਿਆ ਹੈ।
ਹੁਣ 37 ਸਾਲਾ ਵਾਰਨਰ ਨੇ ਆਪਣਾ ਕੇਸ ਤਿੰਨ ਮੈਂਬਰੀ ਪੈਨਲ ਦੇ ਸਾਹਮਣੇ ਪੇਸ਼ ਕੀਤਾ, ਜਿਸ ਨੇ ਪਾਇਆ ਕਿ ਉਹ ਪਾਬੰਦੀ ਹਟਾਉਣ ਲਈ ਸਾਰੇ ਮਾਪਦੰਡਾਂ ਨੂੰ ਪੂਰਾ ਕਰਦੇ ਹਨ। ਪੈਨਲ ਨੇ ਵਾਰਨਰ ਦੇ ਸਤਿਕਾਰਯੋਗ ਅਤੇ ਪਛਤਾਵੇ ਭਰੇ ਲਹਿਜੇ ਅਤੇ ਉਨ੍ਹਾਂ ਦੇ ਕੰਮਾਂ ਲਈ ਜ਼ਿੰਮੇਵਾਰੀ ਨੂੰ ਸਵੀਕਾਰ ਕਰਨ 'ਤੇ ਧਿਆਨ ਦਿੱਤਾ।
ਵਾਰਨਰ ਫਿਲਹਾਲ ਅੰਤਰਰਾਸ਼ਟਰੀ ਕ੍ਰਿਕਟ ਨਹੀਂ ਖੇਡ ਰਹੇ ਹਨ। ਹੁਣ ਇਹ ਪਾਬੰਦੀ ਹਟਣ ਤੋਂ ਬਾਅਦ ਉਹ ਆਪਣੀ ਬਿਗ ਬੈਸ਼ ਲੀਗ ਟੀਮ ਸਿਡਨੀ ਥੰਡਰ ਦੀ ਅਗਵਾਈ ਦੀ ਭੂਮਿਕਾ ਨਿਭਾ ਸਕਦੇ ਹਨ। ਕ੍ਰਿਕਟ ਆਸਟਰੇਲੀਆ ਦੇ ਮੁਖੀ ਨਿਕ ਹਾਕਲੇ ਨੇ ਕਿਹਾ, 'ਮੈਨੂੰ ਖੁਸ਼ੀ ਹੈ ਕਿ ਡੇਵਿਡ ਨੇ ਆਪਣੇ ਪਾਬੰਦੀ ਦੀ ਸਮੀਖਿਆ ਕਰਨ ਲਈ ਚੁਣਿਆ ਹੈ ਅਤੇ ਉਹ ਇਸ ਗਰਮੀਆਂ ਵਿੱਚ ਆਸਟਰੇਲੀਆਈ ਕ੍ਰਿਕਟ ਵਿੱਚ ਲੀਡਰਸ਼ਿਪ ਦੀ ਭੂਮਿਕਾ ਨਿਭਾਉਣ ਦੇ ਯੋਗ ਹੋ ਜਾਣਗੇ'।
ਕੀ ਸੀ ਸਾਰਾ ਵਿਵਾਦ
ਦਰਅਸਲ, ਸਾਲ 2018 'ਚ ਆਸਟ੍ਰੇਲੀਆਈ ਕ੍ਰਿਕਟ ਟੀਮ ਦੱਖਣੀ ਅਫ਼ਰੀਕਾ ਦੇ ਦੌਰੇ 'ਤੇ ਗਈ ਸੀ। ਉੱਥੇ ਹੀ ਕਪਤਾਨ ਸਟੀਵ ਸਮਿਥ ਅਤੇ ਕੈਮਰਨ ਬੈਨਕ੍ਰਾਫਟ ਦੇ ਨਾਲ ਵਾਰਨਰ ਨੇ ਗੇਂਦਰ ਨੂੰ ਪਿੰਨ ਨਾਲ ਰਗੜ ਕੇ ਉਸ ਦੀ ਸਤ੍ਹਾ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਸੀ, ਤਾਂ ਕਿ ਗੇਂਦਬਾਜ਼ਾਂ ਨੂੰ ਮੈਚ 'ਚ ਫਾਇਦਾ ਮਿਲ ਸਕੇ। ਹਾਲਾਂਕਿ ਇਸ ਤੋਂ ਬਾਅਦ ਕਾਫੀ ਵਿਵਾਦ ਵੀ ਦੇਖਣ ਨੂੰ ਮਿਲਿਆ।
ਵਾਰਨਰ 2018 ਦੇ ਸੈਂਡਪੇਪਰ-ਗੇਟ ਸਕੈਂਡਲ ਵਿੱਚ ਇੱਕ ਕੇਂਦਰੀ ਸ਼ਖਸੀਅਤ ਸੀ, ਜਿੰਨ੍ਹਾਂ ਨੇ ਉਸ ਸਮੇਂ ਦੇ ਕਪਤਾਨ ਸਟੀਵ ਸਮਿਥ ਅਤੇ ਕੈਮਰਨ ਬੈਨਕ੍ਰਾਫਟ ਨਾਲ ਗੈਰ-ਕਾਨੂੰਨੀ ਤੌਰ 'ਤੇ ਗੇਂਦ ਦੀ ਸਤ੍ਹਾ ਨੂੰ ਬਦਲਣ ਦੀ ਸਾਜ਼ਿਸ਼ ਰਚੀ ਸੀ। ਉਨ੍ਹਾਂ ਨੂੰ ਇੱਕ ਸਾਲ ਲਈ ਮੁਅੱਤਲ ਕਰ ਦਿੱਤਾ ਗਿਆ ਸੀ ਅਤੇ ਲੀਡਰਸ਼ਿਪ ਦੀਆਂ ਭੂਮਿਕਾਵਾਂ ਤੋਂ ਉਮਰ ਭਰ ਲਈ ਪਾਬੰਦੀ ਲਗਾ ਦਿੱਤੀ ਗਈ ਸੀ।